ਬਾਬਾ ਨਾਜਮੀ ਦੀ ਇੱਕ ਕਵਿਤਾ ਸੁਣੀ ਸੀ ਜਿਸਦੇ ਬੋਲ ਸਨ-
ਜਿਸ ਦੇਸ਼ ਵਿਚ ਭੁੱਖਾ ਮਰੇ ਮਜ਼ਦੂਰ,
ਉਸਦੇ ਹਾਕਮ ਕੁੱਤੇ ਉਸਦੇ ਹਾਕਮ ਸੂਰ,
ਅੱਜ ਸਾਡੇ ਦੇਸ਼ ਵਿਚ 100 ਪਿੱਛੇ 25 ਆਦਮੀ ਭੁੱਖੇ ਸੌਣ ਲਈ ਮਜ਼ਬੂਰ ਹਨ। ਇਸ ਤੋਂ ਵੀ ਭੈੜੀਆਂ ਹਾਲਤਾਂ ਪਾਕਿਸਤਾਨ ਦੀਆਂ ਹਨ ਜਿੱਥੇ 100 ਪਿੱਛੇ 40 ਵਿਅਕਤੀ ਭੁੱਖੇ ਸੌਂਦੇ ਹਨ। ਬੰਗਲਾ ਦੇਸ਼ ਨੇ ਆਪਣੀ ਹੋਂਦ ਤੋਂ ਬਾਅਦ ਕੋਈ ਜੰਗ ਨਹੀਂ ਲੜੀ ਇਸ ਲਈ ਉਥੇ ਸਿਰਫ 12 ਵਿਅਕਤੀ ਭੁੱਖੇ ਸੋਣ ਲਈ ਮਜ਼ਬੂਰ ਹਨ। ਭਾਰਤ ਤੇ ਪਾਕਿਸਤਾਨ ਨੇ 1947, 1965, 1971 ਤੇ 1999 ਦੀਆਂ ਜੰਗਾਂ ਲੜੀਆਂ ਹਨ। ਹਰ ਲੜਾਈ ਨੇ ਸਾਨੂੰ ਜੰਗ ਦੀ ਤਿਆਰੀ ਉਪਰ ਅਰਬਾਂ ਰੁਪਏ ਖਰਚਣ ਤੇ ਮਜ਼ਬੂਰ ਕਰ ਦਿੱਤਾ ਹੈ। ਕਸ਼ਮੀਰ ਦੀ ਸਮੱਸਿਆ 1947 ਵਿੱਚ ਜਿੱਡੀ ਸੀ ਉਸਤੋਂ ਵੀ ਭੈੜੀ ਹਾਲਤ ਵਿੱਚ ਚਲੀ ਗਈ ਹੈ। ਅੱਜ 6 ਸਾਲਾਂ ਤੋਂ ਲੈ ਕੇ 80 ਸਾਲ ਤੱਕ ਦਾ ਹਰੇਕ ਕਸ਼ਮੀਰੀ ਬਾਸ਼ਿੰਦਾ ਆਪਣੇ ਆਪ ਨੂੰ ਭਾਰਤੀ ਕਹਿਣ ਲਈ ਤਿਆਰ ਨਹੀਂ। ਮੋਦੀ ਯੁੱਗ ਵਿੱਚ ਇਹ ਹਾਲਤ ਹੋਰ ਬੁਰੀ ਹੋਈ ਹੈ। ਸੋ ਨੇੜ ਭਵਿੱਖ ਵਿੱਚ ਵੀ ਇਸ ਸਮੱਸਿਆ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਹੈ।
ਇਸ ਗੱਲ ਵਿਚ ਵੀ ਕੋਈ ਸ਼ੱਕ ਨਹੀਂ ਕਿ ਕਸ਼ਮੀਰ ਵਿਚ ਗੜਬੜ ਕਰਨ ਜਾਂ ਕਰਵਾਉਣ ਲਈ ਪਾਕਿਸਤਾਨ ਅੱਤਵਾਦੀਆਂ ਸਰਗਰਮੀਆਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਭਾਰਤ ਨੂੰ ਇਹ ਗੱਲ ਬਰਦਾਸ਼ਤ ਨਹੀਂ। ਸੋ ਭਾਰਤ ਸਰਕਾਰ ਦੀ ਸਰਜੀਕਲ ਸਟਰਾਈਕ ਵਰਗੀਆਂ ਕਾਰਵਾਈਆਂ ਕਰਨਾ ਜਾਂ ਕਰਵਾਉਣਾ ਮਜ਼ਬੂਰੀ ਹੈ। ਸੋ ਅੱਤਵਾਦੀਆਂ ਦੇ ਕੈਂਪਾਂ ਤੇ ਕੀਤੇ ਅਜਿਹੇ ਹਮਲਿਆਂ ਨੇ ਭਾਰਤ ਤੇ ਪਾਕਿਸਤਾਨ ਨੂੰ ਜੰਗ ਦੇ ਮੁਹਾਜ ਤੇ ਲਿਆ ਖੜਾਇਆ ਹੈ। ਭਾਰਤ ਤੇ ਪਾਕਿਸਤਾਨ ਦੋਵੇਂ ਐਟਮੀ ਮੁਲਕ ਹਨ। ਮਾਹਿਰਾਂ ਦਾ ਖਿਆਲ ਹੈ ਕਿ ਜੇ ਇਹ ਜੰਗ ਸ਼ੁਰੂ ਹੋ ਜਾਂਦੀ ਹੈ ਤਾਂ ਇਕ ਹਫਤੇ ਵਿੱਚ ਦੋਵਾਂ ਮੁਲਕਾਂ ਦੇ ਇੱਕੀ ਕਰੋੜ ਵਿਅਕਤੀ ਮੌਤ ਦੇ ਮੂੰਹ ਜਾ ਪੈਣਗੇ। ਇੱਥੇ ਹਰੇਕ ਸੱਤਵੇ ਵਿਅਕਤੀ ਦੀ ਲਾਸ਼ ਰੁਲੀ ਫਿਰੇਗੀ ਕੋਈ ਵੀ ਇਸਨੂੰ ਸਾਂਭਣ ਵਾਲਾ ਨਹੀਂ ਹੋਵੇਗਾ। ਹਸਪਤਾਲਾਂ ਵਿੱਚ ਤਿਲ ਸੁੱਟਣ ਨੂੰ ਥਾਂ ਨਹੀਂ ਹੋਵੇਗੀ। ਸਿਹਤ ਸਹੂਲਤਾਂ ਲਈ ਜੋ ਢਾਂਚਾ ਸਾਡੇ ਦੇਸ਼ ਵਿਚ ਮੌਜੂਦ ਹੈ ਉਹ ਪੂਰੀ ਤਰ੍ਹਾਂ ਗੜਬੜਾ ਜਾਵੇਗਾ। ਜੇ ਜੰਗ ਕਿਸੇ ਰੂਪ ਵਿੱਚ ਟਲ ਵੀ ਜਾਂਦੀ ਹੈ ਤਾਂ ਵੀ ਭਾਰਤ ਤੇ ਪਾਕਿਸਤਾਨ ਲਈ ਆਉਣ ਵਾਲੇ ਦਿਨ ਚੰਗੇ ਨਹੀਂ ਹੋਣਗੇ ਕਿਉਂਕਿ ਦੋਵੇਂ ਮੁਲਕਾਂ ਨੇ ਇੱਕ ਦੂਜੇ ਦੇ ਡਰੋਂ ਜੰਗ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਭਾਰਤ ਸਰਕਾਰ ਵਲੋਂ 36 ਰਾਫੇਲ ਜਹਾਜ਼ਾਂ ਦਾ ਆਰਡਰ 58000 ਕਰੋੜ ਅੰਬਾਨੀ ਦੀ ਹਿੱਸੇਦਾਰ ਫਰਾਂਸੀਸੀ ਕੰਪਨੀ ਨੇ ਦਿੱਤਾ ਹੈ। ਬਹੁਤੇ ਪੰਜਾਬੀ ਇਹ ਅੰਦਾਜਾ ਅਸਾਨੀ ਨਾਲ ਹੀ ਲਾ ਸਕਦੇ ਹਨ ਕਿ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਕਿਸੇ ਵੀ ਪਿੰਡ ਦੇ ਹਾਈ ਸਕੂਲ ਤੇ ਹਸਪਤਾਲ ਦੀ ਇਮਾਰਤ ਦੀ ਉਸਾਰੀ ਕੀਤੀ ਜਾ ਸਕਦੀ ਹੈ। ਪੰਜਾਬ ਦੇ 12500 ਪਿੰਡਾਂ ਤੇ ਸ਼ਹਿਰਾਂ ਦੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੀ ਉਸਾਰੀ ਲਗਭਗ 12500 ਕਰੋੜ ਰੁਪਏ ਵਿੱਚ ਕੀਤੀ ਜਾ ਸਕਦੀ ਹੈ। ਇਸਦਾ ਸਿੱਧਾ ਜਿਹਾ ਮਤਲਬ ਹੈ ਕਿ ਇਕੱਲਾ ਰਾਫੇਲ ਜਹਾਜਾਂ ਦਾ ਸੌਦਾ ਹੀ ਭਾਰਤ ਦੇ ਪੰਜ ਰਾਜਾਂ ਦੇ ਵਿਕਾਸ ਦੀ ਰਕਮ ਹੜੱਪ ਕਰ ਜਾਏਗਾ। ਰੂਸ ਨਾਲ ਵੀ ਲਗਭਗ 34500 ਕਰੋੜ ਰੁਪਏ ਦਾ ਜੰਗੀ ਸਮਾਨ ਖ੍ਰੀਦਣ ਦਾ ਫੈਸਲਾ ਹੋ ਚੁੱਕਿਆ ਹੈ। ਇਕੱਲੇ ਦੋ ਸੌਦਿਆਂ ਨਾਲ ਨਹੀਂ ਸਰਨਾ ਭਾਰਤ ਨੂੰ ਅਜਿਹੇ ਅੱਧੀ ਦਰਜਨ ਸੌਦੇ ਤਾਂ ਕਰਨੇ ਹੀ ਪੈਣਗੇ। ਇਸਦਾ ਸਿੱਧਾ ਜਿਹਾ ਮਤਲਬ ਹੈ ਘੱਟੋ ਘੱਟ ਦਸ ਸਾਲ ਭਾਰਤ ਕੋਈ ਤਰੱਕੀ ਨਹੀਂ ਕਰ ਸਕੇਗਾ।
ਗਰੀਬਾਂ ਦੀ ਅਨਰੇਗਾ ਸਕੀਮ, ਐਨ. ਆਰ. ਐਚ. ਐਮ. ਸਕੀਮ, ਸਕੂਲੀ ਬੱਚਿਆਂ ਲਈ ਭੋਜਨ ਵਾਲੀਆਂ ਸਕੀਮਾਂ ਹਰ ਸਾਲ ਕਟੌਤੀ ਦਾ ਸ਼ਿਕਾਰ ਹੁੰਦੀਆਂ ਦਮ ਤੋੜ ਜਾਣਗੀਆਂ। ਮੋਦੀ ਦੁਆਰਾ ਗਰੀਬਾਂ ਲਈ ਬਣਨ ਵਾਲੇ ਮਕਾਨ ਸੁਪਨਾ ਹੀ ਬਣ ਕੇ ਰਹਿ ਜਾਣਗੇ। ਬੇਰੁਜਗਾਰੀ ਦੀ ਹਾਲਤ ਹੋਰ ਬੁਰੀ ਹੋ ਜਾਵੇਗੀ। ਪਾਕਿਸਤਾਨ ਦੀਆਂ ਹਾਲਤਾਂ ਇਸਤੋਂ ਵੀ ਭੈੜੀਆਂ ਹੋ ਜਾਣਗੀਆਂ। ਸਮੁੱਚੀ ਦੁਨੀਆਂ ਵਿੱਚ ਖਾਣ ਵਾਲੇ ਭੋਜਨ ਦੀ ਕੋਈ ਕਮੀ ਨਹੀਂ ਹੈ ਪਰ ਭਾਰਤ ਤੇ ਪਾਕਿਸਤਾਨ ਦਿਨੋਂ ਦਿਨ ਥੁੜ ਦਾ ਸ਼ਿਕਾਰ ਹੁੰਦੇ ਜਾਣਗੇ ਕਿਉਂਕਿ ਦੁਨੀਆਂ ਦੇ 194 ਦੇਸ਼ਾਂ ਵਿੱਚੋਂ ਬਹੁਤੇ ਹਥਿਆਰ ਖ੍ਰੀਦਣ ਵਾਲੇ ਇਹ ਦੋ ਮੁਲਕ ਹੀ ਬਚੇ ਹਨ। ਇਸ ਲਈ ਸਰਮਾਏਦਾਰ ਮੁਲਕ ਜੰਗ ਨੂੰ ਰੋਕਣ ਦੀ ਬਜਾਏ ਕਰਵਾਉਣ ਲਈ ਯਤਨਸ਼ੀਲ ਹੋਣਗੇ। ਪਿਛਲੀਆਂ ਜੰਗਾਂ ਨੇ ਭਾਰਤ ਨੂੰ ਸਭ ਤੋਂ ਜ਼ਿਆਦਾ ਭੁੱਖਮਰੀ ਵਾਲੇ 118 ਦੇਸ਼ਾਂ ਵਿੱਚੋਂ 97 ਨੰਬਰ ਤੇ ਅਤੇ ਪਾਕਿਸਤਾਨ 114 ਨੰਬਰ ਤੇ ਲਿਜਾ ਸੁਟਿਆ ਹੈ। ਭਾਰਤ ਦੇ ਗੁਆਂਢੀ ਮੁਲਕ ਨੇਪਾਲ, ਬੰਗਲਾ ਦੇਸ਼ ਤੇ ਸ੍ਰੀ ¦ਕਾ ਭੁੱਖਮਰੀ ਦੀਆਂ ਹਾਲਤਾਂ ਵਿਚ ਭਾਰਤ ਨਾਲੋਂ ਵਧੀਆਂ ਹਾਲਤ ਵਿੱਚ ਹਨ। ਸੋ ਇਸ ਖਿੱਤੇ ਦੇ ਲੋਕਾਂ ਨੂੰ ਚੰਗੇ ਦਿਨਾਂ ਦੀ ਬਜਾਏ ਬੁਰੇ ਦਿਨ ਦੇਖਣੇ ਪੈ ਸਕਦੇ ਹਨ।