ਨਵੀਂ ਦਿੱਲੀ – ਸਪਾ ਦੇ ਜਨਰਲ ਸਕੱਤਰ ਅਮਰ ਸਿੰਘ ਨੇ ਮੁਲਾਇਮ ਸਿੰਘ ਯਾਦਵ ਅਤੇ ਉਸਦੇ ਬੇਟੇ ਵਿਚਕਾਰ ਚਲ ਰਹੀ ਜੰਗ ਬਾਰੇ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਰਵਈਏ ਤੋਂ ਕਾਫੀ ਦੁੱਖੀ ਹਨ। ਅਮਰ ਸਿੰਘ ਨੇ ਹਿਾ ਕਿ ਅਖਿਲੇਸ਼ ਯਾਦਵ ਵਲੋਂ ਉਨ੍ਹਾਂ ਨੂੰ ਦਲਾਲ ਕਹੇ ਜਾਣ ਵਾਲੇ ਸ਼ਬਦਾਂ ਤੋਂ ਉਨ੍ਹਾਂ ਨੂੰ ਕਾਫੀ ਦੁੱਖ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਮੇਰੀ ਇੰਜ ਘੇਰਾਬੰਦੀ ਕੀਤੀ ਜਾ ਰਹੀ ਹੈ ਜਿਵੇਂ ਮੈਂ ਕਿਸੇ ਕਤਲ ਜਾਂ ਬਲਾਤਕਾਰ ਦਾ ਦੋਸ਼ੀ ਹੋਵਾਂ।
ਅਮਰ ਸਿੰਘ ਨੇ ਕਿਹਾ ਕਿ ਮੈਂ ਕਿਸੇ ਨੂੰ ਨਹੀਂ ਸੀ ਕਿਹਾ ਕਿ ਮੈਨੂੰ ਸਮਾਜਵਾਦੀ ਪਾਰਟੀ ਵਿਚ ਲਵੋ। ਜੇਕਰ ਮੇਰੇ ਪਾਰਟੀ ਛੱਡਣ ਨਾਲ ਇਹ ਕਲੇਸ਼ ਖ਼ਤਮ ਹੁੰਦਾ ਹੈ ਤਾਂ ਮੈਂ ਬਲੀ ਦੇਣ ਲਈ ਤਿਆਰ ਹਾਂ ਪਰ ਮੈਂ ਮੁਲਾਇਮ ਸਿੰਘ ਦਾ ਸਾਥ ਨਹੀਂ ਛੱਡਾਂਗਾ। ਜਦ ਤੱਕ ਮੈਨੂੰ ਪਾਰਟੀ ਨਹੀਂ ਕਹਿੰਦੀ ਮੈਂ ਪਾਰਟੀ ਨਹੀਂ ਛਡਾਂਗਾ। ਅਮਰ ਸਿੰਘ ਨੇ ਕਿਹਾ ਕਿ ਉਹ ਅਖਿਲੇਸ਼ ਦੇ ਨਾਲ ਹਨ, ਪਰੰਤੂ ਸਭ ਤੋਂ ਪਹਿਲਾਂ ਉਹ ਮੁਲਾਇਮ ਸਿੰਘ ਦਾ ਸਾਥ ਦੇਣਗੇ। ਅਖਿਲੇਸ਼ ਦੇ ਬਦਲੇ ਹੋਏ ਰਵਈਏ ਬਾਰੇ ਉਨ੍ਹਾਂ ਨੇ ਕਿਹਾ ਕਿ ਮੈਂ ਹਰ ਵੇਲੇ ਅਖਿਲੇਸ਼ ਦਾ ਸਾਥ ਦਿੱਤਾ ਹੈ। ਮੇਰੀਆਂ ਸਿਫਤਾਂ ਕਰਨ ਵਾਲੇ ਅਖਿਲੇਸ਼ ਮੇਰੇ ਆਲੋਚਕ ਕਿਵੇਂ ਬਣ ਗਏ, ਪਤਾ ਨਹੀਂ ਅਚਾਨਕ ਉਸਨੂੰ ਮੇਰੇ ਵਿਚ ਕੀ ਬੁਰਾਈ ਦਿਸਣ ਲੱਗ ਪਈ ਜਦਕਿ ਮੈਂ ਅਖਿਲੇਸ਼ ਦੇ ਵਿਆਹ ਸਮੇਂ ਉਸਦਾ ਪੂਰਾ ਸਾਥ ਦਿੱਤਾ।
ਇਸ ਵੇਲੇ ਸਮਾਜਵਾਦੀ ਪਾਰਟੀ ਵਿਚ ਪ੍ਰਵਾਰਕ ਝਗੜਾ ਆਪਣੀਆਂ ਸਿਖਰਾਂ ‘ਤੇ ਹੈ ਅਤੇ ਇਸ ਝਗੜੇ ਪਿਛੇ ਅਮਰ ਸਿੰਘ ਦਾ ਹੱਥ ਹੋਣ ਦੇ ਇਲਜ਼ਾਮ ਲਗ ਰਹੇ ਹਨ।