ਫਤਹਿਗੜ੍ਹ ਸਾਹਿਬ -“ਹਿੰਦ ਦੇ ਵਜੀਰੇ ਆਜ਼ਮ ਸ਼੍ਰੀ ਨਰਿੰਦਰ ਮੋਦੀ ਅਤੇ ਵਿੱਤ ਵਜੀਰ ਸ਼੍ਰੀ ਅਰੁਣ ਜੇਤਲੀ ਵੱਲੋਂ ਜੋ 500 ਅਤੇ 1000 ਦੇ ਨੋਟਾਂ ਉਤੇ ਪਾਬੰਦੀ ਲਗਾ ਕੇ ਕਾਲੇ ਧੰਨ ਨੂੰ ਖਤਮ ਕਰਨ ਅਤੇ ਹਿੰਦ ਦੀ ਮਾਲੀ ਹਾਲਤ ਨੂੰ ਮਜ਼ਬੂਤ ਕਰਨ ਦੇ ਸ਼ੇਖਚਿੱਲੀ ਵਾਲੇ ਸੁਪਨੇ ਲਏ ਜਾ ਰਹੇ ਹਨ, ਉਸ ਵਿੱਚ ਇਸ ਕਰਕੇ ਕਾਮਯਾਬ ਨਹੀਂ ਹੋ ਸਕਣਗੇ ਕਿਉਂ ਕਿ ਵੱਡੇ ਵੱਡੇ ਅਰਬਾਂ-ਖਰਬਾਂਪਤੀ ਉਦਯੋਗਪਤੀਆਂ ਅਤੇ ਸਿਆਸਤਦਾਨਾਂ ਨੇ ਤਾਂ ਮੋਦੀ ਦੇ ਹੁਕਮ ਲਾਗੂ ਹੋਣ ਤੋਂ ਪਹਿਲਾਂ ਹੀ ਆਪਣੇ ਕਾਲੇ ਧੰਨ ਨੂੰ ਸੋਨਾ ਖਰੀਦ ਕੇ ਜਾਂ ਹੋਰ ਦੂਸਰੇ ਰਸਤਿਆਂ ਰਾਹੀਂ ਬਦਲ ਲਿਆ ਹੈ। ਫਿਰ ਇਹਨਾਂ ਧੰਨ ਕੁਬੇਰਾਂ ਦੇ ਖਜ਼ਾਨੇ ਤਾਂ ਬਾਹਰਲੇ ਮੁਲਕਾਂ ਦੇ ਬੈਂਕਾਂ ਵਿਚ ਪੌਂਡਾਂ, ਯੂਰੋਆਂ ਅਤੇ ਡਾਲਰਾਂ ਦੇ ਰੂਪ ਵਿਚ ਪਹਿਲਾਂ ਹੀ ਸੁਰੱਖਿਅਤ ਹਨ। ਜਿਸ ਨਾਲ ਹਿੰਦ ਦੀ ਮਾਲੀ ਹਾਲਤ ਠੀਕ ਹੋਣ ਦੀ ਬਜਾਏ ਹੋਰ ਵਧੇਰੇ ਕਮਜ਼ੋਰ ਅਤੇ ਲੜਖੜਾ ਜਾਵੇਗੀ। ਇਹਨਾਂ ਹੁਕਮਾਂ ਨਾਲ ਹਿੰਦ ਦੀ ਆਮ ਜਨਤਾ ਜਿਸ ਵਿਚ ਜਿੰਮੀਦਾਰ, ਵਪਾਰੀ,ਦੁਕਾਨਦਾਰ, ਮਜ਼ਦੂਰ ਵਰਗ ਆਉਂਦਾ ਹੈ। ਉਹਨਾਂ ਸਾਹਮਣੇ ਆਪਣੇ ਪਰਿਵਾਰ ਅਤੇ ਕਾਰੋਬਾਰ ਨੂੰ ਚਲਾਉਣ ਲਈ ਵੱਡਾ ਪਹਾੜ ਆ ਖੜ੍ਹਾ ਹੋਇਆ ਹੈ। ਜਿੰਮੀਦਾਰਾਂ ਦੀ ਬੈਂਕਾਂ ਵਿਚ ਬਣਾਈਆਂ ਗਈਆਂ ਲਿਮਿਟਾਂ ਜਿਸ ਦੀ ਬਦੌਲਤ ਉਹ ਆਪਣੀ ਖੇਤੀ ਅਤੇ ਪਰਿਵਾਰ ਦੇ ਸਰਕਲ ਨੂੰ ਘੁਮਾਉਂਦੇ ਸਨ, ਜਿਸ ਵਿਚ ਮੋਦੀ ਦੇ ਹੁਕਮਾਂ ਨਾਲ ਬਹੁਤ ਵੱਡਾ ਵਿਘਨ ਪੈ ਚੁੱਕਾ ਹੈ ਅਤੇ ਜਿੰਮੀਦਾਰਾਂ ਨੂੰ ਆਪਣੀਆਂ ਲਿਮਿਟਾਂ ਵਿੱਚੋਂ ਕੋਈ ਪੈਸਾ ਨਹੀਂ ਮਿਲ ਰਿਹਾ। ਮਜ਼ਦੂਰ ਵਰਗ ਜਿਸ ਨੇ ਰੋਜ਼ਾਨਾ ਮਿਹਨਤ ਕਰਕੇ ਆਪਣਾ ਚੁੱਲ੍ਹਾ ਬਾਲਣਾ ਹੁੰਦਾ ਹੈ ਉਸ ਦੀ ਰਸੋਈ ਅਤੇ ਚੁੱਲ੍ਹੇ ਵਿਚ ਮੁਕੰਮਲ ਖੜੋਤ ਆ ਗਈ ਹੈ। ਜਿਹਨਾਂ 80-85% ਬੀਬੀਆਂ ਨੇ ਆਪਣੇ ਪਤੀਆਂ ਅਤੇ ਬੱਚਿਆਂ ਤੋਂ ਛੁਪਾ ਕੇ ਕਿਸੇ ਔਖੇ ਸਮੇਂ ਲਈ ਆਪਣੇ ਘਰਾਂ ਵਿਚ ਹੀ ਵੱਡੀਆਂ ਰਾਸ਼ੀਆਂ ਸੂਝਵਾਨਤਾ ਨਾਲ ਜਮ੍ਹਾ ਕੀਤੀਆਂ ਸਨ, ਸਭ ਬੀਬੀਆਂ ਅੱਜ ਮੋਦੀ ਦੇ ਇਸ ਤੁਗਲਕੀ ਫੈਸਲੇ ਨਾਲ ਮੋਦੀ ਦਾ ਸਿਆਪਾ ਵੀ ਪਿੱਟ ਰਹੀਆਂ ਹਨ ਅਤੇ ਆਪਣੇ ਘਰ ਪਰਿਵਾਰ ਦੇ ਅਗਲੇਰੇ ਕੰਮਾਂ ਲਈ ਵੱਡੀ ਚਿੰਤਾ ਵਿਚ ਹਨ। ਇਹ ਦਿਨ ਵਿਆਹਾਂ ਸ਼ਾਦੀਆਂ ਦੇ ਦਿਨ ਹਨ। ਵਿਆਹਾਂ ਵਾਲੇ ਘਰਾਂ ਵਿਚ ਹਰ ਤਰ੍ਹਾਂ ਦਾ ਸਮਾਨ ਕੱਪੜਾ, ਸੋਨਾ , ਰਾਸ਼ਣ ਆਦਿ ਦੀ ਜਦੋਂ ਸਖ਼ਤ ਲੋੜ ਹੈ ਤਾਂ ਉਹਨਾਂ ਘਰਾਂ ਵਿਚ ਬੈਕਾਂ ਤੋਂ ਲੋੜੀਂਦੀ ਵੱਡੀ ਗਿਣਤੀ ਵਿਚ ਧੰਨ ਨਾ ਮਿਲਣ ਦੀ ਬਦੌਲਤ ਉਹਨਾਂ ਵਿਆਹਾਂ ਵਾਲੇ ਪਰਿਵਾਰਾਂ ਵਿਚ ਵੀ ਵੱਡੀ ਨਮੋਸ਼ੀ ਛਾਈ ਹੋਈ ਹੈ। ਮੋਦੀ ਅਤੇ ਜੇਤਲੀ ਨੂੰ ਉਹਨਾਂ ਪਰਿਵਾਰਾਂ ਕੋਲ ਕੋਸਣ ਤੋਂ ਇਲਾਵਾ ਕੁਝ ਨਹੀਂ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਮੋਦੀ ਅਤੇ ਸ਼੍ਰੀ ਜੇਤਲੀ ਦੇ ਬਿਨ੍ਹਾਂ ਕਿਸੇ ਅਗਾਓਂ ਅੱਛੇ ਪ੍ਰਬੰਧ ਦੇ ਅਤੇ ਜਨਤਾ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਨਜ਼ਰ ਅੰਦਾਜ਼ ਕਰਕੇ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰਨ ਦੇ ਸ਼ੇਖਚਿੱਲੀ ਵਾਲੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਅਤੇ ਇਹਨਾਂ ਹੁਕਮਾਂ ਦੀ ਬਦੌਲਤ ਆਉਣ ਵਾਲੇ ਸਮੇਂ ਵਿਚ ਹਿੰਦ ਦੀ ਮਾਲੀ ਹਾਲਤ ਹੋਰ ਬਦਤਰ ਹੋ ਜਾਣ ਲਈ ਸ਼੍ਰੀ ਮੋਦੀ ਅਤੇ ਜੇਤਲੀ ਨੂੰ ਸਿੱਧੇ ਤੌਰ ‘ਤੇ ਦੋਸ਼ੀ ਠਹਿਰਾਉਂਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜਦੋਂ ਵੱਡੇ ਵੱਡੇ ਸਿਆਸਤਦਾਨ ਅਤੇ ਉਦਯੋਗਪਤੀਆਂ ਨੇ, ਹਿੰਦੂ ਮੰਦਰਾਂ ਅਤੇ ਮੱਠਾਂ ਦੇ ਟਰੱਸਟੀਆਂ ਰਾਹੀਂ ਅਤੇ ਪੰਜਾਬ ਦੇ ਕੁਬੇਰ ਧੰਨ ਬਾਦਲ ਦਲੀਆਂ ਨੇ ਆਪਣੇ ਕਾਲੇ ਧੰਨ ਨੂੰ ਇਹਨਾਂ ਮੰਦਰਾਂ, ਮੱਠਾਂ ਅਤੇ ਐਸ ਜੀ ਪੀ ਸੀ ਦੇ ਗੁਰੂ ਘਰਾਂ ਦੇ ਖਜ਼ਾਨਿਆਂ ਦੀ ਦੁਰਵਰਤੋਂ ਕਰਕੇ ਆਪਣੇ ਕਾਲੇ ਧੰਨ ਨੂੰ ਸੁਰੱਖਿਅਤ ਕਰ ਲਿਆ ਹੈ, ਫਿਰ ਇਹਨਾਂ ਨੋਟਾਂ ਉੱਤੇ ਪਾਬੰਦੀ ਦੀ ਗਾਜ਼ ਤਾਂ ਕੇਵਲ ਆਮ ਜਨਤਾ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਅਤੇ ਬੀਬੀਆਂ ਉਤੇ ਹੀ ਡਿੱਗੀ ਹੈ, ਜਿਸ ਨਾਲ ਅੱਜ ਸਮੁੱਚੇ ਮੁਲਕ ਵਿਚ ਜਿੰਮੀਦਾਰਾਂ, ਵਪਾਰੀਆਂ, ਦੁਕਾਨਦਾਰਾਂ, ਮਜ਼ਦੂਰਾਂ ਦੀ ਰੋਜ਼ਾਨਾ ਦੀ ਸਮਤਲ ਚੱਲਦੀ ਆ ਰਹੀ ਜਿੰਦਗੀ ਵਿਚ ਮੋਦੀ ਅਤੇ ਜੇਤਲੀ ਨੇ ਜਹਿਰ ਘੋਲ ਦਿੱਤਾ ਹੈ।
ਸ. ਮਾਨ ਨੇ ਅੱਗੇ ਚੱਲ ਕੇ ਕਿਹਾ ਕਿ ਮੋਦੀ ਦੀ ਬੀਜੇਪੀ ਹਕੂਮਤ ਵੱਲੋਂ ਚੋਣਾਂ ਜਿੱਤਣ ਤੋਂ ਪਹਿਲਾਂ ਹਿੰਦ ਨਿਵਾਸੀਆਂ ਨਾਲ ਕੀਤੇ ਗਏ ਉਸ ਵਾਅਦੇ ਕਿ ਬਾਹਰਲੇ ਮੁਲਕਾਂ ਵਿਚ ਹਿੰਦ ਦੇ ਧਨਾਢਾਂ ਦੇ ਕਰੋੜਾਂ ਅਰਬਾਂ ਰੁਪਏ ਦੀ ਜਮ੍ਹਾ ਰਾਸ਼ੀ ਨੂੰ ਭਾਰਤ ਮੰਗਵਾ ਕੇ ਇੱਥੋਂ ਦੇ ਨਿਵਾਸੀਆਂ ਵਿਚ ਵੰਡਿਆ ਜਾਵੇਗਾ, ਉਸ ਉਤੇ ਤਾਂ ਇਹ ਹੁਕਮਰਾਨ ਖਰੇ ਨਹੀਂ ਉਤਰ ਸਕੇ, ਲੇਕਿਨ 500 ਅਤੇ 1000 ਦੇ ਨੋਟਾਂ ‘ਤੇ ਪਾਬੰਦੀ ਲਗਾ ਕੇ ਇੱਥੋਂ ਦੇ ਨਿਵਾਸੀਆਂ ਦੀ ਜਿੰਦਗੀ ਨੂੰ ਅਸਤ-ਵਿਅਸਤ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹਿੰਦ ਦੇ ਮੁਤੱਸਵੀ ਹੁਕਮਰਾਨਾਂ, ਬੀਜੇਪੀ ਜਮਾਤ ਦਾ ਇੱਥੋਂ ਦੇ ਨਿਵਾਸੀਆਂ ਵਿਚ ਅੱਛਾ ਨਿਜਾਮ ਨਾ ਦੇਣ ਦੀ ਬਦੌਲਤ ਗ੍ਰਾਫ ਡਿੱਗ ਚੁੱਕਾ ਹੈ। ਆਪਣੇ ਇਸ ਡਿੱਗਦੇ ਗ੍ਰਾਫ ਨੂੰ ਉੱਪਰ ਚੁੱਕਣ ਅਤੇ ਯੂ ਪੀ ,ਪੰਜਾਬ ਅਤੇ ਹੋਰ ਸੂਬਿਆਂ ਵਿਚ ਆਉਣ ਵਾਲੀਆਂ ਚੋਣਾਂ ਜਿੱਤਣ ਦੀ ਮਨਸ਼ਾਂ ਨਾਲ ਅਜਿਹੇ ਸ਼ੇਖਚਿੱਲੀਆਂ ਵਾਲੇ ਅਮਲ ਕੀਤੇ ਜਾ ਰਹੇ ਹਨ ਅਤੇ ਅਜਿਹਾ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਮੋਦੀ ਤਾਂ ਇਕ ਮਸੀਹਾ ਬਣ ਕੇ ਆਇਆ ਹੈ, ਜੋ ਇੱਥੋਂ ਦੇ ਕਾਲੇ ਧੰਨ ਅਤੇ ਵੱਡੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਸੰਜੀਦਾ ਹੈ। ਜਦੋਂ ਕਿ ਮੋਦੀ ਅਤੇ ਬੀਜੇਪੀ ਨੇ ਪਹਿਲਾਂ ਵੀ ਚੋਣਾਂ ਕਾਲੇ ਧੰਨ ਦੇ ਮਾਲਕਾਂ, ਵੱਡੇ ਵੱਡੇ ਉਦਯੋਗਪਤੀਆਂ ਅਤੇ ਧਨਾਢਾਂ ਦੇ ਦਿੱਤੇ ਗਏ ਕਰੋੜਾਂ ਅਰਬਾਂ ਦੇ ਫੰਡਾਂ ਦੀ ਖੂਬ ਦੁਰਵਰਤੋਂ ਕਰਕੇ ਮੀਡੀਆ ਅਤੇ ਬਿਜਲਈ ਮੀਡੀਆ ਨੂੰ ਧੰਨ ਦੌਲਤਾਂ ਨਾਲ ਕਾਬੂ ਕਰਕੇ ਗੁੰਮਰਾਹਕੁੰਨ ਪ੍ਰਚਾਰ ਰਾਹੀਂ ਹੀ ਜਿੱਤੀਆਂ ਸਨ। ਹੁਣ ਵੀ ਉਸੇ ਢੰਗ ਨੂੰ ਨਵਾਂ ਭੁਲੇਖਾ ਪਾਊ ਰੂਪ ਦੇ ਕੇ ਇਹਨਾਂ ਸੂਬਿਆਂ ਦੀਆਂ ਚੋਣਾਂ ਜਿੱਤਣ ਲਈ ਹਿੰਦ ਦੇ ਗਰੀਬ ਮੱਧਵਰਗੀ 80-85% ਪਰਿਵਾਰਾਂ ਅਤੇ ਜਨਤਾ ਨਾਲ ਅਤੇ ਉਹਨਾਂ ਦੀ ਜਿੰਦਗੀ ਵਿਚ ਰੁਕਾਵਟ ਪਾ ਕੇ ਬਟਨਤੀਜਾ ਅਤੇ ਗਲਤ ਫੈਸਲਾ ਕੀਤਾ ਹੈ। ਜਿਸ ਦਾ ਖਾਮਿਆਜਾ ਅੱਜ ਹਿੰਦ ਦੀ ਜਨਤਾ ਭੁਗਤ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਹਾਲਾਤ ਹੋਰ ਵੀ ਵਿਸਫੋਟਕ ਇਸ ਲਈ ਬਣ ਜਾਣਗੇ, ਕਿਉਂ ਕਿ ਮੋਦੀ ਦੇ ਇਸ ਗੁਮਰਾਹਕੁੰਨ ਫੈਸਲੇ ਨਾਲ ਕੋਈ ਵੀ ਕ੍ਰਿਸ਼ਮਾ ਨਹੀਂ ਹੋਣ ਵਾਲਾ । ਬਲਕਿ ਮੋਦੀ ਦੀ ਅਤੇ ਬੀਜੇਪੀ ਦੀ ਸਰਪ੍ਰਸਤੀ ਕਰਨ ਵਾਲੇ ਵੱਡੇ ਵੱਡੇ ਉਦਯੋਗਪਤੀ ਅਤੇ ਧਨਾਢ ਪਹਿਲਾਂ ਨਾਲੋਂ ਵੀ ਅਮੀਰ ਅਤੇ ਖਰਬਾਂਪਤੀ ਹੋ ਜਾਣਗੇ ਅਤੇ ਹਿੰਦ ਦੀ ਜਨਤਾ ਹੋਰ ਦੁਸ਼ਵਾਰੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਵੇਗੀ। ਇਸ ਲਈ ਅਸੀਂ ਹਿੰਦ ਦੀ ਜਨਤਾ ਅਤੇ ਪੰਜਾਬ ਦੀ ਜਨਤਾ ਨੂੰ ਕਹਿਣਾ ਚਾਹਵਾਂਗੇ ਕਿ ਉਹ ਇਹਨਾਂ ਮੁਤੱਸਵੀਆਂ, ਹਿੰਦੂ ਰਾਗ ਅਲਾਪਣ ਵਾਲਿਆਂ ਅਤੇ ਉਹਨਾਂ ਦੇ ਭਾਈਵਾਲਾਂ ਬਾਦਲ ਦਲੀਆਂ ਨੂੰ ਹੀ ਵੋਟਾ ਪਾਉਣ ਅਤੇ ਅਗਲੇ ਮਾਰੂ ਨਤੀਜਿਆਂ ਦਾ ਇੰਤਜਾਰ ਕਰਨ।