ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਸ. ਕਿਰਪਾਲ ਸਿੰਘ ਬਡੂੰਗਰ ਨੂੰ ਸਿੱਖ ਸਿਆਸਤਦਾਨਾਂ ਦੇ ਇਖਲਾਕ ਵਿਚ ਆਈਆ ਗਿਰਾਵਟਾਂ ਅਤੇ ਐਸ.ਜੀ.ਪੀ.ਸੀ. ਦੇ ਪ੍ਰਬੰਧ ਵਿਚ ਆਈਆ ਖਾਮੀਆ ਨੂੰ ਤੁਰੰਤ ਖ਼ਤਮ ਕਰਨ ਸੰਬੰਧੀ ਲਿਖਿਆ ਗਿਆ ਪੱਤਰ
ਵੱਲੋਂ: ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।
ਵੱਲ: ਸ. ਕਿਰਪਾਲ ਸਿੰਘ ਬਡੂੰਗਰ,
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ।
ਸਅਦਅ/5001/2016 24 ਨਵੰਬਰ 2016
ਵਿਸ਼ਾ: ਮਹਾਨ ਸਿੱਖੀ ਦਿਹਾੜਿਆਂ ਨੂੰ ਮਨਾਉਣ ਲਈ ਸੈਂਟਰ ਦੀ ਮੁਤੱਸਵੀ ਮੋਦੀ ਹਕੂਮਤ ਤੋਂ 100 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਕਰਨਾ ਸਿੱਖੀ ਰਵਾਇਤਾ ਦਾ ਉਲੰਘਣ ਕਰਨਾ ਅਤੇ ਕੌਮ ਨੂੰ ਨਮੋਸੀ ਵੱਲ ਧਕੇਲਣ ਸੰਬੰਧੀ ।
ਸ੍ਰੀਮਾਨ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥
ਨਿਮਰਤਾ ਸਹਿਤ ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਜਦੋਂ ਤੋਂ ਸਿੱਖ ਕੌਮ ਦਾ ਜਨਮ ਹੋਇਆ ਹੈ, ਉਸ ਸਮੇਂ ਤੋਂ ਲੈਕੇ ਅੱਜ ਤੱਕ ਜਿੰਨੇ ਵੀ ਕੌਮ ਨਾਲ ਸੰਬੰਧਤ ਜਾਂ ਗੁਰੂ ਸਾਹਿਬਾਨ ਦੇ ਗੁਰਪੁਰਬ ਦਿਹਾੜਿਆਂ ਨੂੰ ਕੌਮ ਆਪਣੇ ਦਸਵੰਧ ਰਾਹੀ ਅਤੇ ਆਪਣੇ ਹੱਥੀ ਸੇਵਾ ਕਰਕੇ ਮਨਾਉਦੀ ਆ ਰਹੀ ਹੈ । ਕਿਉਂਕਿ ਸਿੱਖ ਕੌਮ ਦੇ ਸਿਧਾਂਤ ਅਤੇ ਨਿਯਮ ਅਜਿਹੇ ਮੌਕਿਆਂ ਉਤੇ ਵੱਡੀਆਂ ਸੌਗਾਤਾਂ ਜਾਂ ਧਨ-ਦੌਲਤਾਂ ਦੇ ਭੰਡਾਰ ਲੈਕੇ ਅਜਿਹੇ ਦਿਨਾਂ ਨੂੰ ਮਨਾਉਣ ਦਾ ਸਖ਼ਤ ਵਿਰੋਧ ਕਰਦੇ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਅਵਤਾਰ ਪੁਰਬ ਨੂੰ ਕੌਮ ਮਨਾਉਣ ਜਾ ਰਹੀ ਹੈ । ਲੇਕਿਨ ਸ. ਪ੍ਰਕਾਸ਼ ਸਿੰਘ ਬਾਦਲ ਇਸ ਮਹਾਨ ਸਿੱਖੀ ਦਿਹਾੜੇ ਨੂੰ ਮਨਾਉਣ ਲਈ ਸਿੱਖ ਕੌਮ ਵਿਰੋਧੀ ਮੋਦੀ ਹਕੂਮਤ ਤੋਂ ਕੇਵਲ 100 ਕਰੋੜ ਰੁਪਏ ਦੀ ਖੈਰਾਤ ਹੀ ਨਹੀਂ ਪ੍ਰਾਪਤ ਕਰ ਰਹੇ, ਬਲਕਿ ਅਜਿਹੇ ਮਹਾਨ ਸਮਾਗਮਾਂ ਉਤੇ ਸਿੱਖ ਕੌਮ ਦੇ ਅਤੇ ਘੱਟ ਗਿਣਤੀ ਕੌਮਾਂ ਦੇ ਕਾਤਲਾਂ ਨੂੰ ਬੁਲਾਕੇ ਮੁੱਖ ਮਹਿਮਾਨ ਬਣਾਉਦੇ ਹੋਏ ਸਿੱਖ ਕੌਮ ਦੀਆਂ ਜਿਥੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ, ਉਥੇ ਸਿੱਖ ਕੌਮ ਦੇ ਉੱਚੇ-ਸੁੱਚੇ ਇਖ਼ਲਾਕ ਅਤੇ ਮਹਾਨ ਰਵਾਇਤਾ ਨੂੰ ਵੀ ਦਾਗੀ ਕੀਤਾ ਜਾ ਰਿਹਾ ਹੈ । ਅਜਿਹੇ ਅਮਲ ਅਤਿ ਅਫ਼ਸੋਸਨਾਕ ਅਤੇ ਆਪ ਜੈਸੇ ਉੱਚ ਧਾਰਮਿਕ ਅਹੁਦਿਆ ਉਤੇ ਬੈਠੇ ਇਨਸਾਨਾਂ ਲਈ ਹੋਰ ਵੀ ਸੰਜ਼ੀਦਾ ਬਣ ਜਾਂਦੇ ਹਨ । ਕਿਉਂਕਿ ਜਦੋਂ ਵੀ ਕਿਸੇ ਕੌਮ ਵਿਚ ਕੋਈ ਕੌਮ ਵਿਰੋਧੀ ਅਮਲ ਕਰ ਰਿਹਾ ਹੋਵੇ, ਤਾਂ ਧਾਰਮਿਕ ਸਖਸ਼ੀਅਤਾਂ ਅਤੇ ਵਿਦਵਾਨਾਂ ਨੇ ਬਾਦਲੀਲ ਢੰਗ ਨਾਲ ਅਜਿਹੇ ਦੁੱਖਦਾਇਕ ਅਮਲ ਨੂੰ ਰੋਕਣ ਦੀ ਜਿੰਮੇਵਾਰੀ ਨਿਭਾਉਣੀ ਹੁੁੰਦੀ ਹੈ । ਇਸ ਲਈ ਹੀ ਆਪ ਜੀ ਨੂੰ ਇਹ ਹੱਥਲਾ ਪੱਤਰ ਲਿਖ ਰਹੇ ਹਾਂ ।
ਆਪ ਜੀ ਨੂੰ ਇਹ ਵੀ ਜਾਣਕਾਰੀ ਅਵੱਸ ਹੋਵੇਗੀ ਕਿ ਬਾਦਸ਼ਾਹ ਅਕਬਰ ਨੇ ਗੁਰੂ ਘਰ ਦੇ ਅਤੇ ਗੁਰੂ ਅਮਰ ਦਾਸ ਸਾਹਿਬਾਨ ਜੀ ਦੇ ਦਰਸ਼ਨ ਕਰਨ ਲਈ ਆਇਆ ਤਾਂ ਉਹਨਾਂ ਨੂੰ ਸਿੱਖ ਰਵਾਇਤ ਅਨੁਸਾਰ ਪਹਿਲੇ ਪੰਗਤ ਫਿਰ ਸੰਗਤ ਵਿਚ ਹਾਜਿਰ ਹੋਣ ਲਈ ਕਿਹਾ ਗਿਆ । ਬਾਦਸ਼ਾਹ ਅਕਬਰ ਨੇ ਜਦੋਂ ਸਿੱਖੀ ਰਵਾਇਤ ਅਨੁਸਾਰ ਪੰਗਤ ਵਿਚ ਬੈਠ ਕੇ ਪਰਸ਼ਾਦਾ ਛਕਿਆ, ਉਪਰੰਤ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਹਾਜ਼ਰ ਹੋਏ ਤਾਂ ਬਾਦਸ਼ਾਹ ਅਕਬਰ ਨੇ ਗੁਰੂ ਸਾਹਿਬਾਨ ਕੋਲ ਇਹ ਇੱਛਾ ਪ੍ਰਗਟ ਕੀਤੀ ਕਿ ਜੋ ਇਹ ਰੋਜ਼ਾਨਾ ਗੁਰੂ ਦਾ ਲੰਗਰ ਚੱਲਦਾ ਹੈ, ਇਹ ਨੇਕ ਉੱਦਮ ਹੈ, ਇਸ ਨੂੰ ਚੱਲਦਾ ਰੱਖਣ ਲਈ ਮੈਂ ਗੁਰੂ ਦੇ ਲੰਗਰ ਲਈ ਵੱਡੀ ਜਗੀਰ ਲਗਾ ਦਿੰਦਾ ਹਾਂ। ਤਾਂ ਗੁਰੂ ਸਾਹਿਬ ਦਾ ਜਵਾਬ ਸੀ ਕਿ ਗੁਰੂ ਘਰ ਅਤੇ ਗੁਰੂ ਕੇ ਲੰਗਰ ਤਾਂ ਸੰਗਤਾਂ ਦੇ ਦਸਵੰਧ ਨਾਲ ਹੀ ਚੱਲਣਗੇ, ਅਜਿਹੀਆਂ ਸੌਗਾਤਾਂ ਅਤੇ ਵੱਡੇ ਦਾਨਾਂ ਨੂੰ ਅਸੀਂ ਪ੍ਰਵਾਨ ਨਹੀਂ ਕਰਦੇ। ਇਸੇ ਤਰ੍ਹਾਂ ਜਦੋਂ ਬਲਿਊ ਸਟਾਰ ਦੇ ਫੌਜੀ ਹਮਲੇ ਉਪਰੰਤ ਮਰਹੂਮ ਇੰਦਰਾ ਗਾਂਧੀ ਨੇ ਢਹਿ ਢੇਰੀ ਕੀਤੇ ਗਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਗਿਆਨੀ ਜੈਲ ਸਿੰਘ ਦੇ ਰਾਹੀਂ ਨਿਹੰਗ ਮੁੱਖੀ ਬਾਬਾ ਸੰਤਾ ਸਿੰਘ ਰਾਹੀਂ ਪੂਰਨ ਕੀਤੀ, ਤਾਂ ਸਿੱਖ ਕੌਮ ਨੇ ਸਰਕਾਰੀ ਤੌਰ ‘ਤੇ ਬਣੇ ਇਸ ਅਕਾਲ ਤਖ਼ਤ ਦੀ ਇਮਾਰਤ ਨੂੰ ਬਿਲਕੁਲ ਪ੍ਰਵਾਨ ਨਹੀਂ ਕੀਤਾ, ਬਲਕਿ ਸਿੱਖ ਕੌਮ ਨੇ ਇਸ ਨੂੰ ਢਾਹ ਕੇ ਆਪਣੇ ਹੱਥੀਂ ਸੇਵਾ ਕਰਕੇ ਅਤੇ ਸਿੱਖ ਕੌਮ ਦੇ ਦਸਵੰਧ ਰਾਹੀਂ ਇਸ ਦੀ ਉਸਾਰੀ ਕੀਤੀ ਗਈ। ਜੋ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਸਾਡੇ ਸਾਹਮਣੇ ਪ੍ਰਤੱਖ ਹੈ ਉਹ ਸੰਗਤਾਂ ਦੀ ਸੇਵਾ ਅਤੇ ਸ਼ਰਧਾ ਦਾ ਪ੍ਰਤੀਕ ਹੈ। ਇਸ ਲਈ ਸ. ਬਾਦਲ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਆਗਮਨ ਪੁਰਬ ਲਈ ਇਹਨਾਂ ਤਾਕਤਾਂ ਤੋਂ 100 ਕਰੋੜ ਰੁਪਏ ਲੈਣ ਦੇ ਅਮਲ, ਜਿਹਨਾਂ ਨੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਉਪਰੰਤ, ਮਰਹੂਮ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦਿੱਤਾ ਸੀ ਅਤੇ ਕਿਹਾ ਸੀ ਕਿ ਇਹ ਫੌਜੀ ਹਮਲਾ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ। ਉਹਨਾਂ ਤੋਂ ਅਜਿਹੇ ਦਿਹਾੜਿਆਂ ਲਈ ਕਰੋੜਾਂ ਦੇ ਧੰਨ ਦੌਲਤ ਪ੍ਰਾਪਤ ਕਰਨੇ ਅਤਿ ਸ਼ਰਮਿੰਦਗੀ ਅਤੇ ਸਿੱਖ ਕੌਮ ਦਾ ਅਪਮਾਨ ਕਰਨ ਵਾਲੇ ਅਮਲ ਹਨ।
ਦੂਸਰਾ ਸਿੱਖ ਧਰਮ ਵਿਚ ਹਿੰਦੂ ਮੂਰਤੀ ਪੂਜਾ, ਤਿਲਕ ਲਗਾਉਣੇ, ਸਿ਼ਵਲਿੰਗ ਆਦਿ ਨੂੰ ਮੱਥੇ ਟੇਕਣੇ ਬਿਲਕੁਲ ਵਰਜਿਤ ਹਨ । ਪਰ ਦੁੱਖ ਅਤੇ ਅਫਸੋਸ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦਾ ਸਮੁੱਚਾ ਪਰਿਵਾਰ ਵੱਖ-ਵੱਖ ਮੌਕਿਆਂ ਉਤੇ ਮੂਰਤੀਆਂ ਅੱਗੇ ਮੱਥੇ ਵੀ ਰਗੜਦੇ ਹਨ, ਹਵਨ ਵੀ ਕਰਵਾਉਦੇ ਹਨ, ਤਿਲਕ ਵੀ ਲਗਵਾਉਦੇ ਹਨ ਤੇ ਉਹਨਾਂ ਦੀ ਨੂੰਹ-ਧੀ ਰਾਣੀ ਸਿ਼ਵਲਿੰਗ ਦੀ ਪੂਜਾ ਵੀ ਕਰਦੀ ਹੈ (ਉਪਰੋਕਤ ਵੇਰਵਿਆ ਦੀਆਂ ਫੋਟੋਆਂ ਆਪ ਜੀ ਦੀ ਜਾਣਕਾਰੀ ਹਿੱਤ ਇਸ ਨਾਲ ਨੱਥੀ ਕਰ ਰਹੇ ਹਾਂ) ।
ਕੀ ਅਜਿਹੇ ਪਰਿਵਾਰ ਨੂੰ ਅਕਾਲੀ ਜਾਂ ਸਿੱਖ ਕਿਹਾ ਜਾ ਸਕਦਾ ਹੈ?
ਕਿਉਂਕਿ ਆਪ ਜੀ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੇ ਪਹਿਲੇ ਵੀ ਪ੍ਰਧਾਨ ਰਹਿ ਚੁੱਕੇ ਹੋ ਅਤੇ ਅੱਜ ਫਿਰ ਇਸ ਸੇਵਾ ਤੇ ਹਾਜਰ ਹੋਏ ਹੋ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਦਾ ਮੁੱਖ ਕੰਮ ਗੁਰਬਾਣੀ ਦੀ ਸਹੀ ਸੇਧ ਤੇ ਅਧਾਰਿਤ ਪੰਜਾਬ ਸੂਬੇ, ਦੂਸਰੇ ਸੂਬਿਆਂ ਅਤੇ ਬਾਹਰਲੇ ਮੁਲਕਾਂ ਵਿਚ ਪ੍ਰਚਾਰ ਕਰਨਾ, ਵਿਚਰਣ ਵਾਲੇ ਸਿੱਖਾਂ ਤੇ ਦੂਸਰੀਆਂ ਕੌਮਾਂ ਦੇ ਧਰਮੀ ਅਤੇ ਸੂਝਵਾਨਾਂ ਨੂੰ ਸਿੱਖ ਧਰਮ ਦੀ ਮਨੁੱਖਤਾ ਪੱਖੀ ਅਤੇ ਸਰਬੱਤ ਦੇ ਭਲੇ ਪੱਖੀ ਸੋਚ ਤੋ ਜਾਣੂ ਕਰਵਾਉਦੇ ਹੋਏ ਸਿੱਖ ਧਰਮ ਦੇ ਪੈਰੋਕਾਰਾਂ ਦੀ ਗਿਣਤੀ ਵਿਚ ਵਾਧਾ ਕਰਨ ਦੇ ਨਾਲ-ਨਾਲ ਗੁਰੂਘਰਾਂ ਦੇ ਪ੍ਰਬੰਧ ਨੂੰ ਹਰ ਦਿਸ਼ਾਂ ਵੱਲ ਸਾਫ਼-ਸੁਥਰਾ, ਪਾਰਦਰਸੀ ਅਤੇ ਹਰਮਨ-ਪਿਆਰਾ ਬਣਾਉਣਾ ਹੈ । ਪਰ ਬੀਤੇ ਲੰਮੇ ਸਮੇਂ ਤੋਂ ਪੰਜਾਬ ਦੀ ਹਕੂਮਤ ਤੇ ਕਾਬਜ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦਾ ਪਰਿਵਾਰ ਖੁਦ ਜਨਤਕ ਤੌਰ ਤੇ ਸਿੱਖ ਵਿਰੋਧੀ ਨਿਰੰਤਰ ਅਮਲ ਕਰਦਾ ਆ ਰਿਹਾ ਹੈ । ਇਥੋ ਤੱਕ ਕਿ ਗੁਰੂ ਸਾਹਿਬਾਨ ਵੱਲੋਂ ਜਮਹੂਰੀਅਤ ਪੱਖੀ ਜੋ ਸੋਚ ਉਜਾਗਰ ਕੀਤੀ ਗਈ ਹੈ, ਉਸ ਨੂੰ ਪਿੱਠ ਦੇ ਕੇ ਐਸ.ਜੀ.ਪੀ.ਸੀ. ਦੀ ਮਹਾਨ ਸੰਸਥਾਂ ਦੇ ਅਹੁਦੇਦਾਰਾਂ ਦੀ ਚੋਣ ਵੀ ਤਾਨਾਸ਼ਾਹੀ ਅਮਲਾਂ ਰਾਹੀ ਲਿਫਾਫਿਆਂ ਵਿਚੋ ਕੀਤੀ ਜਾਂਦੀ ਆ ਰਹੀ ਹੈ । ਦੂਸਰਾ ਗੁਰੂਘਰਾਂ ਦੇ ਪ੍ਰਬੰਧ ਵਿਚ, ਲੰਗਰਾਂ ਦੇ ਪ੍ਰਬੰਧ ਵਿਚ, ਬਾਹਰੋ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਲਈ ਬਣੀਆਂ ਸਰਾਵਾਂ ਦੀ ਰਿਹਾਇਸ਼ ਦਿੰਦੇ ਹੋਏ ਅਤੇ ਐਸ.ਜੀ.ਪੀ.ਸੀ. ਦੇ ਖਾਤਿਆਂ ਅਤੇ ਕਿਤਾਬਾਂ ਵਿਚ ਲੰਮੇ ਸਮੇਂ ਤੋਂ ਬਹੁਤ ਵੱਡੇ ਘਪਲੇ ਹੁੰਦੇ ਆ ਰਹੇ ਹਨ । ਗੁਰੂਘਰ ਦੀਆਂ ਗੋਲਕਾਂ ਰਾਹੀ ਆਉਣ ਵਾਲੇ ਕੌਮੀ ਖਜ਼ਾਨੇ ਦੀ ਵਿਦਿਅਕ ਅਤੇ ਸਿਹਤ ਪੱਖੀ ਸੰਸਥਾਵਾਂ ਤੇ ਟਰੱਸਟ ਬਣਾਕੇ ਕੁਝ ਗਿਣਤੀ ਦੇ ਬੰਦਿਆਂ ਦੀ ਮਾਲੀ ਹਾਲਤ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ । ਜਦੋਂਕਿ ਗੁਰੂ ਸਾਹਿਬਾਨ ਨੇ “ਗਰੀਬ ਦਾ ਮੂੰਹ, ਗੁਰੂ ਦੀ ਗੋਲਕ” ਦਾ ਨਾਅਰਾ ਇਸ ਲਈ ਬੁਲੰਦ ਕੀਤਾ ਸੀ ਕਿ ਇਸ ਦਸਵੰਧ ਦੀ ਮਾਇਆ ਨੂੰ ਮਜ਼ਲੂਮਾਂ, ਲੋੜਵੰਦਾਂ, ਗਰੀਬਾਂ, ਬੇਸਹਾਰਿਆ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਅਤੇ ਉਹਨਾਂ ਦੀ ਹਰ ਮੁੱਢਲੀ ਲੋੜ ਨੂੰ ਪੂਰਾ ਕਰਨ ਹਿੱਤ ਦਿੱਤਾ ਸੀ । ਅੱਜ ਗੁਰੂ ਦੀਆਂ ਗੋਲਕਾਂ ਦੀ ਸਿਆਸਤਦਾਨਾਂ ਵੱਲੋ ਜਿਵੇ ਵੱਡੇ ਪੱਧਰ ਤੇ ਦੁਰਵਰਤੋ ਹੋ ਰਹੀ ਹੈ, ਗੁਰੂਘਰ ਦੀਆਂ ਜ਼ਮੀਨਾਂ ਤੇ ਜਾਇਦਾਦਾਂ ਨੂੰ ਟਰੱਸਟਾਂ ਵਿਚ ਬਦਲਕੇ ਕੁਝ ਗਿਣਤੀ ਦੇ ਸਿਆਸਤਦਾਨਾਂ ਵੱਲੋ ਲੁੱਟ ਮਚਾਈ ਹੋਈ ਹੈ, ਉਸ ਤੋ ਵੀ ਆਪ ਜੀ ਭਲੀਭਾਤ ਜਾਣੂ ਹੋ ।
ਕਿਉਂਕਿ ਆਪ ਜੀ ਇਸ ਮੁੱਖ ਸੇਵਾ ਤੇ ਦੂਸਰੀ ਬਾਰ ਬਿਰਾਜਮਾਨ ਹੋਏ ਹੋ । ਇਸ ਲਈ ਆਪ ਜੀ ਨੂੰ ਅਤੇ ਆਪ ਜੀ ਦੀ ਧਾਰਮਿਕ ਪਦਵੀ ਅਤੇ ਆਪ ਜੀ ਦੀ ਵਿਦਵਤਾ ਨੂੰ ਮੁੱਖ ਰੱਖਦੇ ਹੋਏ ਅਸੀਂ ਆਪ ਜੀ ਨੂੰ ਬੇਨਤੀ ਕਰਨੀ ਚਾਹਵਾਂਗੇ ਕਿ ਐਸ.ਜੀ.ਪੀ.ਸੀ. ਸਿੱਖ ਕੌਮ ਦੀ ਪਾਰਲੀਮੈਂਟ ਹੈ । ਜੋ ਮੌਜੂਦਾ ਸਿੱਖ ਸਿਆਸਤਦਾਨਾਂ ਦੇ ਇਖਲਾਕ ਵਿਚ ਵੱਡੀ ਗਿਰਾਵਟ ਆ ਗਈ ਹੈ ਅਤੇ ਜੋ ਉਹ ਗੈਰ-ਸਿੱਖ ਅਮਲਾਂ ਰਾਹੀ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਹੇਠੀ ਤੇ ਅਪਮਾਨ ਕਰਨ ਤੇ ਲੱਗੇ ਹੋਏ ਹਨ, ਜਿਵੇ ਕਿ ਆਪ ਜੀ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਗਈ ਹੈ, ਅਜਿਹੇ ਸਿੱਖ ਵਿਰੋਧੀ ਅਮਲਾਂ ਨੂੰ ਜਾਂ ਅਜਿਹੇ ਆਗੂਆਂ ਵੱਲੋ ਫਿਰ ਤੋ ਬ੍ਰਾਹਮਣਬਾਦ ਅਤੇ ਪਾਖੰਡਬਾਦ ਨੂੰ ਮਜ਼ਬੂਤ ਕਰਨ ਵਾਲੇ ਕੀਤੇ ਜਾ ਰਹੇ ਅਮਲਾਂ ਨੂੰ ਰੋਕਣ ਲਈ ਅਤੇ ਐਸ.ਜੀ.ਪੀ.ਸੀ. ਦੇ ਕੌਮੀ ਅਦਾਰੇ ਦੇ ਹਰ ਪ੍ਰਬੰਧ ਵਿਚ ਆਈਆ ਖਾਮੀਆ ਨੂੰ ਦ੍ਰਿੜਤਾ ਨਾਲ ਦੂਰ ਕਰਨ ਲਈ ਆਪ ਜੀ ਆਪਣੇ ਉੱਚ ਧਾਰਮਿਕ ਅਹੁਦੇ ਅਤੇ ਵਿਦਵਤਾ ਦੀ ਸਹੀ ਦਿਸ਼ਾ ਵੱਲ ਵਰਤੋ ਕਰਕੇ ਸਹੀ ਕਰ ਸਕੋ, ਫਿਰ ਤਾਂ ਆਉਣ ਵਾਲੀਆਂ ਸਿੱਖ ਕੌਮ ਦੀਆਂ ਨਸ਼ਲਾਂ ਆਪ ਜੀ ਵੱਲੋ ਕੀਤੇ ਉਦਮਾਂ ਨੂੰ ਯਾਦ ਕਰਦੇ ਹੋਏ ਸਤਿਕਾਰ ਕਰਨਗੀਆ । ਜੇਕਰ ਆਪ ਜੀ ਨੇ ਵੀ ਪਹਿਲੇ ਪ੍ਰਧਾਨਾਂ ਦੀ ਤਰ੍ਹਾਂ ਇਹਨਾਂ ਕੌਮੀ ਜਿੰਮੇਵਾਰੀਆਂ ਨੂੰ ਪੂਰਨ ਕਰਨ ਵਿਚ ਕੋਈ ਅਣਗਹਿਲੀ ਜਾਂ ਅਵੇਸਲਾਪਣ ਕਰ ਦਿੱਤਾ ਤਾਂ ਦੂਸਰੇ ਆਗੂਆਂ ਦੀ ਤਰ੍ਹਾਂ ਆਪ ਜੀ ਦਾ ਨਾਮ ਵੀ ਮਿੱਟੀ-ਘੱਟੇ ਵਿਚ ਰੁਲ ਜਾਵੇਗਾ ਅਤੇ ਬਣਨ ਵਾਲੇ ਇਤਿਹਾਸ ਵਿਚ ਕਿਤੇ ਨਜ਼ਰ ਨਹੀਂ ਆਵੋਗੇ । ਜੋ ਸ. ਪ੍ਰਕਾਸ਼ ਸਿੰਘ ਬਾਦਲ ਵੱਲੋ ਦਸਮ ਪਿਤਾ ਦੇ ਅਵਤਾਰ ਪੁਰਬ ਲਈ ਦੁਸ਼ਮਣ ਤਾਕਤਾਂ ਤੋ 100 ਕਰੋੜ ਰੁਪਿਆ ਪ੍ਰਾਪਤ ਕੀਤਾ ਜਾ ਰਿਹਾ ਹੈ, ਉਹ ਸ. ਬਾਦਲ ਨੂੰ ਨੇਕ ਸਲਾਹ ਦੇ ਕੇ ਤੁਰੰਤ ਦੁਸ਼ਮਣਾਂ ਦੀ ਇਸ ਸਿੱਖ ਕੌਮ ਤੇ ਸਿੱਖ ਧਰਮ ਵਿਚ ਘੁਸਪੈਠ ਕਰਨ ਵਾਲੀ ਸਾਜਿ਼ਸ ਨੂੰ ਨਕਾਰਾ ਬਣਾਉਣ ਹਿੱਤ ਵਾਪਸ ਕਰਨ ਦੀ ਸਲਾਹ ਦੇਵੋਗੇ । ਜੇਕਰ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਆਪ ਜੀ ਇਹ ਦੁਸ਼ਮਣਾਂ ਦੀ ਭੇਜੀ 100 ਕਰੋੜ ਰੁਪਏ ਦੀ ਮੰਦਭਾਵਨਾ ਅਧੀਨ ਸੌਗਾਤ ਨੂੰ ਵਾਪਸ ਕਰਨ ਵਿਚ ਕਾਮਯਾਬ ਨਾ ਹੋਏ ਤਾਂ ਅਸੀਂ ਆਪ ਜੀ ਨੂੰ ਅਤੇ ਸਿੱਖ ਕੌਮ ਨੂੰ ਇਹ ਬਚਨ ਕਰਦੇ ਹਾਂ ਕਿ ਜਦੋਂ ਵੀ ਆਉਣ ਵਾਲੇ ਸਮੇਂ ਵਿਚ ਸਿੱਖੀ ਸੋਚ ਤੇ ਅਸੂਲਾਂ ਤੇ ਅਧਾਰਿਤ ਸਾਡਾ “ਹਲੀਮੀ ਰਾਜ” ਸਥਾਪਿਤ ਹੋਇਆ ਤਾਂ ਅਸੀਂ ਸ. ਪ੍ਰਕਾਸ਼ ਸਿੰਘ ਬਾਦਲ ਵੱਲੋ ਪ੍ਰਾਪਤ ਕੀਤੀ ਗਈ 100 ਕਰੋੜ ਰੁਪਏ ਦੀ ਸੌਗਾਤ ਹਰ ਕੀਮਤ ਤੇ ਦੁਸ਼ਮਣਾਂ ਨੂੰ ਵਾਪਸ ਕਰਾਂਗੇ । ਇਹ ਸਾਰੀ ਮਾਇਆ ਬਾਦਲ ਦਲੀਆਂ ਤੋ ਹੀ ਇਕੱਤਰ ਕੀਤੀ ਜਾਵੇਗੀ । ਕਿਉਂਕਿ ਇਸ ਵਿਚ ਸਿੱਖ ਅਵਾਮ ਦਾ ਕੋਈ ਰਤੀਭਰ ਵੀ ਦੋਸ਼ ਨਹੀਂ । ਅਜਿਹੇ ਸਿੱਖ ਵਿਰੋਧੀ ਅਮਲ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਆਗੂਆਂ ਵੱਲੋ ਕੀਤੇ ਜਾ ਰਹੇ ਹਨ ।
ਇਸ ਲਈ ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਆਪਣੇ ਉੱਚ ਧਾਰਮਿਕ ਅਹੁਦੇ ਅਤੇ ਵਿਦਵਤਾ ਦੀਆਂ ਸੇਵਾਵਾਂ ਨੂੰ ਕਾਇਮ ਰੱਖਣ ਹਿੱਤ ਇਸ ਹੱਥਲੇ ਪੱਤਰ ਵਿਚ ਪ੍ਰਗਟਾਏ ਗਏ ਕੌਮੀ ਵਿਚਾਰਾਂ ਉਤੇ ਸੰਜ਼ੀਦਗੀ ਨਾਲ ਗੌਰ ਕਰਦੇ ਹੋਏ ਜਿਥੇ ਅਮਲ ਕਰੋਗੇ, ਉਥੇ ਸਿੱਖੀ ਸੋਚ ਦੇ ਵਿਰੁੱਧ ਸਿਆਸਤਦਾਨਾਂ ਵੱਲੋ ਜਾਂ ਐਸ.ਜੀ.ਪੀ.ਸੀ. ਦੇ ਅਦਾਰੇ ਵਿਚ ਹੁੰਦੇ ਆ ਰਹੇ ਅਮਲਾਂ ਨੂੰ ਬੰਦ ਕਰਨ ਲਈ ਦ੍ਰਿੜਤਾ ਪੂਰਵਕ ਉਦਮ ਕਰਦੇ ਹੋਏ ਸਿੱਖੀ ਦੇ ਪ੍ਰਚਾਰ ਨੂੰ ਦੇਸ਼-ਵਿਦੇਸ਼ਾਂ ਵਿਚ ਸਹੀ ਪ੍ਰਚਾਰਕਾਂ ਦੀਆਂ ਜਿੰਮੇਵਾਰੀਆਂ ਲਗਾਕੇ ਪੂਰਨ ਕਰੋਗੇ ਅਤੇ ਗੁਰੂ ਦੀ ਗੋਲਕ ਦੀ ਤੇ ਸਾਧਨਾਂ ਦੀ ਹੋ ਰਹੀ ਦੁਰਵਰਤੋ ਨੂੰ ਹਰ ਕੀਮਤ ਤੇ ਬੰਦ ਕਰਕੇ ਐਸ.ਜੀ.ਪੀ.ਸੀ. ਦੀ ਸੰਸਥਾ ਦੇ ਪ੍ਰਬੰਧ ਨੂੰ ਪਾਰਦਰਸੀ ਅਤੇ ਹਰਮਨ-ਪਿਆਰਾ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਉਗੇ । ਧੰਨਵਾਦੀ ਹੋਵਾਂਗੇ ।
ਪੂਰਨ ਸਤਿਕਾਰ ਤੇ ਉਮੀਦ ਸਹਿਤ,
ਗੁਰੂਘਰ ਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ,