ਨਵੀਂ ਦਿੱਲੀ : ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਦੇ ਇਸਤੇਮਾਲ ਨੂੰ ਦਿੱਲੀ ਹਾਈ ਕੋਰਟ ਵੱਲੋਂ ਅੱਜ ਅੰਤ੍ਰਿਮ ਤੌਰ ਤੇ 2 ਦਿਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਬੀਤੇ ਦਿਨੀਂ ਦਿੱਲੀ ਸਰਕਾਰ ਵੱਲੋਂ ਪਿਆਊ ਨੂੰ ਢਾਹੁਣ ਉਪਰੰਤ ਸੰਗਤਾਂ ਵੱਲੋਂ ਕੁਝ ਸਮੇਂ ਬਾਅਦ ਹੀ ਪਿਆਊ ਨੂੰ ਮੁੜ ਉਸਾਰਨ ਦੇ ਦੋਸ਼ ਤਹਿਤ ਅਦਾਲਤ ਦੀ ਹੁਕਮ ਅਦੂਲੀ ਦੇ ਆਰੋਪਾ ਦਾ ਸਾਹਮਣਾ ਕਰ ਰਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਪੇਸ਼ੀ ਭੁਗਤਣ ਉਪਰੰਤ ਇਸ ਬਾਬਤ ਦਿੱਲੀ ਹਾਈਕੋਰਟ ਦੇ ਬਾਹਰ ਮੌਜੂਦ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ।
ਜੀ. ਕੇ. ਨੇ ਦੱਸਿਆ ਕਿ ਜਸਟਿਸ ਬੀ. ਡੀ. ਅਹਿਮਦ ਅਤੇ ਜਸਟਿਸ ਆਸ਼ੂਤੋਸ਼ ਕੁਮਾਰ ਦੀ ਬੈਂਚ ਨੇ ਕਮੇਟੀ ਵੱਲੋਂ ਪਿਆਊ ਦੇ ਨਵੇਂ ਪੇਸ਼ ਕੀਤੇ ਗਏ ਨਕਸ਼ੇ ਤੇ 17 ਨਵੰਬਰ ਦੀ ਅਗਲੀ ਸੁਣਵਾਈ ਦੌਰਾਨ ਫੈਸਲਾ ਦੇਣ ਦਾ ਆਦੇਸ਼ ਦਿੰਦੇ ਹੋਏ ਕਮੇਟੀ ਦੇ ਵਕੀਲ ਦੀ ਬੇਨਤੀ ’ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 12 ਅਤੇ 14 ਨਵੰਬਰ ਨੂੰ ਪਿਆਊ ਚਲਾਉਣ ਦਾ ਵੀ ਅੰਤ੍ਰਿਮ ਆਦੇਸ਼ ਦਿੱਤਾ ਹੈ। 12 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਗੁਰਦੁਆਰਾ ਨਾਨਕ ਪਿਆਊ ਸਾਹਿਬ ਤਕ ਸਜਾਏ ਜਾਣ ਵਾਲੇ ਨਗਰ ਕੀਰਤਨ ਅਤੇ 14 ਨਵੰਬਰ ਨੂੰ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੇ ਭਾਰੀ ਤਾਦਾਦ ਵਿਚ ਜੁੜਨ ਦੀ ਸੰਭਾਵਨਾਂ ’ਤੇ ਅਦਾਲਤ ਨੇ ਉਕਤ ਫੈਸਲਾ ਲਿਆ ਹੈ।
ਕਮੇਟੀ ਵੱਲੋਂ ਅਦਾਲਤ ਦੇ ਆਦੇਸ਼ ’ਤੇ ਪੇਸ਼ ਕੀਤੇ ਗਏ ਪਿਆਊ ਦੇ ਨਵੇਂ ਨਕਸ਼ੇ ਦੀ ਕਾੱਪੀ ਵੀ ਅਦਾਲਤ ਵੱਲੋਂ ਬਾਕੀ ਧਿਰਾਂ ਨੂੰ ਵੀ ਦਿੱਤੇ ਜਾਣ ਦੀ ਜੀ. ਕੇ. ਨੇ ਜਾਣਕਾਰੀ ਦਿੱਤੀ। ਇਸ ਮੌਕੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਕਾਨੂੰਨੀ ਵਿਭਾਗ ਦੇ ਕੋ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਮੌਜੂਦ ਸਨ।