ਪਟਿਆਲਾ : ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਐਲਡਰਜ਼ ਸੋਸਾਇਟੀ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਚ ਹੋਈ ਮੀਟਿੰਗ ਵਿਚ ਵਿਭਾਗ ਦੇ ਸੇਵਾ ਮੁਕਤ ਸੰਯੁਕਤ ਸੰਚਾਲਕ ਕੈਪਟਨ ਗੁਰਜੀਵਨ ਸਿੰਘ ਸਿੱਧੂ ਨੂੰ ਉਸ ਦੀਆਂ ਵੈਟਰਨ ਸੀਨੀਅਰ ਸਿਟੀਜਨਜ਼ ਦੀਆਂ ਖੇਡਾਂ ਵਿਚੋਂ ਪਿਛਲੇ 12 ਸਾਲਾਂ ਵਿਚ ਰਾਜ, ਨੈਸ਼ਨਲ ਅਤੇ ਅੰਤਰਾਰਾਸ਼ਟਰੀ ਟੂਰਨਾਮੈਂਟਾਂ ਵਿਚੋਂ 85 ਸੋਨੇ, ਕਾਂਸੀ ਅਤੇ ਤਾਂਬੇ ਦੇ ਮੈਡਲ ਜਿੱਤਣ ਕਰਕੇ ਵਿਭਾਗ ਦਾ ਨਾਮ ਰੌਸ਼ਨ ਕਰਨ ਲਈ ਸਨਮਾਨਤ ਕੀਤਾ ਗਿਆ। ਸ਼੍ਰੀ ਸਿੱਧੂ ਨੂੰ ਪਿਛਲੇ ਮਹੀਨੇ ਅਕਤੂਬਰ ਵਿਚ ਭਾਰਤ ਦੇ ਰਾਸ਼ਟਰਪਤੀ ਨੇ ਦਿੱਲੀ ਵਿਖੇ ਮਾਸਟਰਜ਼ ਅਥਲੈਟਿਕਸ ਟੂਰਨਾਮੈਂਟ ਵਿਚੋਂ ਸੋਨੇ ਦਾ ਤਮਗ਼ਾ ਜਿੱਤਣ ਕਰਕੇ ਨੈਸ਼ਨਲ ਅਵਾਰਡ ਫਾਰ ਸੀਨੀਅਰ ਸਿਟੀਜ਼ਨਜ਼ ਦੇ ਕੇ ਸਨਮਾਨਤ ਕੀਤਾ ਗਿਆ ਸੀ। ਸ਼੍ਰੀ ਸਿੱਧੂ ਨੇ ਆਪਣੇ ਲੜਕੇ ਵੱਲੋਂ ਉਸਨੂੰ ਸੀਨੀਅਰਜ਼ ਦੀਆਂ ਖੇਡਾਂ ਵਿਚ ਹਿੱਸਾ ਲੈਣ ਲਈ ਵੰਗਾਰਨ ਤੋਂ ਬਾਅਦ 2004 ਵਿਚ ਖੇਡਾਂ ਦੇ ਸਾਟਪੁਟ, ਹੈਮਰ ਥਰੋ, ਡਿਸਕਸ ਥਰੋ ਅਤੇ ਜੈਵਲੀਅਨ ਥਰੋ ਵਿਚ ਸਿਖਿਆ ਪ੍ਰਾਪਤ ਕਰਕੇ ਹਿੱਸਾ ਲੈਣਾ ਸ਼ੁਰੂ ਕੀਤਾ। ਜਿਸਦੇ ਸਿੱਟੇ ਵਜੋਂ ਉਸਨੇ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਰਾਜਾਂ ਦੀਆਂ ਖੇਡਾਂ ਵਿਚੋਂ ਸੋਨੇ, ਕਾਂਸੀ ਅਤੇ ਤਾਂਬੇ ਦੇ ਤਮਗੇ ਜਿੱਤਕੇ ਲੋਕ ਸੰਪਰਕ ਵਿਭਾਗ ਦਾ ਨਾਮ ਅੰਤਰਾਸ਼ਟਰੀ ਪੱਧਰ ਤੇ ਚਮਕਾਇਆ। ਐਲਡਰਜ ਸੋਸਾਇਟੀ ਦੇ ਮੈਂਬਰਾਂ ਨੇ ਸ਼੍ਰੀ ਸਿੱਧੂ ਨੂੰ ਸਨਮਾਨਤ ਕਰਕੇ ਖ਼ੁਸ਼ੀ ਪ੍ਰਾਪਤ ਕੀਤੀ ਅਤੇ ਬਾਕੀ ਮੈਂਬਰਾਂ ਨੂੰ ਵੀ ਚੰਗੀ ਸਿਹਤ ਬਣਾਈ ਰੱਖਣ ਲਈ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਇਸ ਮੌਕੇ ਤੇ ਮੈਂਬਰਾਂ ਨੇ ਸ਼੍ਰੀ ਸਿੱਧੂ ਨੂੰ ਇੱਕ ਸ਼ਾਲ ਭੇਂਟ ਕਰਕੇ ਸਨਮਾਨਤ ਕੀਤਾ। ਪਿੱਛੇ ਜਹੇ ਕੈਪਟਨ ਸਿੱਧੂ ਨੇ ਰਾਜ ਪੱਧਰ ਦੀਆਂ ਮੈਸੂਰ ਵਿਖੇ ਹੋਈਆਂ ਖੇਡਾਂ ਵਿਚ 80 ਸਾਲ ਤੋਂ ਵੱਧ ਉਮਰ ਦੀ ਕੈਟੇਗਰੀ ਵਿਚ 10.13 ਮੀਟਰ ਗੋਲਾ ਸੁਟਕੇ ਸੋਨੇ ਦਾ ਤਮਗਾ ਜਿੱਤਿਆ। ਡਿਸਕਸ ਥਰੋ ਵਿਚ 20.27 ਮੀਟਰ ਡਿਸਕਸ ਸੁਟਕੇ ਚਾਂਦੀ ਦਾ ਤਮਗਾ ਜਿੱਤਿਆ। 84 ਸਾਲਾ ਕੈਪਟਨ ਸਿੱਧੂ ਲੋਕ ਸੰਪਰਕ ਵਿਭਾਗ ਵਿਚੋਂ 1990 ਵਿਚ ਸੇਵਾ ਮੁਕਤ ਹੋਏ ਹਨ। ਇਸ ਸਮੇਂ ਉਹ ਲੋਕ ਸੰਪਰਕ ਵਿਭਾਗ ਦੀ ਐਲਡਰਜ਼ ਸੋਸਾਇਟੀ ਦੇ ਪ੍ਰਧਾਨ ਹਨ।