ਨਵੀਂ ਦਿੱਲੀ : ‘‘ਜੇਕਰ 1984 ਸਿੱਖ ਕਤਲੇਆਮ ਦਾ ਇਨਸਾਫ਼ ਸਿੱਖਾਂ ਨੂੰ ਸਮੇਂ ਸਿਰ ਮਿਲਿਆ ਹੁੰਦਾ ਤਾਂ ਸ਼ਾਇਦ 1992 ਦੇ ਮੁੰਬਈ ਦੰਗੇ ਅਤੇ 2002 ਦਾ ਗੋਧਰਾ ਕਾਂਡ ਨਾ ਹੁੰਦਾ’’। ਇਸ ਗੱਲ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਿੱਖ ਕਤਲੇਆਮ ਦੀ 32ਵੀਂ ਬਰਸੀ ਨੂੰ ਮਨਾਉਣ ਦੇ ਕਮੇਟੀ ਵੱਲੋਂ ਆਯੋਜਿਤ ਕੀਤੇ ਗਏ ਸ਼ੁਰੂਆਤੀ ਸਮਾਗਮ ਦੌਰਾਨ ਕੀਤਾ। ਇਸਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ 1984 ਵਿਚ ਮਾਰੇ ਗਏ ਸਿੰਘਾਂ-ਸਿੰਘਣੀਆਂ ਦੀ ਯਾਦ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਦੀ ਵੀ ਆਰੰਭਤਾ ਕੀਤੀ ਗਈ।
ਜੀ.ਕੇ. ਨੇ ਆਪਣੀ ਗੱਲ ਨੂੰ ਸਾਫ਼ ਕਰਦੇ ਹੋਏ ਕਿਹਾ ਕਿ ਨਿਆਪਾਲਿਕਾ ਨੇ ਜੇਕਰ ਤੈਅ ਸਮੇਂ ਵਿਚ ਫਾਸਟ ਟ੍ਰੈਕ ਤਰੀਕੇ ਨਾਲ ਸਿੱਖ ਕਤਲੇਆਮ ਦੇ ਕੇਸਾਂ ਦੀ ਸੁਣਵਾਈ ਕੀਤੀ ਹੁੰਦੀ ਤਾਂ ਕਈ ਦੋਸ਼ੀਆਂ ਨੂੰ ਫਾਂਸੀ ਦੀ ਮਿਸਾਲੀ ਸਜਾਵਾਂ ਮਿਲਣੀਆਂ ਸਨ। ਪਰ ਕੇਂਦਰ ਦੀ ਸੱਤਾ ਵਿਚ ਬੀਤੇ 32 ਸਾਲਾਂ ਦੌਰਾਨ ਸਭ ਤੋਂ ਜਿਆਦਾ ਸਮੇਂ ਰਹੀਆਂ ਕਾਂਗਰਸ ਸਰਕਾਰਾਂ ਨੇ ਪੀੜਤਾਂ ਨੂੰ ਇਨਸਾਫ਼ ਦੇਣ ਦੀ ਬਜਾਏ ਕਾਤਿਲਾਂ ਦੀ ਪੁਸ਼ਤ-ਪਨਾਹੀ ਨੂੰ ਹੀ ਆਪਣਾ ਰਾਜ ਧਰਮ ਸਮਝਿਆ ਸੀ। ਜੀ.ਕੇ. ਨੇ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ ਵਿਚ ਜੇਕਰ 10 ਲੋਕਾਂ ਨੂੰ ਵੀ ਫਾਂਸੀ ਦੀ ਸਜਾ ਹੋ ਜਾਂਦੀ ਤਾਂ 1992 ਤੇ 2002 ਦੇ ਫਸਾਦ ਵਿਚ ਹਿੱਸਾ ਲੈਣ ਵਾਲੇ ਕਾਨੂੰਨ ਦੇ ਡੰਡੇ ਤੋਂ ਡਰ ਕੇ ਗੈਰ ਕਾਨੂੰਨੀ ਕੰਮ ਕਰਨ ਤੋਂ ਪਹਿਲਾ ਕਈ ਵਾਰ ਸੋਚਦੇ।
ਜੀ.ਕੇ. ਨੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਜਿਸ ਦੇਸ਼ ਦੀ ਅਜ਼ਾਦੀ ਲਈ ਸਿੱਖਾਂ ਨੇ 90 ਫੀਸਦੀ ਕੁਰਬਾਨੀਆਂ ਦਿੱਤੀਆਂ ਉਸ ਦੇਸ਼ ਦੀ ਚੁਣੀ ਹੋਈ ਸਰਕਾਰ ਨੇ ਹੀ ਸਿੱਖਾਂ ਦਾ ਕਤਲ ਕੀਤਾ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਸਿੱਖ ਕਤਲੇਆਮ ਦੀ ਬਚਾਵ ਵਿਚ ਕਹੀ ਗਈ ਗੱਲ ‘‘ਜਬ ਬੜਾ ਪੇੜ ਗਿਰਤਾ ਹੈ …’’ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਸਵਾਲ ਕੀਤਾ ਕਿ ਇੰਦਰਾ ਗਾਂਧੀ, ਮਹਾਤਮਾ ਗਾਂਧੀ ਤੋਂ ਵੀ ਵੱਡੀ ਆਗੂ ਸੀ ”;ਵਸ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖ ਕਤਲੇਆਮ ਵਾਂਗ ਕਾਰਾ ਕਿਉਂ ਨਹੀਂ ਹੋਇਆ ਹੈ ਇਹ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਹੈ। 2002 ਦੇ ਗੁਜਰਾਤ ਦੰਗਿਆ ’ਤੇ ਸੁਪ੍ਰੀਮ ਕੋਰਟ ਵੱਲੋਂ ਖੁਦ ਪਹਿਲ ਕਰਦੇ ਹੋਏ ਆਪਣੀ ਨਿਗਰਾਨੀ ਹੇਠ ਬਣਾਈ ਗਈ ਐਸ.ਆਈ.ਟੀ. ਦੀ ਗੱਲ ਕਰਦੇ ਹੋਏ ਜੀ.ਕੇ. ਨੇ 1984 ਕਤਲੇਆਮ ਬਾਰੇ ਸੁਪ੍ਰੀਮ ਕੋਰਟ ਵੱਲੋਂ ਧਾਰੀ ਚੁੱਪੀ ਤੇ ਵੀ ਆਪਣਾ ਦਰਦ ਬਿਆਨ ਕੀਤਾ।
ਸਿੱਖ ਕਤਲੇਆਮ ਦੌਰਾਨ 12000 ਮੌਤਾਂ ਦੇ ਬਾਵਜੂਦ ਕਿਸੇ ਵੀ ਪਾਰਟੀ ਵੱਲੋਂ ਸਿੱਖਾਂ ਦੇ ਜ਼ਖਮਾਂ ’ਤੇ ਮਲ੍ਹਮ ਨਾ ਲਗਾਉਣ ਦਾ ਉਨ੍ਹਾਂ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਾਤਿਲਾਂ ਦੇ ਖਿਲਾਫ਼ ਆਖਰੀ ਦਮ ਤਕ ਲੜਾਈ ਲੜਦਾ ਰਹੇਗਾ। ਜੀ.ਕੇ. ਨੇ ਕਮੇਟੀ ਵੱਲੋਂ ਕਤਲੇਆਮ ਦੀ ਬਣਾਈ ਜਾ ਰਹੀ ਯਾਦਗਾਰ ਦੇ ਖਾਕੇ ਦਾ ਵੇਰਵਾ ਸੰਗਤਾਂ ਦੇ ਸਾਹਮਣੇ ਰੱਖਦੇ ਹੋਏ ਯਾਦਗਾਰ ਨੂੰ ਹਿੰਦੂਸਤਾਨ ਦੀ ਲੋਕਤਾਂਤ੍ਰਿਕ ਪ੍ਰਕ੍ਰਿਆ ਤੇ ਕਾਲਾ ਧੱਬਾ ਵੀ ਕਰਾਰ ਦਿੱਤਾ। ਦੇਸ਼ ਦੇ ਹਰ ਇਨਸਾਫ਼ ਪਸੰਦ ਸ਼ਹਿਰੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਯਾਦਗਾਰ ’ਤੇ ਆਉਣ ਦੀ ਜੀ.ਕੇ. ਨੇ ਉਮੀਦ ਜਤਾਉਂਦੇ ਹੋਏ ਯਾਦਗਾਰ ਬਣਾਉਣ ਦੇ ਕਾਰਨਾਂ ਅਤੇ ਮਜਬੂਰੀਆਂ ਦਾ ਵੀ ਖੁਲਾਸਾ ਕੀਤਾ।