ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਵੀਰਵਾਰ ਨੂੰ ਰਾਜਸਭਾ ਵਿੱਚ ਨੋਟਬੰਦੀ ਦੇ ਮਾਮਲੇ ਤੇ ਮੋਦੀ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਸ ਦੀ ਸਰਕਾਰ ਨੇ ਬਿਨਾਂ ਕਿਸੇ ਠੋਸ ਤਿਆਰੀ ਦੇ ਏਡੀ ਵੱਡੀ ਸਕੀਮ ਲਾਗੂ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੋਟਬੰਦੀ ਦੇ ਲਈ 50 ਦਿਨ ਾਂ ਦੀ ਮੰਗ ਕਰ ਰਹੀ ਹੈ ਜੋ ਕਿ ਆਮ ਲੋਕਾਂ ਦੇ ਲਈ ਬਹੁਤ ਹੀ ਪੀੜਾਦਾਇਕ ਹੈ। ਮੋਦੀ ਸਰਕਾਰ ਇਸ ਸਕੀਮ ਨੂੰ ਲਾਗੂ ਕਰਨ ਵਿੱਚ ਅਸਫਲ ਰਹੀ ਹੈ। ਨੋਟਬੰਦੀ ਨਾਲ ਦੇਸ਼ ਦੀ ਜੀਡੀਪੀ 2% ਤੱਕ ਡਿੱਗ ਸਕਦੀ ਹੈ।
ਡਾ. ਮਨਮੋਹਨ ਸਿੰਘ ਨੇ ਰਾਜਸਭਾ ਵਿੱਚ ਨੋਟਬੰਦੀ ਤੇ ਬਹਿਸ ਦੌਰਾਨ ਕਿਹਾ, ‘ਨੋਟਬੰਦੀ ਨਾਲ ਆਮ ਲੋਕਾਂ ਨੂੰ ਜੋ ਤਕਲੀਫ਼ ਹੋਈ ਹੈ। ਇਸ ਦਾ ਪ੍ਰਭਾਵ ਜੀਡੀਪੀ ਤੇ ਵੀ ਪਵੇਗਾ। ਨੋਟਬੰਦੀ ਨਾਲ ਖੇਤੀਬਾੜੀ, ਛੋਟੇ ਉਦਯੋਗ ਅਤੇ ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਬਹੁਤ ਨੁਕਸਾਨ ਹੋਵੇਗਾ। ਉਨ੍ਹਾਂ ਨੇ ਕਿਹਾ, ‘ਮੈਂ ਸਰਕਾਰ ਦੇ ਕਦਮ ਨਾਲ ਅਸਹਿਮੱਤ ਨਹੀਂ ਹਾਂ ਪਰ ਜਿਸ ਤਰੀਕੇ ਨਾਲ ਇਸ ਨੂੰ ਲਾਗੂ ਕੀਤਾ ਗਿਆ ਹੈ ਉਹ ਬਹੁਤ ਹੀ ਪੀੜਾਦਾਇਕ ਹੈ।’ ਉਨ੍ਹਾਂ ਨੇ ਮੋਦੀ ਨੂੰ ਪੁਛਿਆ ਕਿ ਕੀ ਉਹ ਕਿਸੇ ਅਜਿਹੇ ਦੇਸ਼ ਦਾ ਨਾਮ ਦੱਸਣਗੇ ਜਿੱਥੇ ਲੋਕ ਆਪਣੇ ਪੈਸੇ ਬੈਂਕ ਵਿੱਚ ਜਮ੍ਹਾ ਤਾਂ ਕਰ ਸਕਦੇ ਹਨ ਪਰ ਕਢਵਾ ਨਹੀਂ ਸਕਦੇ?
ਸਾਬਕਾ ਪ੍ਰਧਾਨਮੰਤਰੀ ਨੇ ਕਿਹਾ ਕਿ ਨੋਟਬੰਦੀ ਵਿੱਚ ਬਦਇੰਤਜਾਮੀ ਹੋਈ ਹੈ। ਉਨ੍ਹਾਂ ਨੇ ਕਿਹਾ, ‘ ਨੋਟਬੰਦੀ ਨਾਲ 60-65 ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ।’ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਨਤਾ ਨੂੰ ਵਿਸ਼ਵਾਸ਼ ਵਿੱਚ ਲਵੇ। ਰੋਜ਼ਾਨਾ ਨਵੇਂ-ਨਵੇਂ ਨਿਯਮ ਬਣਾਉਣਾ ਠੀਕ ਨਹੀਂ ਹੈ। ਪੀਐਮਓ ਨੋਟਬੰਦੀ ਨੂੰ ਲਾਗੂ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋਇਆ ਹੈ। ਉਨ੍ਹਾਂ ਨੇ ਕਿਹਾ, ‘ ਜੋ ਲੋਕ ਨੋਟਬੰਦੀ ਨੂੰ ਲੰਬੇ ਸਮੇਂ ਲਈ ਚੰਗਾ ਦੱਸ ਰਹੇ ਹਨ, ਉਨ੍ਹਾਂ ਨੂੰ ਆਪਣਾ ਬਿਆਨ ਸਹੀ ਕਰਨ ਦੀ ਜਰੂਰਤ ਹੈ। ਸਾਬਕਾ ਪ੍ਰਧਾਨਮੰਤਰੀ ਨੇ ਕਿਹਾ, ‘ ਮੈਨੂੰ ਉਮੀਦ ਹੈ ਕਿ ਪੀਐਮ ਆਮ ਲੋਕਾਂ ਨੂੰ ਰਾਹਤ ਦੇਣ ਲਈ ਯੋਗ ਰਸਤੇ ਤਲਾਸ਼ਣਗੇ। ਪ੍ਰਧਾਨਮੰਤਰੀ ਨੂੰ ਇਸ ਨੂੰ ਲਾਗੂ ਕਰਨ ਦੇ ਲਈ ਮਜ਼ਬੂਤ ਤੰਤਰ ਦੇ ਨਾਲ ਸਾਹਮਣੇ ਆਉਣਾ ਚਾਹੀਦਾ ਸੀ।’