ਲੁਧਿਆਣਾ – ਵੈਨਕੂਵਰ ਦੀ ਯੁਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਇੰਜਨੀਅਰਿੰਗ ਦੀ ਪੜਾਈ ਕਰ ਰਹੇ ਲੁਧਿਆਣੇ ਦੇ ਵਿਵੇਕ ਪੰਧੇਰ ਦੀ ਪਿਛਲੇ ਸਾਲ ਜੁਲਾਈ ਮਹੀਨੇ ਦਿਮਾਗੀ ਸੋਜਿਸ਼ ਕਾਰਨ ਅਚਾਨਕ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਅਨੇਕਾਂ ਕਲਾ ਸਰਗਰਮੀਆਂ ਅਤੇ ਸਮਾਜੀ ਕਾਰਜਾਂ ਨਾਲ ਜੁੜਿ•ਆ ਵਿਵੇਕ ਪੰਧੇਰ ਆਪਣੇ ਅੰਗਦਾਨ ਕਰਨ ਦਾ ਫਾਰਮ ਭਰ ਚੁੱਕਿਆ ਸੀ।
ਉਸ ਦੀ ਇਸ ਇੱਛਾ ਨੂੰ ਅੰਜਾਮ ਦੇਣ ਲਈ ਲੋੜੀਂਦੀ ਸਹਿਮਤੀ ਦੇਣ ਲਈ ਉਸਦੇ ਮਾਪੇ ਇੰਜਨੀਅਰ ਜਸਵੰਤ ਸਿੰਘ ਜ਼ਫ਼ਰ ਅਤੇ ਪ੍ਰੋ. ਬਲਵੀਰ ਕੌਰ ਵਿਸ਼ੇਸ ਤੌਰ ਤੇ ਵੈਨਕੂਵਰ ਗਏ। ਇਸਦੇ ਨਤੀਜੇ ਵਜੋਂ ਉਸਨੂੰ ਮਿਰਤਕ ਘੋਸ਼ਿਤ ਕਰਨ ਤੋਂ ਪਹਿਲੇ ਉਸਦੇ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਵੱਖ-ਵੱਖ ਮਰੀਜਾਂ ਦੇ ਲਗਾਇਆ ਗਿਆ। ਨਕਾਰਾ ਹੋਏ ਦਿਲ ਦੇ ਇਕ ਮਰੀਜ਼ ਉਸਦਾ ਜਵਾਨ ਦਿਲ ਲਗਾਇਆ ਗਿਆ। ਖਰਾਬ ਹੋ ਚੁੱਕੇ ਫੇਫੜਿਆਂ ਵਾਲੇ ਇਕ ਮਰੀਜ਼ ਨੂੰ ਉਸਦੇ ਦੋਨੋਂ ਫੇਫੜੇ ਲਗਾਏ ਗਏ। ਇਕ ਮਰੀਜ਼ ਨੂੰ ਉਸਦੇ ਜਿਗਰ ਦਾ ਦਾਨ ਮਿਲਿਆ। ਇਕ ਨੂੰ ਉਸਦਾ ਪੈਨਕਰੀਆ ਅਤੇ ਇਕ ਗੁਰਦਾ ਲਗਾਇਆ ਗਿਆ। ਦੂਸਰਾ ਗੁਰਦਾ ਇਕ ਹੋਰ ਮਰੀਜ਼ ਨੂੰ ਦਿੱਤਾ ਗਿਆ। ਇਸ ਤਰਹਾਂ ਵੱਖ-ਵੱਖ ਨਸਲਾਂ, ਮਜ਼ਹਬਾਂ ਅਤੇ ਕੌਮੀਅਤਾਂ ਵਾਲੇ ਪੰਜ ਮਰੀਜ਼ਾਂ ਨੂੰ ਉਸਦੇ ਸੱਤ ਅੰਗਾਂ ਨਾਲ ਨਵਾਂ ਜੀਵਨ ਦਾਨ ਮਿਲਿਆ। ਉਸਦੇ ਇਸ ਮਹਾਂਦਾਨ ਦੀ ਦੇਸ਼ ਵਿਦੇਸ਼ ਵਿੱਚ ਬਹੁਤ ਚਰਚਾ ਹੋਈ ਅਤੇ ਅੰਗਦਾਨ ਮੁਹਿੰਮ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ। ਇਸ ਸਾਲ ਜੂਨ ਮਹੀਨੇ ਉਸਦੀ ਯਾਦ ਨੂੰ ਸਮਰਪਿਤ ਸਰੀ ਵਿਖੇ ਸਮਾਗਮਾਂ ਦੌਰਾਨ ਡੇਢ ਸੌ ਤੋਂ ਉਪਰ ਨਵੇਂ ਅੰਗਦਾਨੀਆਂ ਨੇ ਆਪਣੇ ਫਾਰਮ ਭਰੇ।
ਬੀ ਸੀ ਟ੍ਰਾਂਸਪਲਾਂਟੇਸ਼ਨ ਸੰਸਥਾ ਵਲੋਂ ਅੱਜ (6 ਨਵੰਬਰ 2016) ਨੂੰ ਵੈਨਕੂਵਰ ਵਿਖੇ ਵਿਵੇਕ ਪੰਧੇਰ ਦੇ ਪਰਿਵਾਰ ਨੂੰ ਵਿਸ਼ੇਸ਼ ਇਕ ਵਿਸ਼ੇਸ ਸਮਾਗਮ ਦੌਰਾਨ ਸਨਮਾਨਤ ਕੀਤਾ ਗਿਆ। ਸੰਸਥਾ ਦੀ ਮੁਖੀ ਕਾਰਲਾ ਹੇੲਜ਼ ਵਲੋਂ ਦਿੱਤਾ ਗਿਆ ਮੈਡਲ ਵੈਨਕੂਵਰ ਰਹਿੰਦੇ ਉਸਦੇ ਚਾਚਾ ਸ ਮਨਜੀਤ ਸਿੰਘ ਪੰਧੇਰ ਨੇ ਪ੍ਰਾਪਤ ਕੀਤਾ। ਇਸ ਸਮਾਗਮ ਵਿਚ ਵਿਵੇਕ ਦੇ ਦਾਦਾ ਜਥੇਦਾਰ ਗੁਰਪਾਲ ਸਿੰਘ ਅਤੇ ਦਾਦੀ ਸਰਦਾਰਨੀ ਪ੍ਰਕਾਸ਼ ਕੌਰ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੀਆਂ ੳੁੱਘੀਆਂ ਸ਼ਖ਼ਸੀਅਤਾਂ ਹਾਜ਼ਰ ਹੋਈਆਂ ਜਿਹਨਾਂ ਵਿਚ ਪ੍ਰਾਈਮ ਏਸ਼ੀਆ ਟੈਲੀਵਿਯਨ ਦੇ ਡਾ ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ ਹਰਿੰਦਰ ਕੌਰ ਸੋਹੀ, ਉਘੇ ਪੰਜਾਬੀ ਬਿਜ਼ਨੈਸਮੈਨ ਸ ਬਲਦੇਵ ਸਿੰਘ ਬਾਠ ਤੇ ਸ ਸੁਰਜੀਤ ਸਿੰਘ ਬਾਠ, ਫਿਲਮ ਕਲਾਕਾਰ ਰਾਣਾ ਰਣਬੀਰ ਸ਼ਾਮਲ ਸਨ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਸਾਲ ਵਿਚ ਬ੍ਰਿਟਿਸ਼ ਕੋਲੰਬੀਆ ਵਿਚ 19 ਅੰਗਦਾਨੀਆ ਦੇ ਅੰਗਾਂ ਨਾਲ 105 ਜਾਨਾਂ ਬਚਾਈਆਂ ਜਾ ਸਕੀਆਂ ਹਨ। ਉਹਨਾਂ ਕਿਹਾ ਕਿ ਵਿਵੇਕ ਦੀ ਘਟਨਾਂ ਤੋਂ ਪਹਿਲਾਂ ਭਾਰਤੀ, ਪੰਜਾਬੀ ਜਾਂ ਸਿੱਖ ਭਾਈਚਾਰੇ ਵਿਚ ਅੰਗਦਾਨ ਦੀ ਰੁਚੀ ਨਾ ਦੇ ਬਰਾਬਰ ਸੀ ਪਰ ਹੁਣ ਬਹੁਤ ਸਾਰੇ ਪੰਜਾਬੀ ਆਪਣੇ ਅੰਗਦਾਨ ਦੇ ਫਾਰਮ ਭਰਨ ਲੱਗੇ ਹਨ। ਇਸ ਮੌਕੇ ਸ ਬਲਦੇਵ ਸਿੰਘ ਬਾਠ ਨੇ ਕਿਹਾ ਕਿ ਵਿਵੇਕ ਨੇ ਇਸ ਮਹਾਂਦਾਨ ਨਾਲ ਨਾ ਸਿਰਫ ਸਾਡੇ ਭਾਈਚਾਰੇ ਦਾ ਸਿਰ ਉਚਾ ਕੀਤਾ ਹੈ ਸਗੋਂ ਪੰਜਾਬੀ ਭਾਈਚਾਰੇ ਅੰਦਰ ਅੰਗਦਾਨ ਕਰਨ ਦੀ ਨਵੀਂ ਜਾਗ੍ਰਿਤੀ ਦਾ ਸੰਚਾਰ ਕੀਤਾ ਹੈ। ਰਾਣਾ ਰਣਬੀਰ ਨੇ ਕਿਹਾ ਕਿ ਵਿਵੇਕ ਜਿਥੇ ਨਿੱਕੇ ਹੁੰਦਿਆਂ ਤੋਂ ਕਿਸੇ ਨਾ ਕਿਸੇ ਮੁਹਿੰਮ ਨਾਲ ਜੁੜ ਕੇ ਖੁਸ਼ ਹੁੰਦਾ ਸੀ ਉਥੇ ਉਸਨੇ ਆਪਣੇ ਜਾਣ ਨਾਲ ਵੀ ਪੰਜਾਬ ਅੰਦਰ ਵੀ ਬਹੁਤ ਵੱਡੀ ਅੰਗ ਦਾਨ ਲਹਿਰ ਨੂੰ ਜਨਮ ਦਿੱਤਾ ਹੈ। ਅਨੇਕਾਂ ਸੰਸਥਾਵਾਂ ਵਲੋਂ ਵੱਖ-ਵੱਖ ਸਮਾਗਮਾਂ ਮੌਕੇ ਅੰਗਦਾਨ ਕੈਂਪ ਅਯੋਜਿਤ ਕੀਤੇ ਜਾਣ ਲੱਗੇ ਹਨ।
ਉਧਰ ਯੂਬਾਸਿਟੀ ਤੋਂ ਸ ਰਜਿੰਦਰ ਸਿੰਘ ਟਾਂਡਾ ਨੇ ਦੱਸਿਆ ਕਿ ਯੂਬਾਸਿਟੀ ਵਿਚ 6 ਨਵੰਬਰ ਦੇ ਨਗਰ ਕੀਰਤਨ ਦੌਰਾਨ ਵਿਵੇਕ ਪੰਧੇਰ ਯਾਦਗਾਰੀ ਅੰਗਦਾਨ ਮੁਹਿੰਮ ਤਹਿਤ 45 ਨਵੇਂ ਅੰਗਦਾਨੀਆਂ ਨੇ ਆਪਣੇ ਫਾਰਮ ਭਰੇ ਹਨ।