ਉਹ ਮੈਨੂੰ ਗਾਉਂਦਾ ਹੱਸਦਾ ਆਪ
ਕੁਝ ਹਫਤੇ ਪਹਿਲਾਂ ਹੀ ਫੰਕਸ਼ਨ ਤੇ ਮਿਲਿਆ
ਮੈਂ ਆਪਣੇ ਹੱਥੀਂ ਓਹਦੀ ਕਲਮ
ਤੇ ਅਵਾਜ਼ ਨੂੰ ਸਨਮਾਨਿਆ -
ਅੱਜ ਓਹਦੇ ਲਈ ਧਰਤੀ ਰੋਈ਼
ਸੰਸਾਰ ਤੇ ਅੰਬਰ ਚੋਇਆ
ਕਿਸੇ ਨੇ ਮਾਂ ਤੋਂ ਪੁੱਤ ਖੋਹ ਲਿਆ
ਜੱਗ ਰੁਲਾ ਦਿਤਾ ਕਿਸੇ ਦਾ-
ਉਹ ਸੱਭ ਦਾ ਯਾਰ ਸੀ
ਕਿਸੇ ਲੋਕ ਗੀਤ ਵਰਗਾ
ਕਿਸੇ ਨਿਕਰਮਣੀ ਭੈਣ ਦਾ ਪਿਆਰ
ਗੁਆਚ ਗਿਆ ਕੱਲ-
ਪੰਜਾਬੀ ਕਮਿਊਨਟੀ ਦਾ ਸ਼ਿੰਗਾਰ
ਮਨੁੱਖਤਾ ਦਾ ਪਿਆਰ,
ਕਤਲ ਕਰ ਦਿੱਤਾ ਗਿਆ
ਜਲਣਸ਼ੀਲ ਲੀਕੁਡ ਪਾ
ਸਕਿੰਟਾਂ ਵਿੱਚ ਰਾਖ ਕਰ ਦਿਤਾ-
ਕਿਸੇ ਦਰਿੰਦੇ ਨੇ-
ਸ਼ਹਿਰ ਰੁੱਕ ਗਿਆ ਸੀ ਵਗਦਾ
ਹਵਾ ਰੋ ਪਈ ਸੀ-
ਧੂੰਏਂ ਚੋਂ ਨਿਕਲੀਆਂ ਚੀਕਾਂ ਸੁਣ ਕੇ
ਕਿਸੇ ਨੇ ਨੇੜੇ ਆ ਬਲਦੀਆਂ
ਰੀਝਾਂ ਨਾ ਬੁਝਾਈਆਂ ਕਿਸੇ ਮਾਂ ਦੀਆਂ
ਕਿਸੇ ਬਾਪ ਦੇ ਸੜਦੇ ਖ਼ਾਬਾਂ ਤੇ ਪਾਣੀ ਨਾ ਪਾਇਆ-
ਦੇਖਦਿਆਂ ਹੀ ਦੇਖਦਿਆਂ ਇੱਕ ਫੁੱਲ
ਜਲ ਕੇ ਸੁਆਹ ਹੋ ਗਿਆ-
ਇੱਕ ਅਵਾਜ਼ ਗਾਉਂਦੀ ਬੰਦ ਹੋ ਗਈ-
ਇੱਕ ਗੀਤ ਦੇ ਬੋਲ ਮਰ ਗਏ-
ਕਿੱਥੇ ਏਂ ਦਰਿੰਦਿਆ
ਇੱਕ ਵਾਰ ਦੱਸ ਤਾਂ ਸਈ
ਕਿ ਤੇਰਾ ਕੀ ਖੋਹ ਲਿਆ ਸੀ ਉਸਨੇ
ਕਿਹੜਾ ਖੰਜ਼ਰ ਡੁਬੋ ਦਿਤਾ ਸੀ ਤੇਰੀਆਂ ਸੱਧਰਾਂ ਚ
ਜ਼ਾਲਮਾਂ ਏਦਾਂ ਤਾਂ
ਜਲਾਦ ਵੀ ਨਹੀਂ ਕੋਹਦੇਂ-
ਏਦਾਂ ਤਾਂ ਹੈਵਾਨੀਅਤ ਵੀ ਨਹੀਂ ਲਹੂ ਚ ਹੱਥ ਧੋਂਦੀ-
ਜੇ ਸਾਡੀਆਂ ਸਰਕਾਰਾਂ ਕਿਤੇ ਚੰਗੀਆਂ ਹੋਣ
ਮਾਂਵਾਂ ਦੀਆਂ ਰੀਝਾਂ ਏਦਾਂ ਬਦੇਸ਼ਾਂ ‘ਚ ਆ ਕੇ ਨਾ ਗੁਆਚਣ
ਕਿਉਂ ਸ਼ੇਰਾਂ ਵਰਗੇ ਅਸੀਂ ਯਾਰ ਗੁਆਈਏ
ਫਿਰ ਕਿਉਂ ਸੁਪਨੇ ਸੁੱਕਣੇ ਪਾਈਏ