ਟਰਾਂਟੋ – ਅੱਜ ਜਿਉਂ ਹੀ ਇਹ ਖਬਰ ਸੋਸ਼ਲ ਮੀਡੀਆ ਤੇ ਦੇਸ਼ ਵਿਦੇਸ਼ ਵਿੱਚ ਪਹੁੰਚੀ ਤਾਂ ਖਾਲਸਾ ਪੰਥ ਵਿੱਚ ਇੱਕ ਦਮ ਖੁਸ਼ੀ ਦੀ ਲਹਿਰ ਦੌੜ ਪਈ। ਹਰ ਪਾਸਿਉਂ ਘੰਟੀਆਂ ਖੜਕਣੀਆਂ ਸ਼ੁਰੂ ਹੋ ਗਈਆਂ ਕਿ ਖਾਲਸਾ ਪੰਥ ਵਿੱਚ ਏਕਤਾ ਹੋ ਗਈ ਹੈ। ਨਿਰਸੰਦੇਹ, ਇਹ ਏਕਤਾ ਨਾਮੀ ਵਸਤੂ ਖਾਲਸਾ ਪੰਥ ਨੂੰ ਬੜੀ ਦੇਰ ਬਾਅਦ ਲੱਭੀ ਹੈ। ਭਾਵੇਂ ਕਿ ਇਸ ਮੁਹਿੰਮ ਵਿੱਚ ਸੈਂਕੜੇ ਸਿੰਘ ਸਿੰਘਣੀਆਂ ਦੀਆਂ ਅਰਦਾਸਾਂ ਅਤੇ ਗੁਰਸਿੱਖਾਂ ਦੀ ਘਾਲਣਾ ਸੀ ਪਰ ਮੁੱਖ ਤੌਰ ਤੇ ਇਹ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਸਖ਼ਤ ਮਿਹਨਤ ਸਦਕਾ ਸੰਭਵ ਹੋਈ ਹੈ। ਇਸ ਵਿੱਚ ਸਿੱਧੇ ਤੌਰ ਤੇ ਜਥੇਦਾਰ ਭਾਈ ਧਿਆਨ ਸਿੰਘ ਮੰਡ, ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵਧਾਈ ਦੇ ਪਾਤਰ ਹਨ ਜਿਨ੍ਹਾਂ ਪੰਜ ਸਿੰਘਾਂ ਚੋਂ ਇੱਕ ਭਾਈ ਮੇਜ਼ਰ ਸਿੰਘ ਦੇ ਘਰ ਪਹੁੰਚ ਕੇ ਇਸ ਮੀਟਿੰਗ ਨੂੰ ਅੰਜਾਮ ਦਿੱਤਾ। ਇਸ ਤੋਂ ਇਲਾਵਾ ਪੰਜ ਸਿੰਘ ਵੀ ਇਸ ਲਈ ਵਧਾਈ ਦੇ ਪਾਤਰ ਹਨ ਜਿੰਨ੍ਹਾਂ ਨੇ ਅਤਿਅਧਿਕ ਪ੍ਰੈਸ਼ਰ ਦੇ ਬਾਵਜੂਦ ਭਾਈ ਜਗਤਾਰ ਸਿੰਘ ਹਵਾਰਾ ਦੇ ਏਕਤਾ ਦੇ ਆਦੇਸ਼ਾਂ ਨੂੰ ਅੰਤਿਮ ਅੰਜ਼ਾਮ ਦਿੱਤਾ। ਇਹ ਵਿਚਾਰ ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਮੀਡੀਆ ਕਮੇਟੀ ਦੇ ਮੈਂਬਰ ਸੁਖਮਿੰਦਰ ਸਿੰਘ ਹੰਸਰਾ ਕੈਨੇਡਾ, ਸੋਹਣ ਸਿੰਘ ਕੰਗ ਜਰਮਨੀ, ਅਮਰੀਕ ਸਿੰਘ ਬੱਲੋਵਾਲ ਬਹਿਰੀਨ, ਜਸਪਾਲ ਸਿੰਘ ਬੈˆਸ ਯੂ ਕੇ, ਸਰਬਜੀਤ ਸਿੰਘ ਯੂ.ਕੇ., ਅਮਨਦੀਪ ਸਿੰਘ ਨਿਊਯਾਰਕ, ਰੇਸ਼ਮ ਸਿੰਘ ਕੈਲੇਫੋਰਨੀਆ, ਹਰਦੀਪ ਸਿੰਘ ਲੋਹਾਖੇੜਾ ਅਸਟਰੇਲੀਆ, ਜਗਰਾਜ ਸਿੰਘ ਮੱਦੋਕੇ ਅਤੇ ਦਲਵਿੰਦਰ ਸਿੰਘ ਘੁੰਮਣ ਨੇ ਦਿੱਤੇ।
ਅਮਰੀਕਾ ਤੋਂ ਪ੍ਰਧਾਨ ਸੁਰਜੀਤ ਸਿੰਘ ਕੁਲਾਰ, ਕਨਵੀਨਰ ਬੂਟਾ ਸਿੰਘ ਖੜੌਦ, ਜੋਗਾ ਸਿੰਘ ਨਿਊਜਰਸੀ ਅਤੇ ਭਾਈ ਸਰਬਜੀਤ ਸਿੰਘ ਨਿਊਯਾਰਕ ਨੇ ਇਸ ਏਕਤਾ ਦੀ ਖਬਰ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਅਮਰੀਕਾ ਦੇ ਸਮੂਹ ਖਾਲਸਾ ਪੰਥ ਨੂੰ ਲੱਕ ਬੰਨ ਕੇ ਸਰਬੱਤ ਖਾਲਸਾ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ।
ਇਸੇ ਤਰ੍ਹਾਂ ਕੈਨੇਡਾ ਤੋਂ ਰਣਜੀਤ ਸਿੰਘ ਖਾਲਸਾ, ਗੁਰਜੋਤ ਸਿੰਘ, ਪਰਮਿੰਦਰ ਸਿੰਘ ਪਾਂਗਲੀ, ਪਾਲ ਸਿੰਘ ਮੁਕੰਦਪੁਰ, ਭਾਈ ਕਰਨੈਲ ਸਿੰਘ ਫਤਹਿਗੜ ਸਾਹਿਬ, ਭਾਈ ਮਨਜੀਤ ਸਿੰਘ, ਮਨਵੀਰ ਸਿੰਘ ਮਾਂਟਰੀਅਲ, ਜਗਦੇਵ ਸਿੰਘ ਤੂਰ, ਅਵਤਾਰ ਸਿੰਘ ਰਾਏ, ਹਰਜੀਤ ਸਿੰਘ ਢੱਡਾ, ਸੁਖਦੇਵ ਸਿੰਘ ਗਿੱਲ, ਰਣਜੀਤ ਸਿੰਘ ਮਾਨ ਅਤੇ ਹੰਸਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਏਕਤਾ ਦੀ ਖਬਰ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਰਬੱਤ ਖਾਲਸਾ ਨੂੰ ਸਫਲ ਬਣਾਉਣ ਲਈ ਕਮਰਕਸੇ ਕੱਸ ਲਏ ਹਨ। ਅੱਜ ਦੀ ਆਵਾਜ਼ ਰੇਡੀਓ ਤੇ ਭਾਈ ਸੁਖਦੇਵ ਸਿੰਘ ਗਿੱਲ ਨੇ ਇੱਕ ਘੰਟਾ ਇਸ ਏਕਤਾ ਦੇ ਸਬੰਧ ਵਿੱਚ ਵਿਚਾਰਾਂ ਕੀਤੀਆਂ ਅਤੇ ਪੰਥ ਲਈ ਇਸ ਨੂੰ ਸ਼ੁਭ ਕਰਾਰ ਦਿੱਤਾ।
ਇੰਗਲੈਂਡ ਤੋਂ ਭਾਈ ਮਨਜੀਤ ਸਿੰਘ ਸਮਰਾ, ਜਗਤਾਰ ਸਿੰਘ ਵਿਰਕ, ਰਜਿੰਦਰ ਸਿੰਘ ਚਿੱਟੀ, ਜਗਵਿੰਦਰ ਸਿੰਘ, ਚੇਅਰਮੈਨ ਗੁਰਦਿਆਲ ਸਿੰਘ ਅਟਵਾਲ, ਅਵਤਾਰ ਸਿੰਘ ਖੰਡਾ ਅਤੇ ਸਤਿੰਦਰਪਾਲ ਸਿੰਘ ਮੰਗੂਵਾਲ ਤੋਂ ਇਲਾਵਾ ਅਤੇ ਯੌਰਪ ਦੇ ਵੱਖ ਵੱਖ ਦੇਸ਼ਾਂ ਵਿੱਚ ਹੋਈ ਏਕਤਾ ਨੂੰ ਲੈ ਕੇ ਪੰਥ ਵਿੱਚ ਖੁਸ਼ੀ ਦੀਆਂ ਲਹਿਰਾਂ ਦੌੜ ਗਈਆਂ ਹਨ। ਫਰਾਂਸ ਤੋਂ ਭਾਈ ਚੈਨ ਸਿੰਘ ਨੇ ਦੱਸਿਆ ਕਿ ਯੌਰਪ ਵਿੱਚ ਸਰਬੱਤ ਖਾਲਸਾ ਪ੍ਰਤੀ ਸੰਗਤ ਵਿੱਚ ਭਾਰੀ ਉਤਸ਼ਾਹ ਜਾਗ ਪਿਆ ਹੈ। ਜਰਮਨ ਤੋਂ ਭਾਈ ਰੇਸ਼ਮ ਸਿੰਘ ਬੱਬਰ ਨੇ ਏਕਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਸਨ ਅਤੇ ਏਕਤਾ ਦੀ ਪ੍ਰਾਪਤੀ ਤੇ ਉਨ੍ਹਾਂ ਸਰਬੱਤ ਖਾਲਸਾ ਦੀ ਕਾਮਯਾਬੀ ਲਈ ਜੰਗੀ ਪੱਧਰ ਤੇ ਮੁਹਿੰਮਾਂ ਵਿੱਢ ਦਿੱਤੀਆਂ ਹਨ।
ਇਸ ਮੌਕੇ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਨੇ ਅਪੀਲ ਕੀਤੀ ਕਿ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਾਧ ਸੰਗਤ, ਜੋ ਖਾਲਸਾ ਪੰਥ ਦਰਪੇਸ਼ ਮੁਸ਼ਕਲਾਂ ਤੋਂ ਵਾਕਿਫ ਹਨ, ਸਰਬੱਤ ਖਾਲਸਾ ਵਿੱਚ ਪੰਜ ਸਿੰਘ ਅਤੇ ਚਾਰ ਸਿੰਘ ਸਾਹਿਬਾਨਾਂ ਨੂੰ ਮੁਕੰਮਲ ਸਹਿਯੋਗ ਦੇ ਕੇ ਇਸ ਇਲਾਹੀ ਕਾਰਜ ਨੂੰ ਸਫਲ ਬਣਾਉਣ, ਅਤੇ ਮੌਜੂਦਾ ਜ਼ਾਲਮ ਹਕੂਮਤ ਦਾ ਪੱਤਣ ਕਰਨ ਲਈ ਖਾਲਸਾ ਪੰਥ ਦੀ ਮਜਬੂਤ ਧਿਰ ਬਣ ਕੇ ਮੋਦੀ ਅਤੇ ਬਾਦਲ ਲਾਣੇ ਲਈ ਲਲਕਾਰ ਬਣਨ।