ਸ਼ੁਕਰ-ਏ-ਖੁਦਾ, ਸ਼ੁਕਰ-ਏ-ਖੁਦਾ
ਮੇਰੀ ਸਾਸੋਂ ਕਾ ਜੋ ਚਲੇ ਸਿਲਸਿਲਾ
ਮੇਰੇ ਖੁਦਾ ਯੇ ਤੁਮ ਸੇ ਹੀ ਚਲਾ
ਮੇਰੀ ਜਿੰਦਗੀ ਕੋ ਤੂਨੇ ਇਕ ਔਰ ਦਿਨ ਦਿਆ
ਕਿਆ ਕਿਆ ਕਰਮ ਖੁਦਾਇਆ ਤੁਮਨੇ ਮੁਝ ਪੇ ਕੀਆ
ਸ਼ੁਕਰ-ਏ-ਖੁਦਾ, ਸ਼ੁਕਰ-ਏ-ਖੁਦਾ
ਅੱਖਰ ਤਾਂ ਉਹੀ ਪੈਂਤੀ ਹੀ ਹੁੰਦੇ ਹਨ ਪਰ ਇਹ ਸ਼ਾਇਰ ਜਾਂ ਲੇਖਕ ‘ਤੇ ਨਿਰਭਰ ਕਰਦਾ ਹੈ ਕਿ ਉਹ ਅੱਖਰਾਂ ਦੀ ਚੋਣ ਕਰ ਸ਼ਬਦਾਂ ਨੂੰ ਕਿਸ ਵਿਧਾ ‘ਚ, ਕਿਸ ਰੂਪ ‘ਚ ਕਿਸ ਤਰੀਕੇ ਨਾਲ਼ ਗੁੰਨਦਾ ਹੈ । ਪੈਂਤੀ ਨੂੰ ਸ਼ਬਦਾਂ ‘ਚ ਗੁੰਨਣ ਤੋਂ ਬਾਅਦ ਜਦ ਸੰਗੀਤ ‘ਚ ਰਚਾ ਕੇ ਆਵਾਜ਼ ਦਾ ਜਾਦੂ ਬਖੇਰਿਆ ਜਾਂਦਾ ਹੈ ਤੇ ਜੇਕਰ ਉਹ ਰਚਨਾ ਸੁਣਨ ਵਾਲੇ ਦੇ ਕੰਨਾਂ ‘ਚ ਰਸ ਘੋਲ ਦੇਵੇ ਤਾਂ ਉਹ ਰਚਨਾ ਸ਼ਾਹਾਕਾਰ ਬਣ ਜਾਂਦੀ ਹੈ । ਅਜਿਹੇ ਹੀ ਦਿਲ ਨੂੰ ਛੂਹ ਜਾਣ ਵਾਲੇ ਸ਼ਬਦਾਂ, ਸੂਫ਼ੀ ਗਾਇਨ ਦੇ ਨਾਲ਼ ਆਧੁਨਿਕ ਸਾਜ਼ ਯੰਤਰਾਂ ਦਾ ਖੂਬਸੂਰਤ ਸੁਮੇਲ ਹੈ, “ਸ਼ੁਕਰ-ਏ-ਖ਼ੁਦਾ” । ਆਧੁਨਿਕ ਸੰਗੀਤ ਦੇ ਸ਼ੋਰ-ਸ਼ਰਾਬੇ ਤੋਂ ਕੋਹਾਂ ਦੂਰ, ਖ਼ਾਸ ਸ਼ਬਦਾਂ ਤੇ ਉਨ੍ਹਾਂ ਦੇ ਖ਼ਾਸ ਮਤਲਬ ਤੇ ਇਨਸਾਨੀ ਮਨ ਦੀ ਖ਼ਾਸ ਅਵਸਥਾ ਦੌਰਾਨ ਗਾਇਨ ਨੂੰ ਕੰਨਾਂ ਨਾਲ਼ ਨਹੀਂ, ਰੂਹ ਨਾਲ਼ ਸੁਣਨ ਲਈ ਇਸ ਐਲਬਮ ਦੀ ਸ਼ਾਇਰੀ ਆਸਟ੍ਰੇਲੀਆ ਵੱਸਦੇ ਪ੍ਰਵਾਸੀ ਸ਼ਾਇਰ ਸ਼ਮੀ ਜਲੰਧਰੀ ਵੱਲੋਂ ਰਚੀ ਗਈ ਹੈ ਤੇ ਧੁਰ ਅੰਦਰ ਤੱਕ ਛੂਹ ਜਾਣ ਵਾਲੀ ਆਵਾਜ਼ ਦਾ ਮਾਲਕ ਹੈ ਯਾਕੂਬ । ਇਸ ਐਲਬਮ ਦੇ ਪੰਜ ਗੀਤਾਂ ਦਾ ਸੰਗੀਤ ਵੀ ਯਾਕੂਬ ਵੱਲੋਂ ਹੀ ਰਚਿਆ ਗਿਆ ਹੈ ਤੇ ਇਕ ਗੀਤ ਦੇ ਸੰਗੀਤਕਾਰ ਦਲਜੀਤ ਸਿੰਘ ਹਨ ।
ਜਿਵੇਂ ਕਿ ਸੰਗੀਤ ‘ਤੇ ਰੂਹ ਦੇ ਖੂਬਸੂਰਤ ਸੁਮੇਲ ਬਾਰੇ ਬਹੁਤ ਕੁਝ ਲਿਖਿਆ, ਗਾਇਆ ਗਿਆ ਹੈ, ਉਸੇ ਕੜੀ ਦੇ ਤਹਿਤ “ਸ਼ੁਕਰ-ਏ-ਖ਼ੁਦਾ” ਦੇ ਸ਼ਾਇਰ ਨੇ ਆਪਣੀ ਸ਼ਾਇਰੀ ਰਾਹੀਂ ਇਨਸਾਨੀ ਮਨ ਨੂੰ ਪਰਮ-ਪਿਤਾ ਪ੍ਰਮਾਤਮਾ ਦੇ ਚਰਨਾਂ ਨਾਲ਼ ਜੋੜਨ ਦਾ ਯਤਨ ਕੀਤਾ ਹੈ ਤੇ ਮਨ ਨੂੰ ਸਿੱਧੇ ਤੌਰ ‘ਤੇ ਸੰਬੋਧਤ ਕੀਤਾ ਹੈ ਕਿ;
ਕਰਿਆ ਕਰ ਤੂੰ ਖੁਦਾ ਦੀ ਇਬਾਦਤ
ਹੁੰਦੀ ਬੜੀ ਏ ਦੁਆਵਾਂ ਵਿਚ ਤਾਕਤ
ਸ਼ਾਇਰ ਦਾ ਕਹਿਣਾ ਹੈ ਕਿ ਜੋ ਕੁਝ ਵੀ ਉਸਨੇ ਜਿੰਦਗੀ ‘ਚ ਪ੍ਰਾਪਤ ਕੀਤਾ ਜਾਂ ਇੰਝ ਕਹਿ ਲਵੋ ਕਿ ਪ੍ਰਮਾਤਮਾ ਨੇ ਉਸਨੂੰ ਸ਼ਬਦਾਂ ਨਾਲ਼ ਖੇਡਣ ਦੀ ਜੋ ਕਲਾ ਬਖਸਿ਼ਸ਼ ਕੀਤੀ ਹੈ, ਉਸਦਾ ਸ਼ੁਕਰਾਨਾ ਤਾਂ ਸਵਾਸ-ਸਵਾਸ ਹੈ ਪਰ ਇਸ ਕਲਾ ਦੇ ਮਾਧਿਅਮ ਰਾਹੀਂ ਹੀ ਉਹ ਦਾਤਾਰ ਦਾ ਸ਼ੁਕਰੀਆ ਕਰਨਾ ਲੋਚਦਾ ਸੀ, ਇਸ ਖਵਾਹਿਸ਼ ਦਾ ਨਤੀਜਾ ਹੈ ਉਸਦਾ ਇਹ ਡਰੀਮ ਪ੍ਰਾਜੈਕਟ – “ਸ਼ੁਕਰ-ਏ-ਖ਼ੁਦਾ” । ਇਸ ਕਿਸਮ ਦੀ ਸ਼ਾਇਰੀ ਦੀ ਆਮਦ ਦੇ ਪਿਛੋਕੜ ਸੰਬੰਧੀ ਸ਼ਾਇਰ ਨੇ ਦੱਸਿਆ ਕਿ ਇਹ ਪ੍ਰਾਜੈਕਟ ਉਸਦੀ ਰੂਹ ਦੀ ਮੰਗ ਸੀ, ਇਕ ਖਾਸ ਸ਼ਬਦ ਭੰਡਾਰ ਚਿਰਾਂ ਤੋਂ ਉਸਦੇ ਅੰਦਰ ਵਲਵਲੇ ਖਾਂਦਾ ਸੀ, ਜੋ ਕਿ ਇਸ ਐਲਬਮ ਦੀ ਸ਼ਾਇਰੀ ਰਾਹੀਂ ਬਾਹਰ ਨਿੱਕਲਿਆ । ਧਰਮ ਤੋਂ ਦੂਰ ਇਸ ਰੁਹਾਨੀ ਤੇ ਸੂਫੀ ਸ਼ਾਇਰੀ ‘ਤੇ ਗਾਇਕੀ ਵਾਲੀ ਐਲਬਮ ‘ਚ ਸ਼ਮੀ ਵੱਲੋਂ ਆਪਣੀ ਸ਼ਾਇਰੀ ‘ਚ ਨਵੇਂ ਤਜ਼ਰਬੇ ਕੀਤੇ ਗਏ ਹਨ, ਮਿਸਾਲ ਦੇ ਤੌਰ ‘ਤੇ ਇਸ ਸ਼ਾਇਰੀ ‘ਚ ਪੰਜਾਬੀ ਤੋਂ ਇਲਾਵਾ ਹਿੰਦੀ, ਉਰਦੂ, ਅਰਬੀ ਤੇ ਫਾਰਸੀ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ । ਲਹਿੰਦੇ ਪੰਜਾਬ ਦੀ ਪੰਜਾਬੀ ‘ਚ ਇਨ੍ਹਾਂ ਭਾਸ਼ਾਵਾਂ ਦੇ ਲਫ਼ਜ਼ਾਂ ਦੀ ਵਰਤੋਂ ਜਿਆਦਾ ਹੁੰਦੀ ਹੈ, ਤੇ ਚੜ੍ਹਦੇ ਪੰਜਾਬ ਦੀ ਪੰਜਾਬੀ ‘ਚ ਹਿੰਦੀ ਦਾ ਪੁੱਟ ਜਿਆਦਾ ਪਾਇਆ ਜਾਂਦਾ ਹੈ । ਫਾਰਸੀ ਦੁਨੀਆਂ ਦੀਆਂ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਚੋਂ ਇਕ ਹੈ । ਜਿਵੇਂ ਕਿ ਅਸੀਂ ਇਕ, ਦੋ, ਤਿੰਨ, ਚਾਰ, ਪੰਜ, ਛੇ ਆਦਿ ਕਹਿੰਦੇ ਹਾਂ । ਗਿਣਤੀ ਦੇ ਅੱਖਰਾਂ ਫਾਰਸੀ ‘ਚ ਯਕ, ਦੋ, ਸਹਿ, ਚਾਹਰ, ਪੰਜ, ਛੇਸ਼, ਹਫ਼ਤ, ਹਾਸ਼ਤ, ਨੋਹ, ਦਹ ਆਦਿ ਕਿਹਾ ਜਾਂਦਾ ਹੈ । “ਆਬ” ਸ਼ਬਦ ਵੀ ਫਾਰਸੀ ਦਾ ਹੈ । ਸੋ, “ਪੰਜਾਬੀ” ਸ਼ਬਦ ਆਪਣੇ ਆਪ ‘ਚ ਫਾਰਸੀ ਦਾ ਸ਼ਬਦ ਹੈ ਤੇ “ਪੰਜਾਬ” ਸ਼ਬਦ ਫਾਰਸੀ ਦੇ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ ਹੈ । ਉਰਦੂ ਆਪਣੇ ਆਪ ‘ਚ ਫਾਰਸੀ ਤੇ ਅਰਬੀ ਦਾ ਬਹੁਤ ਪ੍ਰਭਾਵ ਰੱਖਦੀ ਹੈ । ਇਸ ਐਲਬਮ ‘ਚ ਕੁਲ ਛੇ ਗੀਤ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ‘ਚ ਤਿੰਨ ਪੰਜਾਬੀ ਤੇ ਤਿੰਨ ਉਰਦੂ ਪਿਛੋਕੜ ਨਾਲ਼ ਸੰਬੰਧ ਰੱਖਦੇ ਹਨ । ਇਸ ਐਲਬਮ ਦੇ ਹੋਰ ਭਾਸ਼ਾਵਾਂ ਦੇ ਸੁਮੇਲ ਵਾਲੇ ਇਕ ਪੰਜਾਬੀ ਗੀਤ ਦਾ ਮੁੱਖੜਾ ਆਪਣੇ ਆਪ ‘ਚ ਕਿੰਨਾ ਸੰਪੂਰਣ ਹੈ!
ਮੈਂ ਫਜਰ ਦੇ ਵੇਲੇ ਉਠ ਕੇ ਵੇਖਾਂ ਤੇਰੀ ਰਹਿਮਤ ਨੂੰ
ਆਸਮਾਨਾਂ ਚੋਂ ਫੁੱਟਦੀ ਤੇਰੀ ਲੋਅ ਤੇ ਤੇਰੀ ਕੁਵਤ ਨੂੰ
ਇਨ੍ਹਾਂ ਲਾਈਨਾਂ ‘ਚ ਫਜਰ ਦਾ ਮਤਲਬ ਪਹੁ ਫੁਟਾਲੇ ਤੋਂ ਤੇ ਕੁਵਤ ਦਾ ਭਾਵ ਤਾਕਤ ਹੈ । ਸ਼ਮੀ ਨੇ ਦੱਸਿਆ ਕਿ ਹਰ ਗੀਤ ਦੀ ਰਿਕਾਰਡਿੰਗ ਤੋਂ ਪਹਿਲਾਂ ਗਾਇਕ ਯਾਕੂਬ ਨੂੰ ਗੀਤਾਂ ‘ਚ ਵਰਤੇ ਗਏ ਸ਼ਬਦਾਂ ਦੇ ਮਤਲਬ ਸਮਝਾਏ ਗਏ ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ । ਇਸ ਮਿਹਨਤ ਦਾ ਨਤੀਜਾ ਇਹ ਸਾਹਮਣੇ ਆਇਆ ਕਿ ਐਲਬਮ ਦਾ ਇਕ ਇਕ ਗੀਤ ਯਾਕੂਬ ਦੀਆਂ ਦਿਲ ਦੀਆਂ ਗਹਿਰਾਈਆਂ ‘ਚੋਂ ਨਿਕਲਿਆ । ਇਸ ਐਲਬਮ ਦੇ ਟਾਈਟਲ ਗੀਤ ਦੀ ਵੀਡੀਓ ਰਿਕਾਰਡਿੰਗ ਜਲਦੀ ਹੀ ਕੀਤੀ ਜਾ ਰਹੀ ਹੈ ਤੇ ਸਾਰੇ ਆਡੀਓ ਗੀਤ ਸਾਰੀਆਂ ਪ੍ਰਮੁੱਖ ਆਡੀਓ ਗੀਤਾਂ ਦੀਆਂ ਵੈੱਬਸਾਈਟਾਂ ਤੋਂ ਇਲਾਵਾ ਸ਼ਮੀ ਜਲੰਧਰੀ ਡੌਟ ਕੌਮ ਤੋਂ ਵੀ ਮੁਫ਼ਤ ਡਾਊਨਲੋਡ ਕੀਤੇ ਜਾ ਸਕਦੇ ਹਨ ।
ਆਉਣ ਵਾਲੇ ਸਮੇਂ ਕੁਝ ਮਹੀਨਿਆਂ ‘ਚ ਕਈ ਅਜਿਹੀਆਂ ਫਿਲਮਾਂ ਵੀ ਰਿਲੀਜ਼ ਹੋ ਰਹੀਆਂ ਹਨ, ਜਿਨ੍ਹਾਂ ‘ਚ ਨੂਰਾਂ ਸਿਸਟਰਜ਼, ਪਾਕਿਸਤਾਨੀ ਗਾਇਕ ਮੁਸੱਰਤ ਅੱਬਾਸ, ਤੇ ਹੋਰ ਗਾਇਕਾਂ ਨੇ ਸ਼ਮੀ ਜਲੰਧਰੀ ਦੁਆਰਾ ਲਿਖੇ ਗੀਤ ਗਾਏ ਹਨ । ਸ਼ਾਲਾ ! ਇਹ ਕਲਮ ਇੰਝ ਹੀ ਮਾਂ ਬੋਲੀ ਦੀ ਸੇਵਾ ਕਰਦੀ ਰਹੇ । ਆਮੀਨ!
****