ਨਿਊਯਾਰਕ – ਰੀਪਬਲੀਕਨ ਪਾਰਟੀ ਦੇ ਉਮੀਦਵਾਰ 70 ਸਾਲਾ ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਨੇ ਸਾਬਕਾ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਤੇ ਭਾਰੀ ਜਿੱਤ ਪ੍ਰਾਪਤ ਕੀਤੀ। ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਟਰੰਪ ਨੇ ਆਪਣੇ ਸਮਰਥੱਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਅਮਰੀਕਾ ਦਾ ਚੰਗਾ ਸਮਾਂ ਆ ਗਿਆ ਹੈ।
ਡੋਨਲਡ ਟਰੰਪ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਮੈਂ ਕਿਸੇ ਪਾਰਟੀ ਦਾ ਨਹੀਂ ਬਲਿਕ ਪੂਰੇ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਹਾਂ ਅਤੇ ਇਹ ਸਾਡੇ ਸੱਭ ਦੇ ਲਈ ਇੱਕਜੁੱਟ ਹੋਣ ਦਾ ਸਮਾਂ ਹੈ। ਮੈਂ ਸਾਰੀਆਂ ਪਾਰਟੀਆਂ ਦੇ ਨਾਲ ਮਿਲ ਕੇ ਕੰਮ ਕਰਾਂਗਾ ਅਤੇ ਅਸਾਂ ਅਮਰੀਕਾ ਦਾ ਸੁਫ਼ਨਾ ਪੂਰਾ ਕਰਨਾ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਹਿਲਰੀ ਕਲਿੰਟਨ ਨੇ ਫੋਨ ਕਰਕੇ ਮੈਨੂੰ ਜਿੱਤ ਦੀ ਵਧਾਈ ਦਿੱਤੀ ਹੈ। ਟਰੰਪ ਨੇ ਕਿਹਾ ਕਿ ਸਾਡੇ ਕੋਲ ਇੱਕ ਸ਼ਾਨਦਾਰ ਆਰਥਿਕ ਪਲਾਨ ਹੈ, ਜਿਸ ਨਾਲ ਅਸੀਂ ਅਰਥਵਿਵਸਥਾ ਨੂੰ ਸੱਭ ਤੋਂ ਵਧੀਆ ਬਣਾਵਾਂਗੇ।
ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਚਾਹੁੰਦੇ, ਅਸੀਂ ਉਨ੍ਹਾਂ ਸਾਰੇ ਦੇਸ਼ਾਂ ਨਾਲ ਬੇਹਤਰ ਸਬੰਧ ਸਥਾਪਿਤ ਕਰਾਂਗੇ ਜੋ ਸਾਡੇ ਨਾਲ ਦੋਸਤੀ ਰੱਖਣਾ ਚਾਹੁੰਣਗੇ। ਸਾਡੇ ਲਈ ਕੋਈ ਵੀ ਵੱਡੀ ਚੁਣੌਤੀ ਨਹੀਂ ਹੈ। ਅਸੀਂ ਦੁਨੀਆਂ ਦੇ ਨਾਲ ਮਿਲ ਕੇ ਚਲਾਂਗੇ ਅਤੇ ਆਪਣੇ ਦੇਸ਼ ਦੀ ਤਕਦੀਰ ਤੈਅ ਕਰਾਂਗੇ।