ਨਵੀਂ ਦਿੱਲੀ – ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸਾਦ ਵੇਲੇ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਜਾਰੀ ਰੱਖਦਿਆਂ ਸੋਮਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 547ਵਾਂ ਪ੍ਰਕਾਸ਼ ਪੁਰਬ ਇੱਥੇ ਰਾਸ਼ਟਰਪਤੀ ਭਵਨ ਵਿਚ ਬੜੀ ਸ਼ਰਧਾ ਅਤੇ ਵਿਸ਼ਵਾਸ਼ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਤੋਂ ਇਲਾਵਾ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਾਈ।
ਸਭ ਤੋਂ ਪਹਿਲਾਂ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਇਸ ਪਵਿੱਤਰ ਮੌਕੇ ਉੱਤੇ ਸਮੂਹ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ। ਉਪਰੰਤ ਦਿੱਲੀ ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਰਾਸ਼ਟਰਪਤੀ ਅਤੇ ਸਮੂਹ ਸਿੱਖ ਸੰਗਤ ਦਾ ਸਵਾਗਤ ਕੀਤਾ ਅਤੇ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਇਸ ਤੋਂ ਬਾਅਦ ਦਿੱਲੀ ਕਮੇਟੀ ਵੱਲੋ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਦਾ ਆਯੋਜਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕੀਤਾ ਗਿਆ।
ਇਸ ਸਮਾਗਮ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸ. ਸਿਰਸਾ ਨੇ ਸ੍ਰੀ ਗੁਰੁ ਨਾਨਕ ਦੇਵ ਜੀ ਬਾਣੀ ਅਤੇ ਜੀਵਨ ਫਲਸਫੇ ਉੱਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਪਹਿਲੇ ਪਾਤਾਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਜਾਤ-ਪਾਤ ਅਤੇ ਵਹਿਮਾਂ-ਭਰਮਾਂ ਦੇ ਜੰਜਾਲ ਵਿਚੋਂ ਕੱਢ ਕੇ ਸੱਚ ਦੇ ਮਾਰਗ ਉੱਤੇ ਤੋਰਿਆ। ਔਰਤ ਨੂੰ ਰਾਜਿਆਂ ਦੀ ਜਣਨੀ ਕਹਿਕੇ ਉਸ ਦਾ ਰੁਤਬਾ ਉੱਚਾ ਕੀਤਾ। ਕਿਰਤ ਨੂੰ ਸਭ ਤੋਂ ਉੱਚੀ ਕਮਾਈ ਕਹਿ ਕੇ ਵਡਿਆਇਆ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਲੋਕਾਂ ਨੂੰ ਸੱਚੇ ਪ੍ਰਮਾਤਮਾ ਨਾਲ ਜੋੜਿਆ।
ਸ. ਸਿਰਸਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਚਾਰ ਉਦਾਸੀਆਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਗੁਰੂ ਸਾਹਿਬ ਪੂਰੀ ਮਨੁੱਖਤਾ ਨੂੰ ਸੱਚ ਦੇ ਮਾਰਗ ਉੱਤੇ ਤੋਰਨ ਅਤੇ ਸੱਚੇ ਪ੍ਰਮਾਤਮਾ ਨਾਲ ਜੋੜਣ ਲਈ ਚਾਰੇ ਦਿਸ਼ਾਵਾਂ ਵਿਚ ਗਏ।
ਇਸ ਤੋਂ ਬਾਅਦ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਦੁਆਰਾ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅਰਦਾਸ ਦੀ ਸਮਾਪਤੀ ਮਗਰੋਂ ਰਾਸ਼ਟਰਪਤੀ ਦੁਆਰਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ, ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਵਾਈਸ-ਪ੍ਰਧਾਨ ਸ. ਐਮਪੀ ਐਸ ਚੱਢਾ, ਜੂਨੀਅਰ ਵਾਈਸ-ਪ੍ਰਧਾਨ ਸਤਪਾਲ ਸਿੰਘ, ਜੋਆਇੰਟ ਸਕੱਤਰ ਸ. ਅਮਰਜੀਤ ਸਿੰਘ, ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ, ਹਜੂਰੀ ਰਾਗੀ ਦਰਬਾਰ ਸਾਹਿਬ ਭਾਈ ਰਾਏ ਸਿੰਘ, ਭਾਈ ਵਿਨੋਦ ਸਿੰਘ ਅਤੇ ਭਾਈ ਭੁਪਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਕਾਰਜਕਾਰੀ ਮੈਂਬਰ ਗੁਰਵਿੰਦਰ ਪਾਲ ਸਿੰਘ, ਹਰਦੇਵ ਸਿੰਘ ਧਨੋਆ, ਪਰਮਜੀਤ ਸਿੰਘ ਚੰਡੋਕ ਤੋਂ ਇਲਾਵਾ ਮੈਂਬਰ ਸ. ਚਮਨ ਸਿੰਘ, ਬੀਬੀ ਧੀਰਜ ਕੌਰ, ਕੈਪ. ਇੰਦਰਪ੍ਰੀਤ ਸਿੰਘ, ਕੁਲਵੰਤ ਸਿੰਘ ਬਾਠ, ਗੁਰਮੀਤ ਸਿੰਘ ਮੀਤਾ, ਮਨਮਿੰਦਰ ਸਿੰਘ ਨਾਰੰਗ (ਅਯੂਰ), ਓਂਕਾਰ ਸਿੰਘ ਥਾਪਰ, ਸਮਰਦੀਪ ਸਿੰਘ ਸੰਨੀ ਅਤੇ ਤਨਵੰਤ ਸਿੰਘ ਹਾਜ਼ਰ ਸਨ।
ਰਾਸ਼ਟਰਪਤੀ ਭਵਨ ਵਿਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ, ਜਿੱਥੇ ਰਾਸ਼ਟਰਪਤੀ ਸਮੇਤ ਸਮੁੱਚੀ ਸਿੱਖ ਸੰਗਤ ਨੇ ਲੰਗਰ ਛਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ।