ਜੈਤੋ – ਜ਼ਹਿਰ ਮੁਕਤ ਕੁਦਰਤੀ ਖੇਤੀ ਬਹੁਤ ਵਧੀਆ ਗੱਲ ਹੈ ਅਤੇ ਇਹ ਹਰ ਕਿਸਾਨ ਨੂੰ ਕਰਨੀ ਵੀ ਚਾਹੀਦੀ ਹੈ ਪਰ ਇਸ ਖੇਤਰ ’ਚ ਲੱਗੀਆਂ ਕੁਝ ਜਥੇਬੰਦੀਆਂ (ਐਨ ਜੀ ਓ) ਅਜੇ ਤੱਕ ਕਿਸਾਨਾਂ ਨੂੰ ਪ੍ਰੇਰਨ ’ਚ ਕਾਮਯਾਬ ਨਹੀਂ ਹੋ ਸਕੀਆਂ। ਹੈਰਾਨੀ ਜਨਕ ਗੱਲ ਇਹ ਹੈ ਕਿ ਇਹਨਾਂ ’ਚ ਕੋਈ ਖੁਦ ਖੇਤੀ ਕਰਨ ਵਾਲਾ ਜਾਂ ਕਿਸਾਨੀ ਕਿੱਤੇ ਨਾਲ ਸਬੰਧਤ ਨਹੀਂ। 14-15 ਸਾਲਾਂ ਦਾ ਸਮਾਂ ਕਾਫੀ ਲੰਮਾ ਅਰਸਾ ਹੁੰਦਾ ਹੈ, ਪੰਜਾਬ ’ਚ ਖੇਤੀ ਨਾਲ ਸਬੰਧਤ ਕਈ ਸਮਾਜ ਸੇਵੀ ਸੰਸਥਾਵਾਂ ਨੇ ਤਹੱਈਆ ਕੀਤਾ ਸੀ ਕਿ ਉਹ ਸਮੁੱਚੇ ਪੰਜਾਬ ਦੀ ਖੇਤੀ ਨੂੰ ਕੁਝ ਕੁ ਸਾਲਾਂ ’ਚ ਹੀ ਜ਼ਹਿਰ ਮੁਕਤ ਕਰ ਦੇਣਗੀਆਂ। ਕਾਫੀ ਰੌਸ਼ਨ ਦਿਮਾਗ ਕਿਸਾਨ ਇਹਨਾਂ ਸੰਸਥਾਵਾਂ ਨਾਲ ਜੁੜੇ ਵੀ ਪਰ ਅਖੀਰ ਆਪਣੇ ਘਰ ਤੱਕ ਸੀਮਤ, ਨਿਰਾਸ਼ ਹੋ ਕੇ ਬੈਠ ਗਏ। ਇਹਨਾਂ ਸੰਸਥਾਵਾਂ ਨੇ ਮੈਨਸੈਂਟੋ ਵਰਗੀਆਂ ਬਹੁਕੌਮੀ ਕੰਪਨੀਆਂ ਨੂੰ ਦੇਸ਼ ’ਚੋਂ ਬਾਹਰ ਕੱਢਣ ਦਾ ਦਾਅਵਾ ਕਰਕੇ ਟਾਟਾ ਅਤੇ ਰਿਲਾਇੰਸ ਵਰਗੇ ਭਾਰਤੀ ਅਮੀਰ ਘਰਾਣਿਆਂ ਦੇ ਟਰੱਸਟਾਂ ਤੋਂ ਲੱਖਾਂ ਰੁਪੈ ਦੀਆਂ ਗਰਾਟਾਂ ਵੀ ਲਈਆਂ ਪਰ ਅਖੀਰ ਏ ਸੀ ਕਮਰਿਆਂ ’ਚ ਬਹਿ ਕੇ ਸਿਰਫ ਫਰਜ਼ੀ ਅੰਕੜੇ ਪੇਸ਼ ਕਰਕੇ ਹੀ ਡੰਗ ਸਾਰ ਲਿਆ। ਪੰਜਾਬ ਦਾ ਇਕ ਵੀ ਪਿੰਡ ਜ਼ਹਿਰ ਮੁਕਤ ਨਹੀਂ ਹੋ ਸਕਿਆ। ਇਸ ਇਲਾਕੇ ਦੀ ਇਕ ਸੰਸਥਾ ਨੇ 2007 ’ਚ ਟਾਟਾ ਗਰੁੱਪ ਤੋਂ ਤਕਰੀਬਨ 22 ਲੱਖ ਰੁਪੈ ਦੀ ਗਰਾਂਟ ਨਾਲ ਲੱਗਪੱਗ 5 ਪਿੰਡ ਜ਼ਹਿਰ ਮੁਕਤ ਕਰਨ ਦਾ ਫੈਸਲਾ ਕੀਤਾ। ਹਰ ਪਿੰਡ ’ਚ 15 ਕਿਸਾਨ ਚੁਣੇ ਗਏ। ਹਰ ਸਾਲ ਇਹਨਾਂ ਕਿਸਾਨਾਂ ਦੀ ਗਿਣਤੀ ਦੁਗਣੀ ਕਰਕੇ 5ਸਾਲਾਂ ’ਚ ਇਹ ਪਿੰਡ ਜ਼ਹਿਰ ਮੁਕਤ ਕਰਨ ਦਾ ਬੀੜਾ ਚੁੱਕਿਆ ਗਿਆ। ਫਿਰ ਅਗਲੇ ਸਾਲ 10 ਪਿੰਡ ਅਤੇ ਹੌਲੀ ਹੌਲੀ ਸਾਰਾ ਪੰਜਾਬ ਜ਼ਹਿਰ ਮੁਕਤ ਕਰਨ ਦੇ ਸੁਪਨੇ ਦਿਖਾਏ ਗਏ। ਇਸ ਲਈ 4-4 ਹਜਾਰ ਰੁਪੈ ਤਨਖਾਹ ’ਤੇ ਕਿਸਾਨਾਂ ਨੂੰ ਗਾਈਡ ਕਰਨ ਵਾਲੇ ਵਰਕਰ ਵੀ ਰੱਖੇ ਗਏ। ਇਹ ਵਰਕਰ ਵੀ ਕੁਝ ਕੁ ਸਾਲਾਂ ’ਚ ਆਪਣਾ ਕੰਮ ਛੱਡ ਕੇ ਚਲੇ ਗਏ, ਇਹਨਾਂ ਪੰਜ ਪਿੰਡਾਂ ਦੇ 15 -15ਕਿਸਾਨਾਂ ’ਚੋਂ ਸਿਰਫ 2 ਜਾਂ 3 ਕਿਸਾਨ ਆਪਣੇ ਘਰ ਜੋਗਾ ਅਨਾਜ ਸਬਜ਼ੀ ਪੈਦਾ ਕਰਨ ਲਈ ਹੀ ਰਹਿ ਗਏ।
ਪਿੰਡ ਚੈਨਾ ਜੋ ਕੁਦਰਤੀ ਖੇਤੀ ਲਈ ਮੋਹਰੀ ਪਿੰਡ ਗਿਣਿਆ ਜਾਂਦਾ ਸੀ ਵਿਚ ਸਿਰਫ ਅਮਰਜੀਤ ਸ਼ਰਮਾ ਹੀ ਪੂਰੇ ਦ੍ਰਿੜ ਇਰਾਦੇ ਨਾਲ ਜੁਟਿਆ ਹੋਇਆ ਹੈ, ਹਾਲਾਂਕਿ ਉਸਦੇ ਨੌਜਵਾਨ ਬੇਟੇ ਦੀ ਰਹੱਸਮਈ ਹਾਲਤ ’ਚ ਮੌਤ ਹੋ ਗਈ ਸੀ ਪਰ ਪੁਰਾਣਾ ਕਾਮਰੇਡ ਹੋਣ ਕਾਰਨ ਉਹ ਅਜੇ ਮੈਦਾਨ ’ਚ ਡਟਿਆ ਹੋਇਆ ਹੈ ,ਭਾਵੇਂ ਕਿ ਆਰਥਿਕ ਪੱਖੋਂ ਅਜੇ ਤਕ ਇਹਨਾਂ 10 ਸਾਲਾਂ ’ਚ ਉਹਨੂੰ ਘਾਟਾ ਹੀ ਪਿਆ ਹੈ। ਇਸੇ ਪਿੰਡ ਦਾ ਇਕ ਕੁਦਰਤੀ ਖੇਤੀ ਦਾ ਮੋਢੀ ਕਿਸਾਨ ਚਰਨਜੀਤ ਸਿੰਘ ਪੁੰਨੀ ਲੇਬਰ ਨਾ ਮਿਲਣ ਦੀ ਗੱਲ ਕਹਿ ਕੇ ਕੁਦਰਤੀ ਖੇਤੀ ਨੂੰ ਬੇਦਾਵਾ ਦੇ ਗਿਆ ਹੈ। ਬਰਨਾਲਾ ਜਿਲ੍ਹੇ ਦੇ ਫਰਵਾਹੀ ਪਿੰਡ ਦਾ ਕਿਸਾਨ ਰਵਿਦੀਪ ਸਿੰਘ ਰਵੀ ਪਹਿਲਾਂ 12 ਏਕੜ ’ਚ ਕੁਦਰਤੀ ਖੇਤੀ ਕਰਦਾ ਸੀ ਪਰ ਭਰਾ ਵਲੋਂ 6 ਏਕੜ ਅੱਡ ਕਰ ਲੈਣ ਨਾਲ ਹੁਣ ਉਹ 6 ਏਕੜ ’ਚ ਜ਼ਹਿਰ ਮੁਕਤ ਖੇਤੀ ਕਰ ਰਿਹਾ ਹੈ। ਅਮਰਜੀਤ ਸ਼ਰਮੇ ਵਾਂਗ ਸਿਰੜ ਦਾ ਪੱਕਾ ਹੋਣ ਕਾਰਨ ਰਵਿਦੀਪ ਸਿੰਘ ਆਰਥਿਕ ਘਾਟੇ ਦੀ ਪਰਵਾਹ ਨਾ ਕਰਦਿਆਂ ਲੱਗਾ ਹੋਇਆ ਹੈ ਪਰ ਉਹ ਵੀ ਲੰਮੀ ਰੇਸ ਦਾ ਘੋੜਾ ਨਹੀਂ ਜਾਪਦਾ। ਕੋਠੇ ਬੰਬੀਹਾ (ਦਬੜ੍ਹੀਖਾਨਾ )ਦੇ 17 –18 ਕਿਸਾਨਾਂ ’ਚੋਂ ਹੁਣ ਸਰਪੰਚ ਦਰਸ਼ਨ ਸਿੰਘ ਬਲ੍ਹਾੜੀਆ ਹੀ ਦੋ ਏਕੜ ’ਚ ਆਪਣੇ ਖਾਣ ਜੋਗੀ ਕਣਕ ਸਬਜ਼ੀ ਪੈਦਾ ਕਰਦਾ ਹੈ ਪਰ ਬਾਕੀ 18 ਏਕੜ ਰਸਾਇਣਕ ਖੇਤੀ ਅਧੀਨ ਹੈ।
ਲੋਕ ਸਵਾਲ ਕਰਦੇ ਹਨ ਕਿ ਆਖਰ 15-16 ਸਾਲਾਂ ’ਚ ਕੁਦਰਤੀ ਖੇਤੀ ਨਾਲ ਸਬੰਧਤ ਇਹਨਾਂ ਸਮਾਜ ਸੇਵੀ ਸੰਸਥਾਵਾਂ ਦਾ ਯੋਗਦਾਨ ਕੀ ਹੈ? ਸਿਰਫ ਆਪਣੇ ਲਈ ਏ ਸੀ ਕਮਰੇ ਮੁਹੱਈਆ ਕਰਵਾ ਲੈਣੇ,ਇੰਟਰਨੈਟ ਦੇ ਫਰਜ਼ੀ ਅੰਕੜਿਆਂ ਨਾਲ ਰਿਲਾਇੰਸ ਵਰਗੇ ਅਮੀਰ ਘਰਾਣਿਆਂ ਤੋਂ ਗਰਾਟਾਂ ਦਾ ਪਰਬੰਧ ਕਰ ਲੈਣਾ। ਗਊ ਪਿਸ਼ਾਬ ਅਤੇ ਹਿੰਦੂ ਮਿਥਿਹਾਸ ਦਾ ਪ੍ਰਚਾਰ ਕਰਕੇ ਐਰ ਐਸ ਐਸ ਵਰਗੀ ਹਿੰਦੂਤਵੀ ਫਾਸ਼ੀ ਜਥੇਬੰਦੀ ( ਆਰ ਐਸ ਐਸ) ਦੇ ਅਸ਼ੀਰਵਾਦ ਨਾਲ ਕੁਝ ਚੰਗੇ ਅਹੁਦੇ ਹਾਸਲ ਕਰ ਲੈਣੇ ਹੀ ਇਹਨਾਂ ਦੀ ਪ੍ਰਾਪਤੀ ਹੈ। ਲੋਕ ਪੁਛਦੇ ਹਨ ਕਿ ਕੀ ਇਹ ਵੀ ਬਾਬਾ ਰਾਮਦੇਵ ਦੇ ਰਾਹ ’ਤੇ ਚੱਲ ਕੇ ਅਮੀਰਾਂ ’ਚ ਆਪਣਾ ਨਾਮ ਤਾਂ ਦਰਜ ਨਹੀਂ ਕਰਵਾਉਣਾ ਚਾਹੁੰਦੇ? ਪਰਾਲੀ ਨੂੰ ਅੱਗ ਨਾ ਲਾਉਣ ਦੇ ਨਾਹਰਿਆਂ ਨਾਲ ਕੰਧਾਂ ਤਾਂ ਜਰੂਰ ਕਾਲੀਆਂ ਕਰ ਦਿਤੀਆਂ ਹਨ ਪਰ ਇਹ ਕਿਸੇ ਇਕ ਕਿਸਾਨ ਨੂੰ ਵੀ ਅੱਗ ਨਾ ਲਾਉਣ ਲਈ ਨਹੀਂ ਪ੍ਰੇਰ ਸਕੇ। ਭਗਤ ਪੂਰਨ ਸਿੰਘ ਪਿੰਗਲਵਾੜਾ ਫਾਰਮ ਅਤੇ ਗੁਰਮੇਲ ਸਿੰਘ ਢਿੱਲੋਂ ਜੈਤੋ ਵਰਗੇ ਜੇ ਕੁਝ ਕੁ ਲੋਕ ਡਟੇ ਹੋਏ ਹਨ ਤਾਂ ਆਪਣੇ ਬਲਬੂਤੇ ’ਤੇ ਹੀ ਹਨ , ਇਹਨਾਂ ਨੂੰ ਪ੍ਰੇਰਨ ’ਚ ਇਹਨਾਂ ਰਿਲਾਇੰਸ ਸਹਾਇਤਾ ਪ੍ਰਾਪਤ ਜਥੇਬੰਦੀਆਂ ਦਾ ਕੋਈ ਰੋਲ ਨਹੀਂ। ਇਹਨਾਂ ਦਾ ਇਕੋ ਇਕ ਨਿਸ਼ਾਨਾ ਭਾਰਤ ਦੇ ਅਮੀਰ ਘਰਾਣਿਆਂ ਤੋਂ ਗਰਾਂਟ ਜਾਰੀ ਕਰਵਾ ਕੇ ਫਰਜ਼ੀ ਅੰਕੜਿਆਂ ਨਾਲ ਆਪਣਾ ਤੋਰੀ ਫੁਲਕਾ ਤੋਰਨਾ ਹੀ ਜਾਪਦਾ ਹੈ। ਲਗਦਾ ਹੈ ਕਿ ਜਲਦੀ ਹੀ ਇਹਨਾਂ ਦੇ ਮਹਿਲ ਨੁਮਾ ਦਫਤਰ ਵੀ ਜਰੂਰ ਉਸਰ ਜਾਣਗੇ , ਹਿੰਦੂਤਵ ਦਾ ਪਰਚਾਰ ਕਰਕੇ ਮੋਦੀ ਅਤੇ ਹੋਰ ਭਾਜਪਾ ਸਰਕਾਰਾਂ ਤੋਂ ਚੰਗੇ ਅਹੁਦੇ ਵੀ ਸ਼ਾਇਦ ਲੈ ਜਾਣਗੇ ਪਰ ਕਿਸਾਨ ਵਿਚਾਰੇ ਤਾਂ ਉਹ ਹੀ ਜ਼ਹਿਰੀ ਅਨਾਜ ਸਬਜ਼ੀਆਂ ਖਾਣ ਲਈ ਮਜ਼ਬੂਰ ਹੋਣਗੇ। ਬਾਜਾਖਾਨਾ ਦੇ ਵਾਸਦੇਵ ਸ਼ਰਮਾ ਵਰਗੇ ,ਆਪਣੇ ਲਈ ਜ਼ਹਿਰ ਮੁਕਤ ਖੇਤੀ ਕਰਨ ਦੇ ਚਾਹਵਾਨ ਸੂਝਵਾਨ ਕਿਸਾਨ ਆਪਣੇ ਤੌਰ ’ਤੇ ਖੁਦ ਜੋਗੀ ਅਨਾਜ ਸਬਜ਼ੀ ਪੈਦਾ ਜਰੂਰ ਕਰ ਰਹੇ ਹਨ ਪਰ ਇਹਦੇ ’ਚ ਕਿਸੇ ਅਖੌਤੀ ਜ਼ਹਿਰ ਮੁਕਤ ਖੇਤੀ ਸੰਸਥਾ ਜਾਂ ਜਥੇਬੰਦੀ ਦਾ ਕੋਈ ਰੋਲ ਨਹੀਂ। ਕਿਸਾਨਾਂ ਨੂੰ ਚਾਹੀਦਾ ਹੈ ਕਿ ਆਪਣੇ ਬਲਬੂਤੇ ਜ਼ਹਿਰ ਮੁਕਤ ਖੇਤੀ ਜਰੂਰ ਕਰਨ ਪਰ ਇਹਦਾ ਲਾਹਾ ਏ ਸੀ ਕਮਰਿਆਂ ਚ ਬੈਠ ਕੇ ਫਰਜ਼ੀ ਅੰਕੜੇ ਪੇਸ਼ ਕਰਨ ਵਾਲਿਆਂ ਨੂੰ ਨਾ ਲੈਣ ਦੇੀਂਭ