ਨਵੀਂ ਦਿੱਲੀ : ਵਾਤਾਵਰਣ ਦੀ ਰੱਖਿਆ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਹਰਿਰਾਏ ਸਾਹਿਬ ਵਾਤਾਵਰਣ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੀ ਖ਼ਰਾਬ ਹੋਈ ਆਬੋਹਵਾ ਦੀ ਸਫਾਈ ਲਈ ਕਮੇਟੀ ਵੱਲੋਂ ਵੱਡੇ ਪੱਧਰ ’ਤੇ ਕਾਰਜ ਸ਼ੁਰੂ ਕਰਨ ਦਾ ਅੱਜ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ। 14 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਆਤਿਸ਼ਬਾਜੀ ’ਤੇ ਰੋਕ ਲਗਾਉਣ ਦਾ ਐਲਾਨ ਕਰਦੇ ਹੋਏ ਜੀ.ਕੇ. ਨੇ 12 ਨਵੰਬਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਦੌਰਾਨ ਸਕੂਲੀ ਬੱਚੀਆਂ ਦੇ ਹੱਥ ਵਿੱਚ ਵਾਤਾਵਰਣ ਦੀ ਰੱਖਿਆ ਦੇ ਸੁਨੇਹਾ ਦਿੰਦੇ ਪਲੇ-ਕਾਰਡ ਫੜਾ ਕੇ ਜਾਗਰੂਕਤਾ ਅਭਿਆਨ ਚਲਾਉਣ ਦੀ ਘੋਸ਼ਣਾ ਕੀਤੀ।
ਸਿੱਖਾਂ ਦੇ 7ਵੇਂ ਗੁਰੂ ਸ਼੍ਰੀ ਹਰਿਰਾਏ ਸਾਹਿਬ ਜੀ ਵੱਲੋਂ ਵਾਤਾਵਰਣ ਦੀ ਰੱਖਿਆ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਸਮਰਪਿਤ ਉਕਤ ਮੁਹਿੰਮ ਨੂੰ ਚਲਾਉਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਦਿੱਲੀ ਦੀ ਦੂਸ਼ਿਤ ਹਵਾ ਤੋਂ ਲੋਕਾਂ ਨੂੰ ਬਚਾਉਣ ਲਈ 50 ਹਜਾਰ ਮਾਸਕ ਕਮੇਟੀ ਵੱਲੋਂ ਮੁਫਤ ਵੰਡਣ ਦਾ ਵੀ ਐਲਾਨ ਕੀਤਾ। ਇਹ ਮਾਸਕ ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੋਂ ਸੰਗਤ ਪ੍ਰਾਪਤ ਕਰ ਸਕਦੀ ਹੈ। ਜੀ.ਕੇ. ਨੇ ਦੱਸਿਆ ਕਿ ਕਮੇਟੀ ਦੇ ਵਿੱਦਿਅਕ ਅਦਾਰਿਆਂ ਵਿੱਚ ਪੜ੍ਹਦੇ 50 ਹਜਾਰ ਤੋਂ ਵੱਧ ਵਿਦਿਆਰਥੀ ਇਸ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਕੇ ਲੋਕਾਂ ਨੂੰ ਵਾਤਾਵਰਣ ਦੇ ਬਚਾਵ ਲਈ ਗੁਰਬਾਣੀ ਆਧਾਰਿਤ ਸੰਦੇਸ਼ਾ ਰਾਹੀਂ ਪ੍ਰੇਰਿਤ ਕਰਨਗੇ। ਇਸ ਮੌਕੇ ’ਤੇ ਕਮੇਟੀ ਆਗੂਆਂ ਨੇ ਇਸ ਪੂਰੇ ਅਭਿਆਨ ਨੂੰ ਲੈ ਕੇ ਕਮੇਟੀ ਵੱਲੋਂ ਬਣਾਏ ਗਏ ਪੋਸਟਰਾਂ ਨੂੰ ਵੀ ਜਾਰੀ ਕੀਤਾ। ਪੋਸਟਰ ਦੀ ਟੈਗ ਲਾਈਨ ‘‘ਸਾਡਾ ਵਾਤਾਵਰਣ – ਸਾਡਾ ਅਧਿਕਾਰ’’ ਹੈ।
ਜੀ.ਕੇ. ਨੇ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’’ ਦੇ ਦਰਜ ਸਿੰੱਧਾਤ ’ਤੇ ਪੂਰੇ ਅਭਿਆਨ ਨੂੰ ਚਲਾਉਂਦੇ ਹੋਏ ਹਵਾ, ਪਾਣੀ ਅਤੇ ਧਰਤੀ ਦੀ ਸ਼ੁੱਧਤਾ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਗੱਲ ਕਹੀ । ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਸਿੱਖ ਸਿੱਧਾਂਤ ਜਿਆਦਾ ਮਹੱਤਵਪੂਰਣ ਹੈ ਇਸ ਲਈ ਸਿੱਖਾਂ ਨੂੰ ਲੋਕ ਦਿਖਾਵੇ ਲਈ ਆਤਿਸ਼ਬਾਜੀ ਚਲਾਉਣ ਦੀ ਬਜਾਏ ਮਾਹੌਲ ਨੂੰ ਸੰਭਾਲ ਕੇ ਗੁਰੂ ਹਰਿਰਾਏ ਸਾਹਿਬ ਦੇ ਸਿੱਧਾਂਤ ’ਤੇ ਚੱਲਣਾ ਚਾਹੀਦਾ ਹੈ । ਜੀ.ਕੇ. ਨੇ ਵਾਤਾਵਰਣ ਕਰਕੇ ਰੋਗੀ ਹੋਏ ਮਰੀਜਾਂ ਨੂੰ ਹਸਪਤਾਲ ਤਕ ਲੈ ਜਾਣ ਵਾਸਤੇ ਮੁਫ਼ਤ ਐਮਬੂਲੈਂਸ ਸੇਵਾ ਭਗਤ ਸਿੰਘ ਸੇਵਾਦਲ ਦੇ ਸਹਿਯੋਗ ਨਾਲ ਦੇਣ ਦਾ ਹਵਾਲਾ ਦਿੰਦੇ ਹੋਏ ਸੰਗਤਾਂ ਨੂੰ ਇਸ ਸੰਬੰਧੀ ਸਥਾਨਿਕ ਕਮੇਟੀ ਮੈਂਬਰ ਨਾਲ ਸੰਪਰਕ ਕਰਨ ਦੀ ਵੀ ਬੇਨਤੀ ਕੀਤੀ। ਗੁਰੁਦਵਾਰਿਆਂ ਵਿੱਚ ਲੱਗੇ ਡੀਜਲ-ਜੇਨਰੇਟਰਾਂ ਦੀ ਥਾਂ ਸੋਲਰ ਐਨਰਜੀ ਦੇ ਇਸਤੇਮਾਲ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਮੇਟੀ ਵੱਲੋਂ ਕੋਸ਼ਿਸ਼ਾਂ ਕੀਤੇ ਜਾਣ ਦਾ ਇਸ਼ਾਰਾ ਕਰਦੇ ਹੋਏ ਜੀ.ਕੇ. ਨੇ ਸੰਗਤਾਂ ਨੂੰ ਨਗਰ ਕੀਰਤਨ ਦੇ ਦੌਰਾਨ ਲੰਗਰ ਸਟਾਲਾਂ ’ਚ ਛੋਟੇ ਜੇਨਰੇਟਰ ਤੇ ਸਾਉਂਡ ਸਿਸਟਮ ਲਗਾਉਣ ਦੀ ਅਪੀਲ ਕੀਤੀ ।
ਸਿਰਸਾ ਨੇ ਦਿੱਲੀ ਦੀ ਖਰਾਬ ਆਬੋਹਵਾਂ ਲਈ ਦਿੱਲੀ ਸਰਕਾਰ ਨੂੰ ਜਿੰਮੇਵਾਰ ਦੱਸਦੇ ਹੋਏ ਅਰਵਿੰਦ ਕੇਜਰੀਵਾਲ ਵੱਲੋਂ ਖਰਾਬ ਹਾਲਾਤਾਂ ਲਈ ਦੂਜੇ ਸੂਬਿਆਂ ਨੂੰ ਜਿੰਮੇਵਾਰ ਦੱਸਣ ਨੂੰ ਕੇਜਰੀਵਾਲ ਦੀ ਗਲਤ ਨੀਅਤ ਵੱਜੋਂ ਪਰਿਭਾਸ਼ਿਤ ਕੀਤਾ। ਸਿਰਸਾ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਸ਼ੁਕਰ ਹੈ ਕਿ ਕੇਜਰੀਵਾਲ ਨੇ ਦੂਸ਼ਿਤ ਹਵਾ ਲਈ ਪ੍ਰਧਾਨ ਮੰਤਰੀ ਮੋਦੀ ਤੇ ਚੀਨ ਤੋਂ ਅਟੈਚੀ ’ਚ ਭਰਕੇ ਦੂਸ਼ਿਤ ਹਵਾ ਲਿਆਉਣ ਦਾ ਦੋਸ਼ ਨਹੀਂ ਲਗਾਇਆ। ਸਿਰਸਾ ਨੇ ਕਿਹਾ ਕਿ ਕੇਜਰੀਵਾਲ ਨੂੰ ਦੂਜਿਆ ਨੂੰ ਦੋਸ਼ੀ ਠਹਿਰਾਉਣ ਦੀ ਥਾਂ ਦਿੱਲੀ ਸਰਕਾਰ ਦੀ ਇਸ ਮਸਲੇ ’ਤੇ ਰਹੀ ਢਿੱਲੀ ਕਾਰਗੁਜਾਰੀ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰਪੁਰਬਾਂ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਉਣ ਦਾ ਫਾਇਦਾ ਉਦੋਂ ਹੈ, ਜਦੋਂ ਅਸੀ ਠੀਕ ਤਰੀਕੇ ਨਾਲ ਸੁਆਸ ਲੈ ਪਾਈਏ। ਸਿਰਸਾ ਨੇ ਗੁਰਪੁਰਬਾਂ ਦੇ ਮੌਕੇ ’ਤੇ ਸੁੰਦਰ ਲਾਈਟਾਂ ਲਗਾਉਣ ਤੇ ਗਰੀਬਾਂ ਅਤੇ ਜਰੂਰਤਮੰਦਾਂ ਦੀ ਮਦਦ ਕਰਨ ਦੇ ਗੁਰੂ ਗਰੰਥ ਸਾਹਿਬ ਵਿੱਚ ਦਿੱਤੇ ਗਏ ਸਿੱਧਾਂਤ ਉੱਤੇ ਪਹਿਰਾ ਦਿੰਦੇ ਹੋਏ ਪਟਾਖਿਆਂ ਤੋਂ ਦੂਰ ਰਹਿਣ ਦੀ ਵੀ ਸੰਗਤਾਂ ਨੂੰ ਅਪੀਲ ਕੀਤੀ।
ਦਿੱਲੀ ਕਮੇਟੀ ਵੱਲੋਂ ਇਸ ਮਸਲੇ ’ਤੇ ਦਿੱਲੀ ਸਰਕਾਰ ਦਾ ਪੂਰਾ ਸਹਿਯੋਗ ਕਰਨ ਦਾ ਵੀ ਸਿਰਸਾ ਨੇ ਭਰੋਸਾ ਦਿੱਤਾ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਪਰਮਜੀਤ ਸਿੰਘ ਚੰਢੋਕ, ਕੈਪਟਨ ਇੰਦਰਪ੍ਰੀਤ ਸਿੰਘ, ਹਰਦੇਵ ਸਿੰਘ ਧਨੋਆ, ਹਰਜਿੰਦਰ ਸਿੰਘ, ਜੀਤ ਸਿੰਘ, ਗੁਰਮੀਤ ਸਿੰਘ ਮੀਤਾ ਅਤੇ ਅਕਾਲੀ ਆਗੂ ਜਸਵਿੰਦਰ ਸਿੰਘ ਜੌਲੀ, ਜਸਪ੍ਰੀਤ ਸਿੰਘ ਵਿੱਕੀਮਾਨ ਤੇ ਭੁਪਿੰਦਰ ਸਿੰਘ ਭੁਲੱਰ ਮੌਜੂਦ ਸਨ।