ਨਿਊਯਾਰਕ – ਅਮਰੀਕਾ ਦੇ ਖੁਫ਼ੀਆ ਵਿਭਾਗ ਦੇ ਅਧਿਕਾਰੀਆਂ ਨੇ ਟੈਕਸਸ,ਵਰਜੀਨੀਆ ਅਤੇ ਨਿਊਯਾਰਕ ਦੇ ਸਥਾਨਕ ਪ੍ਰਸ਼ਾਸਨ ਨੂੰ ਅਲਰਟ ਕਰਦੇ ਹੋਏ ਕਿਹਾ ਕਿ ਨੂੰ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅੱਤਵਾਦੀ ਸੰਗਠਨ ਅਲਕਾਇਦਾ ਵੱਡੇ ਹਮਲੇ ਕਰ ਸਕਦਾ ਹੈ। ਰੂਸ ਵੱਲੋਂ ਸਾਈਬਰ ਹਮਲੇ ਵੀ ਕੀਤੇ ਜਾ ਸਕਦੇ ਹਨ।
ਖੁਫ਼ੀਆ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਅਲਕਾਇਦਾ ਅਮਰੀਕਾ ਵਿੱਚ 8 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਇੱਕੋ ਸਮੇਂ ਕਈ ਸਥਾਨਾਂ ਤੇ ਹਮਲੇ ਦੀ ਤਾਕ ਵਿੱਚ ਹੈ। ਅਮਰੀਕੀ ਸੁਰੱਖਿਆ ਅਤੇ ਖੁਫ਼ੀਆ ਏਜੰਸੀਆਂ ਨੇ ਚੋਣਾਂ ਵਾਲੇ ਦਿਨ ਸਾਈਬਰ ਹਮਲੇ ਦਾ ਵੀ ਖਦਸ਼ਾ ਜਾਹਿਰ ਕੀਤਾ ਹੈ। ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਰੂਸ ਸਮੱਰਥਕ ਹੈਕਰਾਂ ਦੇ ਇਸ ਹਮਲੇ ਦਾ ਨਤੀਜਿਆਂ ਤੇ ਕੋਈ ਪ੍ਰਭਾਵ ਤਾਂ ਨਹੀਂ ਪਵੇਗਾ ਪਰ ਲੋਕਾਂ ਵਿੱਚ ਨਤੀਜਿਆਂ ਸਬੰਧੀ ਸ਼ੱਕ ਪੈਦਾ ਕਰਨ ਦੀ ਕੋਸਿ਼ਸ਼ ਕੀਤੀ ਜਾ ਸਕਦੀ ਹੈ।
ਅਮਰੀਕੀ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਦੇ ਰੂਸ ਦੇ ਯਤਨ ਚੋਣਾਂ ਤੋਂ ਬਾਅਦ ਵੀ ਜਾਰੀ ਰਹਿ ਸਕਦੇ ਹਨ। ਵਰਨਣਯੋਗ ਹੈ ਕਿ ਹਿਲਰੀ ਕਲਿੰਟਨ ਇਸ ਤੋਂ ਪਹਿਲਾਂ ਵੀ ਕਈ ਵਾਰ ਰੂਸ ਤੇ ਡੋਨਲਡ ਟਰੰਪ ਦੇ ਸਮੱਰਥਣ ਵਿੱਚ ਸਾਈਬਰ ਹਮਲੇ ਕਰਨ ਸਬੰਧੀ ਆਰੋਪ ਲਗਾ ਚੁੱਕੀ ਹੈ।