ਸੇਨਫਰਾਂਸਿਸਕੋ- ਅਮਰੀਕਾ ਵਿੱਚ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਦੇਸ਼ ਦੇ ਬਹੁਤ ਸਾਰੇ ਵੱਡੇ ਸ਼ਹਿਰਾਂ ਵਿੱਚ ਟਰੰਪ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਵੱਖ-ਵੱਖ ਰਾਜਾਂ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਭੀੜ ਸੜਕਾਂ ਤੇ ਆ ਗਈ ਹੈ ਅਤੇ ਟਰੰਪ ਦੇ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਮਨਹਟਨ ਵਿੱਚ ਟਰੰਪ ਟਾਵਰ ਦੇ ਸਾਹਮਣੇ ਹਜ਼ਾਰਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਲੋਕਾਂ ਨੇ ਹੱਥਾਂ ਵਿੱਚ ਤਖਤੀਆਂ ਤੇ ਬੈਨਰ ਪਕੜੇ ਹੋਏ ਸਨ, ਜਿੰਨ੍ਹਾਂ ਉਪਰ ‘Trump is not our President’ ਅਤੇ ਉਸ ਦੇ ਖਿਲਾਫ਼ ਹੋਰ ਵੀ ਨਾਅਰੇ ਲਿਖੇ ਹੋਏ ਸਨ। ਕੈਲੇਫੋਰਨੀਆਂ ਦੇ ਸ਼ਹਿਰ ਸੇਨਫਰਾਂਸਿਸਕੋ, ਓਕਲੈਂਡ ਅਤੇ ਲਾਸ ਏਂਜਲਸ ਵਿੱਚ ਵੀ ਰੋਸ ਮਾਰਚ ਕੱਢੇ ਗਏ। ਬਰਕਲੇ ਯੂਨੀਵਰਿਸਟੀ ਦੇ ਵਿਦਿਆਰਥੀਆਂ ਨੇ 8 ਨਵੰਬਰ ਦੀ ਰਾਤ ਨੂੰ ਹੀ ਸੜਕਾਂ ਤੇ ਆ ਕੇ ਟਰੰਪ ਵਿਰੁੱਧ ਰੋਸ ਮੁਜ਼ਾਹਿਰੇ ਕੀਤੇ। ਬਰਕਲੇ ਵਿੱਚ ਭੰਨਤੋੜ ਅਤੇ ਸਾੜਫੂਕ ਦੀਆਂ ਘਟਨਾਵਾਂ ਵੀ ਹੋਈਆਂ। ਹਿਲਰੀ ਦੇ ਸਮੱਰਥਕ ਬਹੁਤ ਗੁਸੇ ਵਿੱਚ ਹਨ। ਕੁਝ ਲੋਕਾਂ ਵੱਲੋਂ ਕੈਲੇਫੋਰਨੀਆਂ ਨੂੰ ਅਮਰੀਕਾ ਤੋਂ ਵੱਖਰਾ ਕਰਨ ਦੀ ਮੰਗ ਵੀ ਉਠਾਈ ਜਾ ਰਹੀ ਹੈ।
ਵਾਸ਼ਿੰਗਟਨ ਡੀ. ਸੀ ਦੇ ਟਰੰਪ ਇੰਟਰਨੈਸ਼ਨਲ ਹੋਟਲ ਦੇ ਸਾਹਮਣੇ ਇੱਕਠੇ ਹੋਏ ਲੋਕਾਂ ਦੀ ਭੀੜ ਵੱਲੋਂ ਇਹ ਨਾਅਰੇ “No racist USA, no Trump, no KKK.” ਲਗਾਏ ਜਾ ਰਹੇ ਸਨ। ਵਿਖਾਵਾਕਾਰੀਆਂ ਨੇ ਜੋ ਸਾਈਨ ਬੋਰਡ ਪਕੜੇ ਹੋਏ ਹਨ । ਉਨ੍ਹਾਂ ਉਪਰ “hey, hey, ho, ho Donald Trump has got to go.” and “Impeach Trump.” ਲਿਖਿਆ ਹੋਇਆ ਹੈ। ਨਿਊਯਾਰਕ, ਫਿਲਾਡਲਫੀਆ, ਆਰਗਨ, ਬੋਸਟਨ ਅਤੇ ਹੋਰ ਰਾਜਾਂ ਅਤੇ ਸ਼ਹਿਰਾਂ ਵਿੱਚ ਵੀ ਰੋਸ ਪ੍ਰਦਰਸ਼ਨ ਜਾਰੀ ਹਨ।