ਹਵਾਨਾ – ਕਿਊਬਾ ਦੇ ਕਰਾਂਤੀਕਾਰੀ ਨੇਤਾ ਅਤੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤਰੋ ਦਾ ਸ਼ਨਿਚਰਵਾਰ ਰਾਤ ਨੂੰ ਦੇਹਾਂਤ ਹੋ ਗਿਆ ਹੈ। ਸਥਾਨਕ ਨਿਊਜ਼ ਚੈਨਲਾਂ ਨੇ ਉਨ੍ਹਾਂ ਦੇ ਵੱਡੇ ਭਰਾ ਰਾਊਲ ਕਾਸਤਰੋ ਦੇ ਹਵਾਲੇ ਨਾਲ ਫਿਦੇਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹ 90 ਸਾਲ ਦੇ ਸਨ।
ਫਿਦੇਲ ਕਾਸਤਰੋ ਪਿੱਛਲੇ 10 ਸਾਲਾਂ ਤੋਂ ਸਿਹਤ ਠੀਕ ਨਾ ਹੋਣ ਕਾਰਣ ਸੱਤਾ ਤੋਂ ਦੂਰ ਸਨ। ਫਿਦੇਲ ਕਾਸਤਰੋ ਕਿਊਬਾ ਕਰਾਂਤੀ ਦੇ ਪ੍ਰਮੁੱਖ ਨੇਤਾ ਮੰਨੇ ਜਾਂਦੇ ਹਨ। ਉਹ 1959 ਤੋਂ ਲੈ ਕੇ ਦਸੰਬਰ 1976 ਤੱਕ ਕਿਊਬਾ ਦੇ ਪ੍ਰਧਾਨਮੰਤਰੀ ਰਹੇ ਸਨ, ਬਾਅਦ ਵਿੱਚ ਉਹ ਰਾਸ਼ਟਰਪਤੀ ਵੀ ਬਣੇ। 2008 ਵਿੱਚ ਉਨ੍ਹਾਂ ਨੇ ਆਪਣੀ ਕੁਰਸੀ ਆਪਣੇ ਭਰਾ ਰਾਊਲ ਨੂੰ ਸੌਂਪ ਦਿੱਤੀ ਸੀ ਅਤੇ ਉਨ੍ਹਾਂ ਦੀ ਜਗ੍ਹਾ ਹੁਣ ਉਨ੍ਹਾਂ ਦੇ ਭਰਾ ਰਾਊਲ ਕਾਸਤਰੋ ਸੱਤਾ ਸੰਭਾਲ ਰਹੇ ਹਨ।
ਕਿਉਬਾ ਤੇ ਲੰਬੇ ਸਮੇਂ ਤੱਕ ਰਾਜ ਕਰਨ ਵਾਲੇ ਫਿਦੇਲ ਕਾਸਤਰੋ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਅਮਰੀਕਾ ਨੇ ਊਸ ਨੂੰ 638 ਵਾਰ ਮਾਰਨ ਦੀ ਕੋਸਿ਼ਸ਼ ਕੀਤੀ ਸੀ। ਕਾਸਤਰੋ ਦੀ ਸੁੱਖਿਆ ਕਰਨ ਵਾਲੇ ਫੈਬਿਅਨ ਐਸਕਲਾਂਟੇ ਨੇ ਇਹ ਦਾਅਵਾ ਕੀਤਾ ਸੀ ਕਿ ਸੀਆਈਏ ਨੇ ਕਾਸਤਰੋ ਨੂੰ ਵੱਖ-ਵੱਖ ਢੰਗਾਂ ਨਾਲ ਮਾਰਨ ਦਾ ਯਤਨ ਕੀਤਾ ਸੀ।
ਕਾਸਤਰੋ ਆਪਣੀ ਉਮਰ ਦੇ ਅੰਤਿਮ ਸਮੇਂ ਤੱਕ ਅਮਰੀਕਾ ਦੇ ਘੋਰ ਵਿਰੋਧੀ ਰਹੇ। ਇਸੇ ਸਾਲ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਿਊਬਾ ਦੀ ਯਾਤਰਾ ਦੌਰਾਨ ਵੀ ਕਾਸਤਰੋ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ।