ਨਵੀਂ ਦਿੱਲੀ : ਸਿੱਖੀ ਸਿਧਾਂਤਾ ਨੂੰ ਢਾਹ ਲਾਉਣ ਦੀਆਂ ਕੁਝ ਦੱਖਣਪੰਥੀ ਜਥੇਬੰਦੀਆਂ ਵੱਲੋਂ ਕੀਤੀ ਗਈਆਂ ਕੋਸ਼ਿਸ਼ਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਕਾਮਯਾਬ ਕਰ ਦਿੱਤਾ ਹੈ। ਦਰਅਸਲ ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ ਸਮ੍ਰਿਤੀ ਨਆਸ ਵੱਲੋਂ ‘‘ਰਾਸ਼ਟਰ ਪ੍ਰੇਮ ਉਤਸਵ’’ ਦੇ ਨਾਂ ’ਤੇ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਇੱਕ ਪ੍ਰੋਗਰਾਮ ‘‘ਸਾਂਸਕ੍ਰਿਤਿਕ ਭਾਰਤ ਕੇ ਨਿਰਮਾਣ ਮੇਂ ਗੁਰੂ ਗੋਬਿੰਦ ਸਿੰਘ ਜੀ ਅਤੇ ਸਵਾਮੀ ਵਿਵੇਕਾਨੰਦ ਕੀ ਭੂਮਿਕਾ’’ ਵਿਸ਼ੇ ਤੇ ਚਰਚਾ ਹੋਣੀ ਸੀ। ਜਿਸਦੇ ਸੱਦਾ ਪੱਤਰ ’ਚ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਸੂਰਾਮ ਦਾ ਅਵਤਾਰ ਦੱਸਿਆ ਗਿਆ ਸੀ।
ਸ਼ੋਸਲ ਮੀਡੀਆ ’ਤੇ ਸੱਦਾ ਪੱਤਰ ਦੇ ਵਾਇਰਲ ਹੋਣ ਤੋਂ ਬਾਅਦ ਹਰਕਤ ਵਿਚ ਆਈ ਦਿੱਲੀ ਕਮੇਟੀ ਨੇ ਨਆਸ ਦੇ ਪ੍ਰਧਾਨ ਨੀਰਜ ਕੁਮਾਰ ਨੂੰ ਮਿਲਕੇ ਇਸ ਸਬੰਧੀ ਇਤਰਾਜ਼ ਦਰਜ ਕਰਾਇਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਵੱਲੋਂ ਕੀਤੀਆਂ ਗਈਆਂ ਅਨਥਕ ਕੋਸ਼ਿਸ਼ਾਂ ਤੋਂ ਬਾਅਦ ਨਆਸ ਵੱਲੋਂ ਆਪਣੀ ਗਲਤੀ ਨੂੰ ਮੰਨਦੇ ਹੋਏ ਸਿੱਖ ਸਮਾਜ ਦੀ ਭਾਵਨਾਵਾਂ ਆਹਤ ਹੋਣ ਦਾ ਹਵਾਲਾ ਦੇ ਕੇ ਬਿਨਾਂ ਸ਼ਰਤ ਮਾਫੀ ਮੰਗੀ ਗਈ ਹੈ।
ਰਾਣਾ ਨੇ ਦੱਸਿਆ ਕਿ ਸਿੱਖ ਇਤਿਹਾਸ ਤੋਂ ਦੂਰ ਲੋਕਾਂ ਵੱਲੋਂ ਗੁਰੂ ਸਾਹਿਬ ਦੀ ਤੁਲਣਾ ਸਵਾਮੀ ਵਿਵੇਕਾਨੰਦ ਨਾਲ ਕਰਨਾ ਜਾਂ ਗੁਰੂ ਸਾਹਿਬ ਨੂੰ ਪਰਸ਼ੂਰਾਮ ਦਾ ਅਵਤਾਰ ਦੱਸਣਾ ਨਾਕਾਬਿਲੇ ਬਰਦਾਸ਼ਤ ਕਦਮ ਸੀ। ਜਿਸ ਕਰਕੇ ਕਮੇਟੀ ਵੱਲੋਂ ਇਸ ਮਸਲੇ ’ਤੇ ਡਟਵਾਂ ਵਿਰੋਧ ਕੀਤਾ ਗਿਆ। ਰਾਣਾ ਨੇ ਕਿਹਾ ਕਿ ਮੌਜੂਦਾ ਕਮੇਟੀ ਸਿੱਖੀ ਸਿਧਾਂਤਾ ਅਤੇ ਇਤਿਹਾਸ ਦੀ ਰਾਖੀ ਲਈ ਵੱਚਨਬੱਧ ਹੈ ਜਿਸ ਕਰਕੇ ਅਜਿਹੇ ਮਸਲਿਆਂ ’ਤੇ ਅਸੀਂ ਚੁੱਪ ਨਹੀਂ ਰਹਿ ਸਕਦੇ।
ਰਾਣਾ ਨੇ ਬਾਹਰੀ ਦਿੱਲੀ ਦੇ ਨਰੇਲਾ ਵਿਖੇ ਇੱਕ ਫਾਰਮ ਹਾਊਸ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੇ ਸਾਹਮਣੇ ਆਏ ਮਸਲੇ ਦਾ ਵੀ ਕਮੇਟੀ ਵੱਲੋਂ ਹਲ ਕਢਣ ਦੀ ਜਾਣਕਾਰੀ ਦਿੱਤੀ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮੈਰਿਜ ਪੈਲਸਾ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕਰਨ ਦੇ ਦਿੱਤੇ ਗਏ ਆਦੇਸ਼ ਦੇ ਬਾਵਜੂਦ ਨਰੇਲਾ ਦੇ ਇੱਕ ਸਥਾਨਿਕ ਗੁਰਦੁਆਰੇ ਵੱਲੋਂ ਕਿਸੇ ਨਿਜੀ ਸਮਾਗਮ ਦੀ ਆੜ ’ਚ ਦਿੱਤੀ ਗਈ ਪ੍ਰਵਾਨਗੀ ਨੂੰ ਗਲਤ ਕਦਮ ਦੱਸਿਆ। ਇਸ ਸੰਬੰਧੀ ਸਥਾਨਿਕ ਕਮੇਟੀ ਮੈਂਬਰ ਸਮਰਦੀਪ ਸਿੰਘ ਸੰਨੀ ਦੀ ਅਗਵਾਹੀ ਹੇਠ ਕਮੇਟੀ ਦੇ ਗਏ ਵਫਦ ਅੱਗੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਆਪਣੀ ਗਲਤੀ ਨੂੰ ਫਿਰ ਤੋਂ ਨਾ ਦੋਹਰਾਉਣ ਦੇ ਦਿੱਤੇ ਗਏ ਭਰੋਸੇ ਤੇ ਰਾਣਾ ਨੇ ਸ਼ਤੋਸ਼ ਜਤਾਇਆ।