ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਦੇ ਅਹੁਦੇਦਾਰ ਅਤੇ ਸਮੂਹ ਮੈਂਬਰ ਵੱਲੋਂ ਸ੍ਰੀਮਤੀ ਪ੍ਰਭਜੋਤ ਕੌਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਬੀਤੇ ਦਿਨ ਸ੍ਰੀਮਤੀ ਪ੍ਰਭਜੋਤ ਕੌਰ 92ਵੇਂ ਸਾਲ ਦੀ ਉਮਰ ਵਿਚ ਵਿਛੋੜਾ ਦੇ ਗਏ ਹਨ। ਪੰਜਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰਭਜੋਤ ਕੌਰ ਅਤੇ ਕਰਨਲ ਨਰਿੰਦਰਪਾਲ ਸਿੰਘ ਉਹ ਸਾਹਿਤਕ ਜੋੜੀ ਸੀ ਜਿਸ ਨੇ ਆਪਣੇ ਸਮਿਆਂ ਵਿਚ ਸਿਰਜਣਾਤਮਕ ਸਾਹਿਤ ਰਾਹੀਂ ਸਿਖ਼ਰਾਂ ਨੂੰ ਛੋਹਿਆ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਕਿਹਾ ਕਿ ਪ੍ਰਭਜੋਤ ਕੌਰ ਨੂੰ 1964 ਵਿਚ ਉਨ੍ਹਾਂ ਦੀ ਪੁਸਤਕ ‘ਪੱਬੀ’ ਨੂੰ ਸਾਹਿਤ ਅਕਾਦੇਮੀ ਪੁਰਸਕਾਰ ਮਿਲਿਆ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੀਆਂ ਪੁਸਤਕਾਂ ਦਾ ਵਿਦੇਸ਼ੀ ਭਾਸ਼ਾਵਾਂ ਵਿਚ ਅਨੁਵਾਦ ਵੀ ਪਾਠਕਾਂ ਵੱਲੋਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਪੁਰਸਕਾਰ ਹੀ ਸੀ। ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ 1967 ਵਿਚ ਪਦਮਸ੍ਰੀ ਨਾਲ ਨਿਵਾਜਿਆ ਗਿਆ ਅਤੇ 1966 ਵਿਚ ਉਹ ਪੰਜਾਬ ਵਿਧਾਨ ਪਰਿਸ਼ਦ ਦੇ ਮੈਂਬਰ ਬਣੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਅਜੀਮ ਸ਼ਖ਼ਸੀਅਤ ਦਾ ਸਾਡੇ ਵਿਚੋਂ ਤੁਰ ਜਾਣ ਨਾਲ ਵੱਡਾ ਸਾਹਿਤਕ ਖੱਪਾ ਪੈਦਾ ਹੋ ਜਾਵੇਗਾ। ਉਨ੍ਹਾਂ ਦਸਿਆ ਇਨ੍ਹਾਂ ਦੀਆਂ ਦੋਵੇਂ ਬੇਟੀਆਂ ਨਿਰੂਪਮਾ ਅਤੇ ਅਨੂਪਮਾ ਕ੍ਰਮਵਾਰ ਸ਼ਾਇਰੀ ਤੇ ਚਿੱਤਰਕਾਰੀ ਰਾਹੀਂ ਕੋਮਲ ਕਲਾਵਾਂ ਵਿਚ ਆਪਣਾ ਯੋਗਦਾਨ ਪਾ ਰਹੀਆਂ ਹਨ।
ਅਫ਼ਸੋਸ ਪ੍ਰਗਟ ਕਰਨ ਵਾਲਿਆਂ ਵਿਚ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਪ੍ਰੋ. ਨਰਿੰਜਨ ਤਸਨੀਮ, ਪ੍ਰਿੰ. ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਡਾ. ਗੁਰਚਰਨ ਕੌਰ ਕੋਚਰ, ਡਾ. ਸਰੂਪ ਸਿੰਘ ਅਲੱਗ, ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜਿੰਦਰ ਸਿੰਘ ਧਨੋਆ, ਦੇਵਿੰਦਰ ਦਿਲਰੂਪ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਇਕਬਾਲ ਸਿੰਘ, ਜਨਮੇਜਾ ਸਿੰਘ ਜੌਹਲ, ਅਜੀਤ ਪਿਆਸਾ ਸਮੇਤ ਸਥਾਨਕ ਲੇਖਕ ਸ਼ਾਮਲ ਸਨ।