ਟਰਾਂਟੋ – ਸਰਕਾਰੀ ਦਬਾਅ ਹੇਠ ਕੌਮਾਂ ਦੇ ਨਿਸ਼ਾਨੇ ਨਹੀਂ ਬਦਲੇ ਜਾ ਸਕਦੇ, ਖਾਸ ਕਰਕੇ ਜਦੋਂ ਖਾਲਸੇ ਦਾ ਸਭ ਤੋਂ ਉੱਤਮ ਅਤੇ ਕੌਮ ਦੀ ਅਧਿਆਤਮਿਕਤਾ ਨਾਲ ਜੁੜਿਆ ਕਾਰਜ ਕਰਨਾ ਹੋਵੇ। ਖਾਲਸਾ ਪੰਥ ਦੇ ਕੌਮੀ ਕਾਰਜਾਂ ਸਬੰਧੀ ਸਰਕਾਰ ਦੀਆਂ ਪਾਬੰਦੀਆਂ ਕੋਈ ਮਾਅਨੇ ਨਹੀਂ ਰੱਖਦੀਆਂ। ਸਰਬੱਤ ਖਾਲਸਾ ਕਿਸੇ ਵੀ ਹਾਲਾਤ ਵਿੱਚ ਹੋਣਾ ਲਾਜ਼ਮੀ ਹੈ। ਖਾਲਸਾਈ ਪ੍ਰੰਪਰਾਵਾਂ ਅਨੁਸਾਰ ਸਰਕਾਰੀ ਜਬਰ ਅੱਗੇ ਆਤਮ ਸਮਰਪਣ ਨਹੀਂ ਹੋ ਸਕਦਾ, ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ, ਸੂਬਾ ਪ੍ਰਧਾਨ ਭਾਈ ਕਰਨੈਲ ਸਿੰਘ ਫਤਹਿਗੜ ਸਾਹਿਬ, ਜਨਰਲ ਸਕੱਤਰ ਜਗਦੇਵ ਸਿੰਘ ਤੂਰ ਅਤੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ ਨੇ ਜਾਰੀ ਸਾਂਝੇ ਪ੍ਰੈਸ ਨੋਟ ਵਿੱਚ ਦਿੱਤੇ।
ਸਰਬੱਤ ਖਾਲਸਾ 2016, ਖਾਲਸਾ ਪੰਥ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਕਾਰਜ ਹੈ ਜਿਸ ਨੇ ਖਾਲਸਾ ਪੰਥ ਦਾ ਭਵਿੱਖ ਤੈਅ ਕਰਨਾ ਹੈ। ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਯੂਥ ਆਗੂ ਪਰਮਿੰਦਰ ਸਿੰਘ ਪਾਂਗਲੀ ਅਤੇ ਜਗਦੇਵ ਸਿੰਘ ਤੂਰ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਵਿੱਚ ਤਾਇਨਾਤ ਫੌਜੀ ਦਸਤੇ ਇਹ ਦਰਸਾਉਂਦੇ ਹਨ ਕਿ ਖਾਲਸਾ ਪੰਥ, ਸਰਕਾਰ ਦੀ ਮਰਜ਼ੀ ਤੋਂ ਬਗੈਰ ਆਪਣੇ ਹੱਕਾਂ ਨੂੰ ਅਮਲ ਵਿੱਚ ਨਹੀਂ ਲਿਆ ਸਕਦਾ। ਸਰਕਾਰੀ ਜਬਰ ਐਨਾ ਵੱਧ ਚੁੱਕਾ ਹੈ ਕਿ ਸਰਬੱਤ ਖਾਲਸਾ ਨੂੰ ਲੈ ਕੇ 2 ਹਜ਼ਾਰ ਦੇ ਕਰੀਬ ਲੋਕਾਂ ਨੂੰ ਬਿਨ੍ਹਾਂ ਕਿਸੇ ਕਰਾਈਮ ਦੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਧਿਆਨ ਸਿੰਘ ਮੰਡ ਨੂੰ ਬਿਨ੍ਹਾਂ ਵਜਾਹ ਗ੍ਰਿਫਤਾਰ ਕਰਕੇ ਨਜਰਬੰਦ ਕੀਤਾ ਹੋਇਆ ਹੈ ਜੋ ਸਰਾਸਰ ਧੱਕਾ ਹੈ। ਹੰਸਰਾ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਖਾਲਸਾਈ ਪ੍ਰੰਪਰਾਵਾਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀਆਂ ਕਿ ਪੰਥ ਦੋਖੀ ਸਰਕਾਰ ਦੇ ਦਬਾਅ ਹੇਠ ਆ ਕੇ ਕੋਈ ਇਲਾਹੀ ਕਾਰਜ ਦਾ ਫੈਸਲਾ ਬਦਲਿਆ ਜਾ ਸਕੇ।
ਇਸ ਮੌਕੇ ਭਾਈ ਕਰਨੈਲ ਸਿੰਘ ਫਤਿਹਗੜ੍ਹ ਸਾਹਿਬ ਨੇ ਕਿਹਾ ਕਿ ਸਰਬੱਤ ਖਾਲਸਾ ਨੂੰ ਲੈ ਕੇ ਪੰਜਾਬ ਵਿੱਚ ਕੀਤੇ ਜਾ ਰਹੇ ਸਰਕਾਰੀ ਧੱਕੇਸ਼ਾਹੀ ਦੇ ਵਿਰੁੱਧ ਪੰਜਾਬ ਦਾ ਨੌਜੁਆਨ ਟਾਵਰਾਂ ਤੇ ਚੜ ਕੇ ਸਰਕਾਰ ਦਾ ਸਿਆਪਾ ਕਰ ਰਿਹਾ ਹੈ।
ਸਰਬੱਤ ਖਾਲਸਾ ਦੇ ਸਮੂਹ ਪ੍ਰਬੰਧਕਾਂ ਨੂੰ ਇਹ ਯਕੀਨ ਦੁਆਇਆ ਜਾਂਦਾ ਹੈ ਕਿ ਸੰਸਾਰ ਭਰ ਦੇ ਸਿੱਖਾਂ ਅਤੇ ਵਿਦੇਸ਼ੀ ਸਰਕਾਰਾਂ ਦੀਆਂ ਨਜ਼ਰਾਂ ਤਲਵੰਡੀ ਸਾਬੋ ਤੇ ਟਿੱਕੀਆਂ ਹੋਈਆਂ ਹਨ। ਸਰਕਾਰੀ ਜਬਰ ਦੀ ਪ੍ਰਵਾਹ ਕੀਤੇ ਬਗੈਰ ਸਮੁੱਚਾ ਖਾਲਸਾ ਪੰਥ ਪੰਜਾਬ ਅਤੇ ਨਾਲੇ ਸੂਬਿਆਂ ਤੋਂ ਵਹੀਰਾਂ ਘੱਤ ਕੇ ਤਲਵੰਡੀ ਸਾਬੋ ਵਿਖੇ ਪੁੱਜ ਕੇ ਸਰਬੱਤ ਖਾਲਸਾ ਨੂੰ ਸਫਲ ਬਣਾਓ ਜੀ।