ਦਿੱਲੀ ਕਮੇਟੀ ਨੇ ਸੱਜਣ ਕੁਮਾਰ ਦੀ ਪਟੀਸ਼ਨ ਖਾਰਿਜ ਹੋਣ ਦਾ ਕੀਤਾ ਸਵਾਗਤ
ਨਵੀਂ ਦਿੱਲੀ : 1984 ਸਿੱਖ ਕਤਲੇਆਮ ਦੇ ਆਰੋਪੀ ਸੱਜਣ ਕੁਮਾਰ ਵੱਲੋਂ ਆਪਣੇ ਖਿਲਾਫ਼ ਚਲ ਰਹੇ ਇੱਕ ਮਾਮਲੇ ਵਿਚ ਸੁਣਵਾਈ ਕਰ ਰਹੇ ਸਿੱਖ ਜੱਜ ਪ੍ਰਕਾਸ਼ ਸਿੰਘ ਤੇਜੀ ਦੀ ਪੇਸ਼ੇ ਪ੍ਰਤੀ ਵਫਾਦਾਰੀ ’ਤੇ ਸਵਾਲ ਚੁੱਕਣ ਵਾਲੀ ਪਟੀਸ਼ਨ ਦੇ ਖਾਰਿਜ ਹੋਣ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ ਹੈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਹਾਈ ਕੋਰਟ ਦੀ ਜੱਜ ਗੀਤਾ ਮਿੱਤਲ ਅਤੇ ਪੀ.ਐਸ. ਤੇਜੀ ਵੱਲੋਂ ਮੈਰਾਥਨ ਸੁਣਵਾਈ ਤੋਂ ਬਾਅਦ ਸੱਜਣ ਕੁਮਾਰ ਦੀ ਪਟੀਸ਼ਨ ਨੂੰ ਖਾਰਿਜ ਕਰਨ ਨੂੰ ਸੱਚ ਦੀ ਜਿੱਤ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੇ ਧਰਮ ਦੇ ਆਧਾਰ ’ਤੇ ਦਿੱਲੀ ਹਾਈ ਕੋਰਟ ਦੇ ਜੱਜ ਦੀ ਪੇਸ਼ੇ ਪ੍ਰਤੀ ਵਫਾਦਾਰੀ ਉੱਪਰ ਸਵਾਲ ਚੁੱਕ ਕੇ ਮਾਨਸਿਕ ਦਿਵਾਲੀਏਪਨ ਦੀ ਨੁਮਾਇਸ਼ ਕੀਤੀ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕਾਤਿਲਾਂ ਦੇ ਬਚਾਵ ਵਿਚ ਕੀਤੀ ਜਾ ਰਹੀ ਵਿਊਂਤਬੰਦੀ ਨੂੰ ਜੀ.ਕੇ. ਨੇ ਗਾਂਧੀ ਪਰਿਵਾਰ ਦੀ ਬੌਖਲਾਹਟ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਾਰਾ ਸੰਸਾਰ ਜਾਣਦਾ ਹੈ ਕਿ ਸਿੱਖਾਂ ਦਾ ਕਤਲ ਗਾਂਧੀ ਪਰਿਵਾਰ ਨੇ ਆਪਣੇ ਕਰਿੰਦੀਆਂ ਰਾਹੀਂ ਕਰਵਾਇਆ ਸੀਂ। ਜਿਸ ਕਰਕੇ 32 ਸਾਲ ਬਾਅਦ ਵੀ ਗਾਂਧੀ ਪਰਿਵਾਰ ਕਾਤਿਲਾਂ ਨੂੰ ਜੇਲ ਜਾਣ ਤੋਂ ਬਚਾਉਣ ਵਾਸਤੇ ਅੱਡੀ ਚੋਟੀ ਦਾ ਜੋਰ ਲਗਾ ਰਿਹਾ ਹੈ।
ਸੱਜਣ ਕੁਮਾਰ ਵੱਲੋਂ ਇਸ ਮਸਲੇ ਤੇ ਪੇਸ਼ ਹੋਏ ਸਾਬਕਾ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਦੀਆਂ ਦਲੀਲਾਂ ਦੇ ਸਾਹਮਣੇ ਕਮੇਟੀ ਦੇ ਵਕੀਲ ਗੁਰਬਖਸ਼ ਸਿੰਘ ਅਤੇ ਲਖਮੀਚੰਦ ਦੇ ਭਾਰੀ ਪੈਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਸੱਜਣ ਕੁਮਾਰ ਤੇ ਕਾਂਗਰਸ ਪਾਰਟੀ ਵੱਲੋਂ ਸਿੱਖ ਜੱਜ ਦੀ ਪੇਸ਼ੇ ਪ੍ਰਤੀ ਵਫਾਦਾਰੀ ’ਤੇ ਸਵਾਲ ਚੁੱਕਣ ਨੂੰ ਜੀ.ਕੇ. ਨੇ ਨਿਆਪਾਲਿਕਾ ਦੇ ਫਿਰਕੂਪੁਣੇ ਨਾਲ ਜੋੜਨ ਦੀ ਕਾਂਗਰਸ ਪਾਰਟੀ ਦੀ ਨਾਪਾਕ ਕੋਸ਼ਿਸ਼ ਦੱਸਿਆ। ਜੀ.ਕੇ. ਨੇ ਕਿਹਾ ਕਿ ਸਿੱਖਾਂ ਨੂੰ ਬੇਸ਼ਕ 32 ਸਾਲ ਤੋਂ ਇਨਸਾਫ਼ ਨਹੀਂ ਮਿਲਿਆ ਪਰ ਫਿਰ ਵੀ ਅੱਜ ਤਕ ਕਿਸੇ ਸਿੱਖ ਨੇ ਨਿਆਪਾਲਿਕਾ ਦੀ ਵਫਾਦਾਰੀ ’ਤੇ ਸਵਾਲੀਆ ਨਿਸ਼ਾਨ ਨਹੀਂ ਲਗਾਇਆ।
ਫੈਸਲੇ ਦੀ ਸੁਣਵਾਈ ਦੌਰਾਨ ਅੱਜ ਹਾਈ ਕੋਰਟ ਦੀ ਡਿਵੀਜਨ ਬੈਂਚ ਵੱਲੋਂ ਸੱਜਣ ਕੁਮਾਰ ’ਤੇ ਮਾਮਲੇ ਨੂੰ ਲਮਕਾਉਣ ਅਤੇ ਅਦਾਲਤ ਦਾ ਸਮਾਂ ਖਰਾਬ ਕਰਨ ਦੀ ਕੀਤੀ ਗਈ ਟਿੱਪਣੀ ਨੂੰ ਜੀ.ਕੇ. ਨੇ ਗਾਂਧੀ ਪਰਿਵਾਰ ਦੇ ਮੂੰਹ ਤੇ ਚਪੇੜ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਆਪਣੀ ਕਿਤਾਬ ਰਾਹੀਂ 1947 ’ਚ ਭਾਰਤ ਦੀ ਵੰਡ ਦੌਰਾਨ ਸਿੱਖਾਂ ’ਤੇ ਮੁਸਲਮਾਨਾਂ ਦੇ ਕਤਲ ਦਾ ਝੂਠਾ ਆਰੋਪ ਲਗਾਉਣ ਵਾਲੇ ਸਲਮਾਨ ਖੁਰਸ਼ੀਦ ਨੂੰ ਸੱਜਣ ਕੁਮਾਰ ਦੇ ਬਚਾਵ ਵਿਚ ਖੜਾ ਕਰਕੇ ਗਾਂਧੀ ਪਰਿਵਾਰ ਨੇ ਇੱਕ ਸਿੱਖ ਵਿਰੋਧੀ ਵੱਲੋਂ ਦੂਜੇ ਸਿੱਖ ਵਿਰੋਧੀ ਨੂੰ ਮਦਦ ਦੇਣ ਦੀ ਨਾਪਾਕ ਕੋਸ਼ਿਸ਼ ਕੀਤੀ ਸੀ ਜਿਸਨੂੰ ਕਮੇਟੀ ਦੇ ਕਾਨੂੰਨੀ ਵਿਭਾਗ ਨੇ ਸਿਰੇ ਨਹੀਂ ਚੜਨ ਦਿੱਤਾ।