ਫ਼ਤਹਿਗੜ੍ਹ ਸਾਹਿਬ – ਸ੍ਰੀ ਮੋਦੀ ਨੇ ਜੋ ‘ਕਾਲਾ ਧਨ’ ਨੂੰ ਜੋ ਖ਼ਤਮ ਕਰਨ ਦੀ ਗੱਲ ਨੂੰ ਆਧਾਰ ਬਣਾਕੇ 500-1000 ਦੇ ਨੋਟਾਂ ਦੀ ਬਿਨ੍ਹਾਂ ਯੋਜਨਾ ਅਤੇ ਅਗਾਓ ਪ੍ਰਬੰਧ ਦੇ ਨੋਟਬੰਦੀ ਕੀਤੀ ਹੈ, ਉਹ ਆਮ ਜਨਤਾ ਨੂੰ ਆਉਣ ਵਾਲੀਆਂ ਵੱਡੀ ਦਰਪੇਸ਼ ਮੁਸ਼ਕਿਲਾਂ ਨੂੰ ਨਜ਼ਰ ਅੰਦਾਜ ਕਰਕੇ ਮੁਹੰਮਦ ਤੁਗਲਕ ਵਾਲੇ ਅਮਲ ਕੀਤੇ ਹਨ। ਜੋ ਆਪਣੀ ਮਰਜੀ ਨਾਲ ਕਦੇ ਆਪਣੇ ਰਾਜ ਵਿਚ ਸਿੱਕੇ ਤੇ ਕਰੰਸੀ ਬਦਲ ਦਿੰਦਾ ਸੀ, ਕਦੀ ਆਪਣੀ ਮਰਜੀ ਨਾਲ ਸੁਗਲ ਵੱਜੋ ਆਪਣੀ ਬਾਦਸ਼ਾਹੀ ਦੀ ਪੂਰੀ ਰਾਜਧਾਨੀ ਹੀ ਬਦਲ ਦਿੰਦਾ ਸੀ । ਜਦੋਂਕਿ ਅਜਿਹੇ ਸਮੇਂ ਜਨਤਾ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਉਸ ਨੂੰ ਕੋਈ ਗਿਆਨ ਨਹੀਂ ਸੀ ਹੁੰਦਾ । ਮੋਦੀ ਦੇ ਨੋਟਬੰਦੀ ਦੇ ਫੈਸਲੇ ਨੂੰ ਭਾਰਤ ਦੀ ਜਨਤਾ ਨੇ ਗਲਤ ਕਰਾਰ ਦੇ ਦਿੱਤਾ ਹੈ। ਬੀਜੇਪੀ ਅਤੇ ਆਰਥਐਸ਼ਐਸ਼ ਦੇ ਕਿਸੇ ਵੀ ਵੱਡੇ ਨੇਤਾ ਵੱਲੋਂ ਮੋਦੀ ਵੱਲੋਂ ਕੀਤੀ ਨੋਟਬੰਦੀ ਦੇ ਅਮਲਾਂ ਦੇ ਹੱਕ ਵਿਚ ਕਿਸੇ ਤਰ੍ਹਾਂ ਦੀ ਵੀ ਬਿਆਨਬਾਜੀ ਨਾ ਆਉਣਾ ਵੀ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਮੋਦੀ ਦਾ ਨੋਟਬੰਦੀ ਦਾ ਫੈਸਲਾ ਇਥੋਂ ਦੀ ਆਰਥਿਕਤਾ ਨੂੰ ਸਹੀ ਕਰਨ ਦੀ ਬਜਾਇ ਹੋਰ ਲੜ-ਖੜਾ ਦੇਵੇਗਾ ਅਤੇ ਇਥੋਂ ਦੀ ਜਨਤਾ ਲਈ ਐਮਰਜੈਸੀ ਤੋ ਵੀ ਖ਼ਤਰਨਾਕ ਹਾਲਾਤ ਪੈਦਾ ਕਰ ਦਿੱਤੇ ਹਨ।
ਇਹ ਵਿਚਾਰ ਸ੍. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਵੱਲੋ ਬਿਨ੍ਹਾਂ ਕਿਸੇ ਅਗਾਓ ਪ੍ਰਬੰਧ ਅਤੇ ਇਥੋਂ ਦੇ ਮੱਧਵਰਗੀ ਅਤੇ ਗਰੀਬ ਪਰਿਵਾਰਾਂ ਦੀਆਂ ਮੁਸ਼ਕਿਲਾਂ ਨੂੰ ਨਜ਼ਰ ਅੰਦਾਜ ਕਰਕੇ ਮੁਹੰਮਦ ਤੁਗਲਕ ਦੀ ਤਰ੍ਹਾਂ ਕੀਤੇ ਗਏ ਫੈਸਲੇ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਅਤੇ ਇਸ ਜਨਤਾ ਵਿਰੋਧੀ ਫੈਸਲੇ ਨੂੰ ਤੁਰੰਤ ਰੱਦ ਕਰਨ ਦੀ ਆਵਾਜ਼ ਉਠਾਉਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋਂ ਇਹਨੀ ਦਿਨੀ ਜਿੰਮੀਦਾਰਾਂ ਦੀ ਕਣਕ ਦੀ ਫ਼ਸਲ ਦੇ ਬਿਜਾਈ ਵਾਲੇ ਦਿਨ ਹਨ। ਜਿੰਮੀਦਾਰ ਨੂੰ ਕਣਕ ਦਾ ਬੀਜ ਲੈਣ, ਖਾਦ ਤੇ ਦਵਾਈਆਂ ਲੈਣ ਅਤੇ ਖੇਤੀ ਲਈ ਡੀਜ਼ਲ ਵਗੈਰਾ ਪ੍ਰਾਪਤ ਕਰਨ ਲਈ ਉਸ ਨੂੰ ਆਪਣੇ ਵੱਲੋਂ ਸਹੂਲਤ ਲਈ ਬਣਾਈ ਗਈ ਬੈਂਕ ਲਿਮਟ ਵਿੱਚੋਂ ਕੋਈ ਵੀ ਰਾਸ਼ੀ ਪ੍ਰਾਪਤ ਨਹੀਂ ਹੋ ਰਹੀ । ਤਾਂ ਅਜਿਹੇ ਅਮਲ ਨਾਲ ਤਾਂ ਜਿੰਮੀਦਾਰ ਦਾ ਘਰ-ਬਾਰ ਅਤੇ ਖੇਤੀ ਦਾ ਸਮੁੱਚਾ ਪ੍ਰਬੰਧ ਤਹਿਸ-ਨਹਿਸ ਹੋ ਚੁੱਕਿਆ ਹੈ । ਅੱਜ ਮਜ਼ਦੂਰ ਵਰਗ ਨੂੰ ਆਪਣੀ ਰਸੋਈ ਦੀ ਰੋਟੀ ਦਾ ਪ੍ਰਬੰਧ ਕਰਨ ਲਈ ਆਪਣੀ ਮਿਹਨਤਾਨਾ ਦਿਹਾੜੀ ਛੱਡਕੇ ਬੈਂਕਾਂ ਦੀਆਂ ਲਾਇਨਾਂ ਵਿਚ ਸਾਰਾ-ਸਾਰਾ ਦਿਨ ਖੜ੍ਹਨਾ ਪੈ ਰਿਹਾ ਹੈ। ਵਿਆਹਾਂ ਵਾਲੇ ਘਰਾਂ ਵਿਚ ਜਿਥੇ ਖੁਸ਼ੀਆਂ ਤੇ ਰੋਕਣਾ ਨੇ ਲਹਿਰਾ ਲਗਾਉਣੀਆਂ ਸਨ, ਉਹਨਾਂ ਘਰਾਂ ਵਿਚ ਵਿਆਹ ਦੇ ਪ੍ਰਬੰਧ ਲਈ ਲੋੜੀਂਦਾ ਧੰਨ ਪ੍ਰਾਪਤ ਨਾ ਹੋਣ ਦੀ ਬਦੌਲਤ ਸਨਾਟਾ ਤੇ ਨਮੋਸ਼ੀ ਛਾਈ ਹੋਈ ਹੈ ਅਤੇ ਪੰਜਾਬ ਵਿਚ ਤਾਂ ਕਈ ਮਾਪਿਆ ਦੀਆਂ ਇਸੇ ਦੁੱਖ ਵਿਚ ਮੌਤਾਂ ਵੀ ਹੋ ਚੁੱਕੀਆਂ ਹਨ। ਬੈਕਾਂ ਦੀਆਂ ਲਾਈਨਾਂ ਵਿਚ ਖੜ੍ਹਨ ਵਾਲੇ ਆਮ ਪਰਿਵਾਰਾਂ ਦੇ 40 ਦੇ ਕਰੀਬ ਭਾਰਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਛੋਟੇ ਦੁਕਾਨਦਾਰ, ਵਪਾਰੀਆਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ। ਲੇਕਿਨ ਹਿੰਦ ਦੇ ਵਜ਼ੀਰ-ਏ-ਆਜ਼ਮ ਮੋਦੀ ਰੂਪੀ ਨੀਰੂ ਆਪਣੀ ਬੰਸਰੀ ਬਜਾਕੇ ਹੌਕਾ ਦੇ ਰਿਹਾ ਹੈ ਕਿ ਸਭ ਅਮਨ-ਚੈਨ ਤੇ ਸੁੱਖ-ਸਾਂਦ ਹੈ। ਉਹਨਾਂ ਕਿਹਾ ਕਿ ਜਦੋਂ ਕਰੋੜਾਂ-ਅਰਬਾਪਤੀ, ਉਦਯੋਗਪਤੀਆਂ ਨੇ ਆਪਣੇ ਕਾਲੇ ਧਨ ਨੂੰ ਪਹਿਲਾਂ ਹੀ ਸੋਨੇ ਦੀਆਂ ਇੱਟਾ, ਜਾਇਦਾਦਾਂ ਰਾਹੀ ਨੋਟਬੰਦੀ ਤੋਂ ਪਹਿਲਾ ਹੀ ਬਦਲ ਲਿਆ ਹੈ ਅਤੇ ਆਪਣੇ ਅਜਿਹੇ ਧੰਨ ਨੂੰ ਡਾਲਰਾਂ, ਯੂਰੂਆ, ਪੌਡਾਂ ਦੀ ਵਿਦੇਸ਼ੀ ਕਰੰਸੀ ਵਿਚ ਬਦਲਕੇ ਸਫ਼ੈਦ ਕਰ ਲਿਆ ਹੈ, ਤਾਂ ਫਿਰ ਮੋਦੀ ਕਾਲੇ ਧਨ ਨੂੰ ਖ਼ਤਮ ਕਰਨ ਅਤੇ ਹਿੰਦ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦਾ ਦਾਅਵਾ ਕਿਸ ਦਲੀਲ ਅਧੀਨ ਕਰ ਰਹੇ ਹਨ ? ਜਦੋਂਕਿ ਮੱਧਵਰਗੀ ਤੇ ਗਰੀਬ ਪਰਿਵਾਰ ਮੋਦੀ ਦੇ ਤੁਗਲਕੀ ਫੈਸਲਿਆਂ ਦੀ ਬਦੌਲਤ ਵੱਡੀਆਂ ਮੁਸ਼ਕਿਲਾਂ ਵਿਚ ਘਿਰੇ ਹੋਏ ਹਨ ਅਤੇ ਸਭ ਪਾਸੇ ਹਫੜਾ-ਦਫੜੀ ਅਤੇ ਅਨਿਸ਼ਚਤਾ ਫੈਲਦੀ ਜਾ ਰਹੀ ਹੈ । ਇਸ ਲਈ ਮੋਦੀ ਤੇ ਉਸਦੇ ਸਲਾਹਕਾਰ ਸਿੱਧੇ ਤੌਰ ਤੇ ਜਿੰਮੇਵਾਰ ਹਨ। ਇਹ ਬੇਨਤੀਜਾ ਤੁਗਲਕੀ ਫੈਸਲਾ ਤੁਰੰਤ ਰੱਦ ਹੋਣਾ ਚਾਹੀਦਾ ਹੈ ।