ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕਰਵਾਏ ਜਾ ਰਹੇ ਪ੍ਰੋਗਰਾਮਾਂ ਲਈ ਸ਼ੁਭ ਇੱਛਾਵਾਂ ਭੇਟ ਕੀਤੀਆਂ ਹਨ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਨੂੰ ਭੇਜੇ ਆਪਣੇ ਸੁਨੇਹੇ-ਪੱਤਰ ਵਿਚ ਮਨਮੋਹਨ ਸਿੰਘ ਨੇ ਕਮੇਟੀ ਵੱਲੋਂ ਖਾਸਤੌਰ ਤੇ ਇੰਡੀਆ ਗੇਟ ਦੇ ਅਗਸਤ ਕ੍ਰਾਂਤੀ ਪਾਰਕ ਵਿਖੇ 25 ਨਵੰਬਰ ਨੂੰ ਕਰਵਾਏ ਜਾ ਰਹੇ ਸਮਾਗਮ ਦਾ ਜ਼ਿਕਰ ਕੀਤਾ ਹੈ।
ਦਿੱਲੀ ਕਮੇਟੀ ਵੱਲੋਂ ਅਰਧ ਸ਼ਤਾਬਦੀ ਨੂੰ ਲੈ ਕੇ ਦੇਸ਼ ਭਰ ਵਿਚ ਕਰਵਾਏ ਜਾ ਰਹੇ ਧਾਰਮਿਕ ਅਤੇ ਸਭਿਆਚਾਰਕ ਪ੍ਰੋਗਰਾਮਾਂ ਤੇ ਖੁਸ਼ੀ ਜਤਾਉਂਦੇ ਹੋਏ ਮਨਮੋਹਨ ਸਿੰਘ ਨੇ ਦੇਸ਼ਵਾਸ਼ੀਆਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਤਿਉਹਾਰ ਵਾਂਗ ਵੱਡੇ ਪੱਧਰ ’ਤੇ ਮਨਾਉਣ ਦਾ ਸੱਦਾ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆਵਾਂ ਦਾ ਅੱਜ ਦੇ ਸਮੇਂ ਵਿਚ ਵੀ ਕੌਮੀ ਏਕਤਾ, ਫਿਰਕੂ ਸ਼ਾਂਤੀ, ਮਨੁੱਖਤਾ ਅਤੇ ਵਿਸ਼ਵ ਭਾਈਚਾਰੇ ਲਈ ਖਾਸ ਅਹਿਮੀਅਤ ਰੱਖਣ ਦਾ ਮਨਮੋਹਨ ਸਿੰਘ ਨੇ ਦਾਅਵਾ ਕੀਤਾ ਹੈ। ਜੀ।ਕੇ। ਨੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਉਸਾਰੂ ਸੋਚ ਨਾਲ ਕੌਮੀ ਕਾਰਜਾਂ ਪ੍ਰਤੀ ਦਿਖਾਈ ਗਈ ਦਿਆਨਤਦਾਰੀ ਲਈ ਉਨ੍ਹਾਂ ਦਾ ਕਮੇਟੀ ਵੱਲੋਂ ਖਾਸਤੌਰ ਤੇ ਧੰਨਵਾਦ ਕੀਤਾ ਹੈ।