ਲੁਧਿਆਣਾ – ਪਰਾਲੀ ਵਿਉਂਤਣ ਦੇ ਮੁੱਦੇ ਨੂੰ ਲੈ ਕੇ ਕੱਲ ਇੱਥੇ DARE ਦੇ ਵਧੀਕ ਸਕੱਤਰ ਅਤੇ ICAR ਦੇ ਸਕੱਤਰ ਸ੍ਰੀ ਸੀ ਰੌਲ (ਆਈ ਏ ਐਸ) ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਗਡਵਾਸੂ ਅਤੇ ਅਟਾਰੀ ਦੇ ਵਿਗਿਆਨਕਾਂ ਨਾਲ ਵਿਚਾਰ-ਚਰਚਾ ਕੀਤੀ। ICAR ਦੇ ਸਕੱਤਰ ਸ੍ਰੀ ਰੌਲ ਨੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਆਏ ਵਿਗਿਆਨੀਆਂ ਨਾਲ ਪਰਾਲੀ ਸਾੜਨ ਦੇ ਖੇਤਰ ਅਤੇ ਵਰਤੀ ਜਾ ਰਹੀ ਤਕਨਾਲੋਜੀ ਬਾਰੇ ਗੰਭੀਰ ਸੰਵਾਦ ਰਚਾਇਆ ਅਤੇ ਕਿਹਾ ਕਿ ਤੁਸੀਂ ਇਨ੍ਹਾਂ ਸਮੱਸਿਆਵਾਂ ਨਾਲ ਨੇੜਿਓਂ ਜੁੜੇ ਹੋ। ਤੁਹਾਡੇ ਤੋਂ ਮਿਲੀ ਜਾਣਕਾਰੀ ਕਿਸੇ ਸੰਸਥਾ ਨੂੰ ਨੀਤੀ ਘੜਨ ਵਿੱਚ ਸਹਾਇਕ ਹੋ ਸਕਦੀ ਹੈ ਅਤੇ ਇਸੇ ਲਈ ਹੀ ਮੈਂ ਇਥੇ ਆਇਆ ਹਾਂ। ਲੋੜ ਮੌਜੂਦਾ ਸੰਕਟਾਂ ਨੂੰ ਗੰਭੀਰਤਾ ਨਾਲ ਨਜਿੱਠਣ ਦੀ ਹੈ । ਉਨ੍ਹਾਂ ਕਿਹਾ ਕਿ ਕਿਸਾਨ ਉਹੀ ਤਕਨਾਲੋਜੀ ਅਪਣਾਵੇਗਾ ਜੋ ਉਸ ਤੇ ਵਿਤੀ ਬੋਝ ਘੱਟ ਪਾਉਂਦੀ ਹੋਵੇ। ਉਨ੍ਹਾਂ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਅਤੇ ਪ੍ਰਚਲਿਤ ਕੀਤੀਆਂ ਜਾ ਰਹੀਆਂ ਤਕਨਾਲੋਜੀਆਂ ਜਿਵੇਂ ਪੀ.ਏ.ਯੂ. ਹੈਪੀ ਸੀਡਰ, ਜ਼ੀਰੋ ਟਿੱਲੇਜ਼, ਬੇਲਰ ਆਦਿ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੁਝ ਅਜਿਹਾ ਕੀਤਾ ਜਾਵੇ ਕਿ ਇਸ ਪਰਾਲੀ ਨੂੰ ਵੀ ਪਸ਼ੂ-ਫੀਡ ਵਜੋਂ ਵਰਤਿਆ ਜਾ ਸਕੇ । ਉਨ੍ਹਾਂ ਇਸ ਤਕਨਾਲੋਜੀ ਨੂੰ ਵਰਤਣ ਵਾਲਿਆਂ ਦੇ ਖਰਚਿਆਂ ਦਾ ਲੇਖਾ-ਜੋਖਾ ਵੀ ਚਰਚਾ ਅਧੀਨ ਲਿਆਂਦਾ ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਲਈ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀ ਟੈਕਨਾਲੋਜੀ ਤੋਂ ਜਾਣੂੰ ਕਰਵਾਇਆ ਅਤੇ ਦਰਪੇਸ਼ ਨਵੇਂ ਸੰਕਟਾਂ ਦੀ ਵੀ ਚਰਚਾ ਕੀਤੀ । ਉਨ੍ਹਾਂ ਨੇ ਕਿਹਾ ਕਿ ਅੱਜ ਕੱਲ੍ਹ ਢੁਕਵੀਂ ਮਸ਼ੀਨਰੀ ਜਿਵੇਂ ਕਿ ਰੀਪਰ, ਚੌਪਰ, ਬੇਲਰ ਆਦਿ ਦੇ ਆਉਣ ਨਾਲ ਪਰਾਲੀ ਦੀ ਵਰਤੋਂ ਹੋਰ ਕੰਮਾਂ ਲਈ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੀ ਏ ਯੂ ਹੈਪੀ ਸੀਡਰ ਅਤੇ ਜ਼ੀਰੋ-ਟਿੱਲ-ਡਰਿੱਲ ਆਦਿ ਦੀ ਵਰਤੋਂ ਨਾਲ ਝੋਨੇ ਦੀ ਬਚੀ ਹੋਈ ਪਰਾਲੀ ਨੂੰ ਖੇਤ ਵਿੱਚ ਵਾਹੁਣ ਬਾਰੇ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪਰਾਲੀ ਨੂੰ ਬਾਗਾਂ ਵਿੱਚ ਮੱਲਚ ਲਈ ਵੀ ਵਰਤਿਆ ਜਾ ਸਕਦਾ ਹੈ ਜਿਸ ਨਾਲ ਮਿੱਟੀ ਦੀ ਨਮੀ ਬਚੀ ਰਹਿੰਦੀ ਹੈ ਅਤੇ ਆਲੂਆਂ, ਹਲਦੀ ਦੀ ਪੈਦਾਵਾਰ ਵੀ ਵਧਦੀ ਹੈ। ਇਸ ਦੇ ਨਾਲ ਹੀ ਪਰਾਲੀ ਨੂੰ ਖੁੰਬਾਂ ਦੀ ਕਾਸ਼ਤ ਅਤੇ ਬਾਇਓਗੈਸ ਬਣਾਉਣ ਲਈ ਵੀ ਵਰਤਿਆ ਜਾ ਸਕਦਾ ਹੈ ।
ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ ਨੇ ਸ੍ਰੀ ਸੀ ਰੌਲ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਖੇਤੀ ਖੋਜ ਨਾਲ ਨੇੜਿਓਂ ਜੁੜੇ ਪੰਜਾਬ ਕੈਡਰ ਦੇ ਸਭ ਤੋਂ ਸੀਨੀਅਰ ਵਿਗਿਆਨੀ ਹਨ। ਉਨ੍ਹਾਂ ਦੀ ਆਮਦ ਤੇ ਯੂਨੀਵਰਸਿਟੀ ਮਾਣ ਮਹਿਸੂਸ ਕਰਦੀ ਹੈ । ਉਨ੍ਹਾਂ ਨੇ ਯੂਨੀਵਰਸਿਟੀ ਦੇ 17 ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਕਾਰਜਸ਼ੈਲੀ ਨਾਲ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਇਨ੍ਹਾਂ ਰਾਹੀਂ ਹੀ ਅਸੀਂ ਪੰਜਾਬ ਦੀ ਖੇਤੀ ਦੇ ਮੂਲ ਮੁੱਦਿਆਂ ਤੋਂ ਜਾਣੂੰ ਹੁੰਦੇ ਹਾਂ। ਪਿੱਛਲੇ ਦਿਨੀਂ ਚਿੱਟੀ ਮੱਖੀ ਅਤੇ ਪੀਲੀ ਕੁੰਗੀ ਵਰਗੇ ਮੁਸ਼ਕਿਲ ਸੰਕਟਾਂ ਨੂੰ ਵੀ ਅਸੀਂ ਇਨ੍ਹਾਂ ਦੀ ਸਹਾਇਤਾ ਨਾਲ ਨਜਿੱਠਣ ਵਿੱਚ ਸਫ਼ਲ ਹੋਏ ਹਾਂ । ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ ਅਤੇ ਭੂਮੀ ਸਿਹਤ ਸਾਡੇ ਲਈ ਮੌਜੂਦਾ ਮਸਲੇ ਹਨ ਜਿਨ੍ਹਾਂ ਲਈ ਅਸੀਂ ਅਗਾਊਂ ਸੁਚੇਤ ਹਾਂ ਅਤੇ ਇਸ ਖੇਤਰ ਵਿੱਚ ਯਤਨਸ਼ੀਲ ਹਾਂ। ਇਸ ਲਈ ਜਿੱਥੇ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਣਕ ਤੇ ਝੋਨੇ ਦੀਆਂ ਫ਼ਸਲਾਂ ਨੂੰ ਪ੍ਰਚਲਿਤ ਕਰ ਰਹੇ ਹਾਂ। ਪਿਛਲੇ ਵਰ੍ਹੇ ਪੂਸਾ ਮੁਕਾਬਲੇ ਪੀ ਆਰ 121 ਦਾ ਏਰੀਆ ਵਧਾਉਣ ਵਿੱਚ ਵੀ ਸਫ਼ਲ ਹੋਏ ਹਾਂ। ਇਸ ਸਭ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਜਿੱਥੇ ਝੋਨੇ ਦੀ ਪੂਸਾ ਕਿਸਮ ਜ਼ਿਆਦਾ ਏਰੀਏ ਵਿੱਚ ਬੀਜੀ ਗਈ ਹੈ ਉਥੇ ਪਰਾਲੀ ਵੱਧ ਸਾੜੀ ਗਈ ਹੈ ।
ਇਸ ਤੋਂ ਬਿਨਾਂ ਕੇ.ਵੀ.ਕੇ ਵਿੱਚ ਕਿਸਾਨ-ਹੋਸਟਲਾਂ, ਸਟਾਫ਼, ਇਮਾਰਤ, ਜ਼ਮੀਨ, ਭੂਮੀ ਸਿਹਤ ਕਾਰਡ ਅਤੇ ਪਿਛਲੇ ਦੋ ਸਾਲਾਂ ਵਿੱਚ ਵਿਭਿੰਨ ਕਿਸਮਾਂ ਦੀਆਂ ਪ੍ਰਦਰਸ਼ਨੀਆਂ ਬਾਰੇ ਵੀ ਚਰਚਾ ਹੋਈ । ਇਸ ਦੌਰਾਨ ਸਾਰੀ ਟੀਮ ਨੇ ਕੇ.ਵੀ.ਕੇ. ਸਮਰਾਲਾ ਦਾ ਦੌਰਾ ਵੀ ਕੀਤਾ ।
ਡਾ. ਰਾਜਿੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਰੂਪ ਵਿੱਚ ਦੱਸਿਆ ਕਿ ਇਸ ਵਾਰ ਹਰ ਕੇ. ਵੀ. ਕੇ. ਨੇ ਇੱਕ ਇੱਕ ਪਿੰਡ ਅਪਣਾਇਆ ਹੈ ਜਿਥੇ ਉਹ ਪਰਾਲੀ ਨੂੰ ਸਾੜਨ ਤੋਂ ਬਚਾ ਸਕਣ ਵਿੱਚ ਸਫ਼ਲ ਹੋਏ ਹਨ ।
ਅੰਤ ਵਿੱਚ ਅਟਾਰੀ ਦੇ ਨਿਰਦੇਸ਼ਕ ਸ੍ਰੀ ਰਾਜਬੀਰ ਸਿੰਘ ਨੇ ਮੁੱਖ ਮਹਿਮਾਨ ਅਤੇ ਸ਼ਾਮਲ ਵਿਗਿਆਨੀਆਂ ਦਾ ਧੰਨਵਾਦ ਕੀਤਾ ।