ਫ਼ਤਹਿਗੜ੍ਹ ਸਾਹਿਬ – “ਬੀਤੇ 01 ਨਵੰਬਰ 2016 ਨੂੰ ਭੋਪਾਲ (ਮੱਧ-ਪ੍ਰਦੇਸ਼) ਦੀ ਜੇਲ੍ਹ ਵਿਚੋਂ ਮੁਸਲਿਮ ਜਥੇਬੰਦੀ ਸਿਮੀ ਦੇ 8 ਕਾਰਕੁੰਨਾਂ ਨੂੰ ਜੇਲ੍ਹ ‘ਚੋ ਭੱਜਣ ਦੀ ਗੱਲ ਕਰਕੇ ਜੋ ਪੁਲਿਸ ਮੁਕਾਬਲੇ ਵਿਚ ਮਾਰੇ ਦਿਖਾਏ ਗਏ ਹਨ, ਅਸਲੀਅਤ ਵਿਚ ਉਹਨਾਂ ਨੂੰ ਜੇਲ੍ਹ ਵਿਚੋ ਭਜਾਉਣ ਦਾ ਤਾਂ ਇਕ ਅਖ਼ਬਾਰੀ ਡਰਾਮਾ ਰਚਿਆ ਗਿਆ ਹੈ । ਜਦੋਂਕਿ ਪੁਲਿਸ ਮੁਕਾਬਲੇ ਦੇ ਤੱਥ ਅਤੇ ਮੱਧ-ਪ੍ਰਦੇਸ਼ ਦੀ ਪੁਲਿਸ ਅਤੇ ਗ੍ਰਹਿ ਵਜ਼ੀਰ ਦੇ ਵੱਖੋ-ਵੱਖਰੇ ਬਿਆਨ ਇਸ ਸੱਚ ਨੂੰ ਜਨਤਾ ਸਾਹਮਣੇ ਖੁਦ ਹੀ ਪ੍ਰਤੱਖ ਕਰਦੇ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨਸਾਨੀਅਤ ਦੇ ਨਾਤੇ ਅਤੇ ਘੱਟ ਗਿਣਤੀ ਕੌਮਾਂ ਦੇ ਬਿਨ੍ਹਾਂ ਤੇ ਮੰਗ ਕਰਦਾ ਹੈ ਕਿ ਉਪਰੋਕਤ ਭੋਪਾਲ ਦੀ ਜੇਲ੍ਹ ਵਿਚੋ ਫਰਾਰ ਦਿਖਾਕੇ ਮਾਰੇ ਗਏ 8 ਸਿਮੀ ਕਾਰਕੁੰਨਾਂ ਦੀ ਮੌਤ ਦੀ ਜਾਂਚ ਕੌਮਾਂਤਰੀ ਪੱਧਰ ਦੀ ਏਜੰਸੀ ਤੋਂ ਉਸੇ ਤਰ੍ਹਾਂ ਹੋਵੇ, ਜਿਵੇ ਲਿਬਲਾਨ ਦੇ ਵਜ਼ੀਰ-ਏ-ਆਜ਼ਮ ਰਾਫ਼ੀਕ ਹਰੀਰੀ ਦੀ ਅਤੇ ਪਾਕਿਸਤਾਨ ਦੀ ਵਜ਼ੀਰ-ਏ-ਆਜ਼ਮ ਬੈਨਰਜੀ ਭੁੱਟੋ ਦੇ ਬੀਤੇ ਸਮੇਂ ਵਿਚ ਹੋਏ ਕਤਲਾਂ ਦੀ ਜਾਂਚ ਕੌਮਾਂਤਰੀ ਏਜੰਸੀ ਤੋ ਹੋਈ ਸੀ ਅਤੇ ਉਹਨਾਂ ਦੇ ਸਾਜ਼ਸੀ ਢੰਗ ਨਾਲ ਹੋਏ ਕਤਲਾਂ ਦਾ ਸੱਚ ਸਾਹਮਣੇ ਆਇਆ ਸੀ । ਕਿਉਂਕਿ ਹਿੰਦੂਤਵ ਹਕੂਮਤਾਂ ਪਹਿਲੇ ਵੀ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਉਤੇ ਨਿਰੰਤਰ ਜ਼ਬਰ-ਜੁਲਮ ਹੁੰਦਾ ਆ ਰਿਹਾ ਹੈ, ਜੋ ਅੱਜ ਵੀ ਜਾਰੀ ਹੈ । ਜਿਸ ਦੀ ਮਿਸਾਲ ਜੰਮੂ-ਕਸ਼ਮੀਰ ਵਿਚ ਫ਼ੌਜ ਤੇ ਪੁਲਿਸ ਵੱਲੋ 110 ਦੇ ਕਰੀਬ ਕਸ਼ਮੀਰੀ ਨੌਜ਼ਵਾਨਾਂ ਨੂੰ ਮੌਤ ਦੀ ਘਾਟ ਉਤਾਰਨਾ ਅਤੇ ਕੋਈ 8 ਹਜ਼ਾਰ ਦੇ ਕਰੀਬ ਕਸ਼ਮੀਰੀਆਂ ਨੂੰ ਪਲੇਟਗੰਨਾਂ ਰਾਹੀ ਡੂੰਘੇ ਤੌਰ ਤੇ ਜਖ਼ਮੀ ਕਰ ਦਿੱਤਾ ਸੀ ਜੋ ਅੱਜ ਵੀ ਆਪਣੇ ਘਰਾਂ ਅਤੇ ਹਸਪਤਾਲਾਂ ਵਿਚ ਜਖ਼ਮੀ ਹਨ ਅਤੇ ਤੜਫ਼ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭੋਪਾਲ ਦੀ ਜੇਲ੍ਹ ਵਿਚੋ ਫਰਾਰ ਦਿਖਾਏ ਗਏ ਸਿਮੀ ਦੇ 8 ਕਾਰਕੁੰਨਾਂ ਨੂੰ ਸਾਜ਼ਸੀ ਢੰਗ ਨਾਲ ਪੁਲਿਸ ਮੁਕਾਬਲੇ ਦਿਖਾਕੇ ਮਾਰਨ ਦੇ ਅਮਲਾਂ ਉਤੇ ਜਿਥੇ ਡੂੰਘੇ ਦੁੱਖ ਤੇ ਅਫ਼ਸੋਸ ਕੀਤਾ, ਉਥੇ ਇਹਨਾਂ ਹੋਏ ਕਤਲਾਂ ਦੀ ਜਾਂਚ ਕੌਮਾਂਤਰੀ ਪੱਧਰ ਦੀ ਏਜੰਸੀ ਤੋ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਫ਼ੌਜ ਅਤੇ ਪੁਲਿਸ ਨੂੰ ਇਹ ਟ੍ਰੇਨਿੰਗ ਹੁੰਦੀ ਹੈ ਕਿ ਜਦੋਂ ਵੀ ਕਿਸੇ ਸਮੇਂ ਫ਼ੌਜ ਤੇ ਪੁਲਿਸ ਵੱਲੋ ਆਪਣੇ ਨਾਗਰਿਕਾਂ ਉਤੇ ਗੋਲੀ ਚਲਾਉਣ ਦੀ ਗੱਲ ਆਉਦੀ ਹੈ ਤਾਂ ਉਹਨਾਂ ਨੂੰ ਇਹ ਹੁਕਮ ਹੁੰਦਾ ਹੈ ਕਿ ਗੋਲੀ ਕਮਰ ਤੋ ਥੱਲ੍ਹੇ ਵਾਲੇ ਹਿੱਸੇ ਤੇ ਚਲਾਈ ਜਾਵੇ । ਪਰ 01 ਨਵੰਬਰ 2016 ਨੂੰ ਭੋਪਾਲ ਦੇ ਨਜ਼ਦੀਕ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਸਿਮੀ ਕਾਰਕੁੰਨਾਂ, ਕਸ਼ਮੀਰ ਵਿਚ 8 ਹਜ਼ਾਰ ਦੇ ਕਰੀਬ ਕਸ਼ਮੀਰੀਆਂ ਨੂੰ ਬੁਰੀ ਤਰ੍ਹਾਂ ਜਖ਼ਮੀ ਕਰਨ ਦੀਆਂ ਰਿਪੋਰਟਾਂ ਸਾਬਤ ਕਰਦੀਆ ਹਨ ਕਿ ਉਹਨਾਂ ਦੇ ਸਿਰ ਅਤੇ ਪੇਟ ਵਿਚ ਗੋਲੀਆਂ ਦੇ ਨਿਸ਼ਾਨ ਸਾਹਮਣੇ ਆਏ ਹਨ । ਸ. ਮਾਨ ਨੇ ਕਿਹਾ ਕਿ ਅਸੀਂ ਮੁਸਲਮਾਨ ਤਾਂ ਨਹੀਂ ਹਾਂ, ਲੇਕਿਨ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ । ਜਿਨ੍ਹਾਂ ਸੰਬੰਧੀ ਗੁਰੂ ਨਾਨਕ ਸਾਹਿਬ ਨੇ ਬਹੁਤ ਪਹਿਲੇ ਇਹ ਕਹਿ ਕੇ “ਨਾ ਅਸੀਂ ਹਿੰਦੂ, ਨਾ ਮੁਸਲਮਾਨ” ਇਕ ਵੱਖਰੀ ਇਨਸਾਨੀਅਤ ਅਤੇ ਸਮਾਜ ਪੱਖੀ ਸਰਬੱਤ ਦਾ ਭਲਾ ਚਾਹੁੰਣ ਵਾਲੀ ਅਤੇ ਦੀਨ-ਦੁੱਖੀ ਤੇ ਲੋੜਵੰਦਾਂ ਦੀ ਮਦਦ ਕਰਨ ਵਾਲੀ ਕੌਮ ਵੱਜੋ ਨੀਂਹ ਰੱਖੀ ਸੀ । ਮੱਧ ਪ੍ਰਦੇਸ਼ ਵਿਚ ਜੋ ਉਪਰੋਕਤ ਸਿਮੀ ਕਾਰਕੁੰਨਾਂ ਦੇ ਮਾਰੇ ਜਾਣ ਦਾ ਦੁਖਾਂਤ ਵਾਪਰਿਆ ਹੈ, ਉਥੇ ਬੀਜੇਪੀ ਦੀ ਹਕੂਮਤ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਔਰਗੇਨਾਈਜੇਸ਼ਨ ਆਫ਼ ਇਸਲਾਮਿਕ ਕੰਟਰੀਜ਼ ਨੂੰ ਸਾਡੀ ਅਪੀਲ ਹੈ ਕਿ ਉਹ ਭਾਰਤ ਦੇ ਹੁਕਮਰਾਨਾਂ ਨਾਲ ਇਕ ਮੀਟਿੰਗ ਕਰਨ ਜਿਸ ਵਿਚ ਕੌਮਾਂਤਰੀ ਪੱਧਰ ਤੇ ਇਹ ਸਵਾਲ ਉਠਾਇਆ ਜਾਵੇ ਕਿ ਸਿਮੀ ਦੇ ਕਾਰਕੁੰਨਾਂ ਨੂੰ ਐਨੀ ਬੇਰਹਿੰਮੀ ਅਤੇ ਗੈਰ-ਇਨਸਾਨੀਅਤ ਢੰਗਾਂ ਨਾਲ ਕਿਉਂ ਮਾਰਿਆ ਗਿਆ ਹੈ ?
ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਇਸਲਾਮਿਕ ਮੁਲਕਾਂ ਵੱਲੋ ਇਹ ਮੰਗ ਕੀਤੀ ਜਾਂਦੀ ਹੈ ਕਿ ਜਿਵੇ ਲਿਬਲਾਨ ਦੇ ਬੀਤੇ ਸਮੇਂ ਦੇ ਵਜ਼ੀਰ-ਏ-ਆਜ਼ਮ ਅਤੇ ਪਾਕਿਸਤਾਨ ਦੀ ਵਜ਼ੀਰ-ਏ-ਆਜ਼ਮ ਕ੍ਰਮਵਾਰ ਸ੍ਰੀ ਰਾਫ਼ੀਕ ਹਰੀਰੀ ਅਤੇ ਬੈਨਰਜੀ ਭੁੱਟੋ ਦੇ ਹੋਏ ਕਤਲਾਂ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਕੌਮਾਂਤਰੀ ਪੱਧਰ ਦੀਆਂ ਏਜੰਸੀਆਂ ਨੂੰ ਜਿੰਮੇਵਾਰੀ ਸੌਪੀ ਗਈ ਸੀ ਅਤੇ ਜਿਨ੍ਹਾਂ ਏਜੰਸੀਆਂ ਨੇ ਇਹ ਸੱਚ ਸਾਹਮਣੇ ਲਿਆਂਦਾ, ਉਹਨਾਂ ਕੌਮਾਂਤਰੀ ਏਜੰਸੀਆਂ ਨੂੰ ਹੀ ਉਪਰੋਕਤ ਸਿਮੀ ਦੇ ਕਾਰਕੁੰਨਾਂ ਦੇ ਹੋਏ ਕਤਲਾਂ ਦੀ ਤਫ਼ਤੀਸ ਦੀ ਜਿੰਮੇਵਾਰੀ ਸੌਪੀ ਜਾਵੇ ਤਾਂ ਕਿ ਹਿੰਦੂਤਵ ਹੁਕਮਰਾਨਾਂ ਦੇ ਘੱਟ ਗਿਣਤੀ ਕੌਮਾਂ ਉਤੇ ਕੀਤੇ ਜਾ ਰਹੇ ਜ਼ਬਰ-ਜੁਲਮਾਂ ਦਾ ਸੱਚ ਦੁਨੀਆਂ ਸਾਹਮਣੇ ਆ ਸਕੇ ਅਤੇ ਭਾਰਤ ਦੇ ਇਨਸਾਨੀਅਤ ਵਿਰੋਧੀ ਚਿਹਰੇ ਨੂੰ ਨੰਗਾਂ ਕੀਤਾ ਜਾ ਸਕੇ । ਉਹਨਾਂ ਕਿਹਾ ਕਿ ਇਹ ਮੰਗ ਅਸੀਂ ਇਸ ਕਰਕੇ ਕਰਦੇ ਹਾਂ ਕਿਉਂਕਿ ਹਿੰਦੂਤਵ ਹਕੂਮਤ ਅਧੀਨ ਬਣਨ ਵਾਲੀਆਂ ਜਾਂਚ ਏਜੰਸੀਆਂ ਅਤੇ ਅਦਾਲਤਾਂ ਉਤੇ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਨੂੰ ਬਿਲਕੁਲ ਵੀ ਭਰੋਸਾ ਨਹੀਂ ਰਿਹਾ । ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਮੱਧ ਪ੍ਰਦੇਸ਼ ਦੀ ਪੁਲਿਸ ਦੇ ਡੀਜੀਪੀ ਅਤੇ ਉਥੋ ਦੇ ਗ੍ਰਹਿ ਵਜ਼ੀਰ ਨੂੰ ਤੁਰੰਤ ਮੁਅੱਤਲ ਕਰਕੇ ਉਹਨਾਂ ਉਤੇ ਆਈ.ਪੀ.ਸੀ 302 ਦੇ ਅਧੀਨ ਮੁਕੱਦਮੇ ਦਰਜ ਕਰਕੇ ਇਸ ਜਾਂਚ ਦੀ ਸੁਰੂਆਤ ਕੀਤੀ ਜਾਵੇ (Shiromani Akali Dal (Amritsar) demands an International investigation into barbaric killing of 8 young Muslims in Bhopal, Madhya Pardesh, on the same pattern as the International investigation in the cases of a Lebenon Prime Minister Mr. Rafik Hariri and Mrs. Benazir Bhutto of Pakistan).