ਨਵੀਂ ਦਿੱਲੀ – ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਸਿਰਫ਼ 15 ਲੋਕਾਂ ਦੀ ਸਰਕਾਰ ਚਲਾ ਰਹੇ ਹਨ। ਉਨ੍ਹਾਂ ਨੇ ਮੋਦੀ ਤੇ ਇਹ ਆਰੋਪ ਲਗਾਇਆ ਕਿ ਨੋਟਬੰਦੀ ਦੁਆਰਾ ਬੈਂਕਾਂ ਵਿੱਚ ਜਮ੍ਹਾਂ ਹੋ ਰਿਹਾ ਲੋਕਾਂ ਦਾ ਪੈਸਾ, ਸਿਰਫ਼ 15-20 ਉਦਯੋਗਪਤੀਆਂ ਦਾ ਟੈਕਸ ਮਾਫ਼ ਕਰਨ ਵਿੱਚ ਹੀ ਚਲਾ ਜਾਵੇਗਾ।
ਰਾਹੁਲ ਨੇ ਲੋਕਾਂ ਨੂੰ ਪੁੱਛਿਆ ਕਿ ਕੀ ਕੋਈ ਹਜ਼ਾਰਾਂ ਕਰੋੜ ਵਾਲਾ ਅਮੀਰ ਵਿਅਕਤੀ ਬੈਂਕਾਂ ਅੱਗੇ ਲਗੀਆਂ ਲਾਈਨਾਂ ਵਿੱਚ ਖੜਾ ਵਿਖਾਈ ਦੇ ਰਿਹਾ ਹੈ? ਉਨ੍ਹਾਂ ਨੇ ਕਿਹਾ, ‘ਮੋਦੀ ਜੀ ਦੇ ਨੋਟਬੰਦੀ ਦੇ ਫੈਂਸਲੇ ਨਾਲ ਤੁਹਾਨੂੰ ਸਾਰਿਆਂ ਨੂੰ ਕਸ਼ਟ ਹੋ ਰਿਹਾ ਹੈ,ਤੁਸੀਂ ਲਾਈਨਾਂ ਵਿੱਚ ਲਗੇ ਹੋ, ਕੀ ਕੋਈ ਅਮੀਰ ਵਿਅਕਤੀ ਲਾਈਨ ਵਿੱਚ ਲਗਾ ਵੇਖਿਆ? ਮੋਦੀ ਜੀ ਨੇ ਕੁਝ ਉਦਯੋਗਪਤੀਆਂ ਦੇ ਇੱਕ ਲੱਖ ਦਸ ਹਜ਼ਾਰ ਕਰੋੜ ਰੁਪੈ ਮਾਫ਼ ਕੀਤੇ ਹਨ। ਤੁਹਾਨੂੰ ਲਾਈਨਾਂ ਵਿੱਚ ਲਗਾਇਆ ਜਾ ਰਿਹਾ ਹੈ, ਤੁਹਾਡੀ ਜੇਬ ਵਿੱਚੋਂ ਪੈਸਾ ਕੱਢ ਕੇ ਉਹ ਉਦਯੋਗਪਤੀਆਂ ਨੂੰ ਦੇ ਦੇਣਗੇ। ਪੂਰਾ ਪੈਸਾ ਮਾਫੀ ਵਿੱਚ ਚਲਾ ਜਾਵੇਗਾ। ਮੋਦੀ ਜੀ 15 ਲੋਕਾਂ ਦੀ ਸਰਕਾਰ ਚਲਾ ਰਹੇ ਹਨ।’
ਨੋਟਬੰਦੀ ਨਾਲ ਲੋਕਾਂ ਨੂੰ ਹੋ ਰਹੀਆਂ ਪਰੇਸ਼ਾਨੀਆਂ ਦਾ ਜਿਕਰ ਕਰਦੇ ਹੋਏ ਰਾਹੁਲ ਨੇ ਕਿਹਾ, ‘ਕਿਸਾਨ ਪਰੇਸ਼ਾਨ ਹਨ, ਛੋਟੇ ਦੁਕਾਨਦਾਰ ਦੁੱਖੀ ਹਨ, ਮਜ਼ਦੂਰ ਦੁੱਖੀ ਹੈ, ਪੂਰਾ ਦੇਸ਼ ਲਾਈਨ ਵਿੱਚ ਲਗਾ ਹੋਇਆ ਹੈ ਅਤੇ ਮੋਦੀ ਜੀ ਹੱਸ ਰਹੇ ਹਨ। ਕਦੇ ਹੱਸਦੇ ਹਨ, ਕਦੇ ਰੋਂਦੇ ਹਨ। ਅਸਾਂ ਇੱਕ ਇੰਚ ਵੀ ਪਿੱਛੇ ਨਹੀਂ ਹੱਟਣਾ।’