ਗਿਆਨ ਅੰਜਨ ਅਕਾਡਮੀ ਵਲੋਂ ਇੱਕ ਸਾਹਿਤਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ.ਕੁਲਵਿੰਦਰ ਕੌਰ ਮਿਨਹਾਸ ਦਾ ਨਸ਼ਿਆਂ ਨਾਲ ਸੰਬੰਧਤ ਨਾਵਲ ‘ਮੁਰਝਾ ਗਏ ਚਹਿਕਦੇ ਚਿਹਰੇ‘ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ.ਮਨਜੀਤ ਸਿੰਘ ਕੰਗ ਸਨ, ਪ੍ਰਧਾਨਗੀ ‘ਪੰਜਾਬੀ ਸਾਹਿਤ ਰਤਨ‘ ਨਾਲ ਸਨਮਾਨਿਤ ਪ੍ਰੋ.ਨਰਿੰਜਨ ਤਸਨੀਮ ਨੇ ਕੀਤੀ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪ¤ਤਰਕਾਰ ਤੇ ਲੇਖਕ ਸ.ਹਰਬੀਰ ਸਿੰਘ ਭੰਵਰ ਨੇ ਸ਼ਿਰਕਤ ਕੀਤੀ। ਅਕਾਡਮੀ ਦੇ ਜਨਰਲ ਸਕੱਤਰ ਡਾ.ਆਰ.ਸੀ.ਸ਼ਰਮਾ ਨੇ ਅਕਾਡਮੀ ਦੀਆਂ ਗਤੀਵਿਧੀਆਂ ਉੱਪਰ ਚਾਨਣਾ ਪਾਇਆ।
ਮੁੱਖ ਮਹਿਮਾਨ ਡਾ.ਕੰਗ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਨਸ਼ਿਆਂ ਬਾਰੇ ਨਾਵਲ ਲਿਖ ਕੇ ਡਾ.ਕੰਗ ਨੇ ਇੱਕ ਸ਼ਲਾਘਾਯੋਗ ਕੰਮ ਕੀਤਾ ਹੈ, ਇਸ ਪ੍ਰਕਾਰ ਦੀ ਰਚਨਾ ਕਰਨਾ ਸਮੇਂ ਦੀ ਲੋੜ ਸੀ। ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਇਹ ਨਾਵਲ ਜ਼ਰੂਰ ਪੜ੍ਹਣਾ ਚਾਹੀਦਾ ਹੈ ਤੇ ਨਾਵਲ ਦੇ ਨਾਇਕ ਤੋਂ ਸਿੱਖਿਆ ਲੈਣੀ ਚਾਹੀਦੀ ਹੈ।
ਪ੍ਰੋ. ਨਰਿੰਜਨ ਤਸਨੀਮ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਥੀਮ ਦੇ ਪੱਖੋਂ ਇਹ ਇਕ ਸਫਲ ਰਚਨਾ ਹੈ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹਰ ਘਟਨਾ ਨਾਵਲ ਦੇ ਥੀਮ ਨੂੰ ਪੇਸ਼ ਕਰਦੀ ਹੈ। ਇਹ ਨਾਵਲ ਲਿਖਣ ‘ਤੇ ਮੈਂ ਡਾ.ਮਿਨਹਾਸ ਨੂੰ ਵਧਾਈ ਦਿੰਦਾ ਹਾਂ।
ਡਾ.ਗੁਲਜ਼ਾਰ ਸਿੰਘ ਪੰਧੇਰ ਨੇ ਨਾਵਲ ਬਾਰੇ ਵਿਸਥਾਰਤ ਗੱਲ ਕਰਦਿਆਂ ਕਿਹਾ ਕਿ ਨਾਵਲ ਵਿਚ ਬਿਆਨ ਕੀਤੀਆਂ ਘਟਨਾਵਾਂ ਮਨੁੱਖੀ ਮਨ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।ਨਸ਼ਿਆਂ ਤੋਂ ਛੁਟਕਾਰਾ ਪਾਉਣ ਦਾ ਲੇਖਿਕਾ ਨੇ ਜਿਹੜਾ ਹੱਲ ਪੇਸ਼ ਕੀਤਾ ਹੈ ਉਹ ਆਪਣੇ ਤਰੀਕੇ ਨਾਲ ਕਾਫੀ ਅਸਰਦਾਇਕ ਹੱਲ ਹੈ ਪਰ ਇਸ ਮਸਲੇ ਨੂੰ ਬਹੁ ਪੱਖੀ ਦ੍ਰਿਸ਼ਟੀਕੋਣ ਤੋਂ ਦੇਖਣਾ ਚਾਹੀਦਾ ਹੈ। ਇਹ ਨਾਵਲ ਸਮਾਜ ਲਈ ਸਾਰਥਕ ਸਿੱਧ ਹੋਵੇਗਾ ਅਜਿਹਾ ਮੇਰਾ ਵਿਸ਼ਵਾਸ ਹੈ। ਸ.ਕਰਮਜੀਤ ਸਿੰਘ ਔਜਲਾ, ਸ.ਮਲਕੀਅਤ ਸਿੰਘ ਔਲਖ, ਸ.ਰਘਵੀਰ ਸਿੰਘ ਸੰਧੂ ਤੇ ਗਿਆਨੀ ਦਲੇਰ ਸਿੰਘ ਨੇ ਵੀ ਨਾਵਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਇਸ ਅਵਸਰ ਉੱਤੇ ਸ.ਹਰਬੀਰ ਸਿੰਘ ਭੰਵਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਗਿਆਨ ਅੰਜਨ ਅਕਾਡਮੀ ਦੀ ਪ੍ਰਧਾਨ ਤੇ ਨਾਵਲ ਦੀ ਲੇਖਿਕਾ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਨਸ਼ਿਆਂ ਕਾਰਣ ਸਮਾਜ ਅੰਦਰ ਜੋ ਅਣਸੁਖਾਵੀਆਂ ਘਟਨਾਵਾਂ ਨਿੱਤ ਵਾਪਰਦੀਆਂ ਹਨ ਉਹਨਾਂ ਦਾ ਮੇਰੇ ਸੰਵੇਦਨਸ਼ੀਲ ਮਨ ਉੱਪਰ ਡੂੰਘਾ ਅਸਰ ਪਿਆ ਜਿਸ ਕਾਰਨ ਇਹ ਨਾਵਲ ਹੋਂਦ ਵਿਚ ਆਇਆ। ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਨਸ਼ਿਆਂ ਰੂਪੀ ਲਾਹਨਤ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ। ਅੱਜ ਦੇ ਸਮਾਜ ਨੂੰ ਦੇਖ ਕੇ ਮੈਂ ਮਹਿਸੂਸ ਕਰਦੀ ਹਾਂ ਕਿ ਪਹਿਲਾਂ ਮਕਾਨ ਕੱਚੇ ਤੇ ਲੋਕ ਪੱਕੇ ਸਨ ਤੇ ਅੱਜ ਮਕਾਨ ਪੱਕੇ ਤੇ ਲੋਕ ਕੱਚੇ ਹਨ।ਜਿੱਥੇ ਪਹਿਲਾਂ ਪੰਜਾਬ ਵਿਚ ਦੁੱਧ ਦੀਆਂ ਨਹਿਰਾਂ ਵਗਦੀਆਂ ਸਨ ਉੱਥੇ ਅੱਜ ਨਸ਼ਿਆਂ ਦੇ ਦਰਿਆ ਵਗ ਰਹੇ ਹਨ। ਡਾ.ਮਿਨਹਾਸ ਨੇ ਆਏ ਹੋਏ ਸਾਰੇ ਸਾਹਿਤਕਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮੰਚ ਸੰਚਾਲਨ ਸ.ਚਰਨਜੀਤ ਸਿੰਘ ਨੇ ਬਾਖੂਬੀ ਨਿਭਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਕੋਮਲ, ਕੁਲਵਿੰਦਰ ਕਿਰਨ, ਪਰਮਜੀਤ ਕੌਰ ਮਹਿਕ, ਜਨਮੇਜਾ ਸਿੰਘ ਜੋਹਲ, ਗੁਰਦਿਆਲ ਰੌਸ਼ਨ, ਰੈਕਟਰ ਕਥੂਰੀਆ, ਰਵਿੰਦਰ ਦੀਵਾਨਾ, ਡਾਕਟਰ ਆਰ ਸੀ ਸ਼ਰਮਾ, ਮੁਲਾਜ਼ਮ ਆਗੂ ਵਿਜੇ ਕੁਮਾਰ, ਆਦਿ ਸ਼ਾਮਲ ਸਨ।