ਨਵੀਂ ਦਿੱਲੀ : ਵਰਲਡ ਵਾਰ ਦੌਰਾਨ ਜੇਕਰ ਲਗਭਗ 84 ਹਜ਼ਾਰ ਸਿੱਖ ਫੌਜੀਆਂ ਨੇ ਆਪਣੀ ਸ਼ਹਾਦਤ ਨਾ ਦਿੱਤੀ ਹੁੰਦੀ ਤਾਂ ਸ਼ਾਇਦ ਅੱਜ ਨਾ ਅਮਰ ਜਵਾਨ ਜੋਤੀ ਹੁੰਦੀ ਅਤੇ ਨਾ ਹੀ ਇਸ ਤੇ ਤਿੰਰਗਾ ਝੂਲ ਰਿਹਾ ਹੁੰਦਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਡੀਆ ਗੇਟ ਦੇ ਅਗਸਤ ਕ੍ਰਾਂਤੀ ਪਾਰਕ ਵਿਖੇ ਹੋਏ ਗੁਰਮਤਿ ਸਮਾਗਮ ਦੌਰਾਨ ਕੀਤਾ। ਇਸਤੋਂ ਪਹਿਲਾ ਪੰਜ ਪਿਆਰਿਆਂ ਦੀ ਸਰਪ੍ਰਸਤੀ ਹੇਠ ਸ਼ਬਦ ਚੌਂਕੀ ਜਥੇ ਵੱਲੋਂ ਗੁਰਬਾਣੀ ਗਾਇਨ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਇੰਡੀਆ ਗੇਟ ਵਿਖੇ ਪਹਿਲੀ ਵਾਰ ਪ੍ਰਕਾਸ਼ ਕਰਵਾਇਆ ਗਿਆ।
ਭਾਈ ਗੁਰਦੇਵ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਦੇਵ ਸਿੰਘ ਅਸਟ੍ਰੇਲੀਆ ਤੇ ਭਾਈ ਗੁਰਇਕਬਾਲ ਸਿੰਘ ਜੀ ਮਾਤਾ ਕੌਂਲਾ ਜੀ ਵਾਲਿਆ ਨੇ ਕੀਰਤਨ ਅਤੇ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਨੇ ਕਥਾ ਵਿਚਾਰਾਂ ਨਾਲ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਅਤੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਸੰਗਤਾਂ ਨਾਲ ਆਪਣੇ ਵਿਚਾਰ ਇਸ ਮੌਕੇ ਸਾਂਝੇ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਇਤਿਹਾਸਕ ਪੱਖਾਂ ਦੀ ਸੰਭਾਲ ਲਈ ਛੇੜੀ ਗਈ ਮੁਹਿੰਮ ਦੀ ਸਲਾਘਾ ਕੀਤੀ।
ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਜੀ ਦੇ ਨੁਮਾਇੰਦੇ ਦੇ ਤੌਰ ’ਤੇ ਸਿੰਘ ਸਾਹਿਬ ਗਿਆਨੀ ਅਵਤਾਰ ਸਿੰਘ ਸ਼ੀਤਲ ਨੇ ਹਾਜ਼ਰੀ ਭਰਦੇ ਹੋਏ ਜਥੇਦਾਰ ਸਾਹਿਬ ਵੱਲੋਂ ਪ੍ਰਧਾਨ ਜੀ. ਕੇ. ਨੂੰ ਸਨਮਾਨ ਵੱਜੋਂ ਦਸਤਾਰ ਸਜਾਈ। ਸਨਮਾਨ ਪ੍ਰਾਪਤ ਕਰਨ ਉਪਰੰਤ ਭਾਵੁਕ ਹੋਏ ਜੀ. ਕੇ. ਨੇ ਉਕਤ ਸਨਮਾਨ ਨੂੰ ਆਪਣਾ ਸਨਮਾਨ ਨਾ ਦੱਸਦੇ ਹੋਏ ਦਿੱਲੀ ਦੀਆਂ ਸਮੂਹ ਸਿੱਖ ਸੰਗਤਾਂ ਦਾ ਸਨਮਾਨ ਦੱਸਿਆ। ਜੀ. ਕੇ. ਨੇ ਕਿਹਾ ਕਿ ਦੋਨੋ ਵਰਲਡ ਵਾਰ ਦੌਰਾਨ ਸਿੱਖ ਫੌਜੀਆਂ ਨੇ ਆਪਣੀ ਬਹਾਦਰੀ ਦੇ ਜੋ ਜੌਹਰ ਦਿਖਾਏ ਸੀ ਉਸਦੀ ਗਵਾਹੀ ਇੰਡੀਆ ਗੇਟ ਦੇ ਉੱਤੇ ਉਕੇਰੇ ਨਾਂ ਭਰਦੇ ਹਨ। ਪਹਿਲੀ ਵਰਲਡ ਵਾਰ ਦੀ ਯਾਦ ਵੱਜੋਂ ਬਣੇ ਇੰਡੀਆ ਗੇਟ ’ਤੇ ਉਕੇਰੇ ਗਏ 13300 ਨਾਂਵਾ ਵਿਚੋਂ 75 ਫੀਸਦੀ ਤੋਂ ਵੱਧ ਨਾਂ ਸਿੱਖਾਂ ਦੇ ਹੋਣ ਦਾ ਜੀ. ਕੇ. ਨੇ ਦਾਅਵਾ ਕੀਤਾ।
ਉਨ੍ਹਾਂ ਕਿਹਾ ਕਿ ਕਮੇਟੀ ਨੇ ਪਹਿਲੇ ਦਿੱਲੀ ਦੇ ਪ੍ਰਤੀਕ ਵੱਜੋਂ ਜਾਣੇ ਜਾਂਦੇ ਲਾਲ ਕਿਲੇ ਅਤੇ ਕੁਤੁਬ ਮੀਨਾਰ ਨਾਲ ਸਿੱਖਾਂ ਦੇ ਜੁੜੇ ਇਤਿਹਾਸ ਨੂੰ ਸੰਸਾਰ ਭਰ ਦੀਆਂ ਸੰਗਤਾਂ ਦੇ ਸਾਹਮਣੇ ਰੱਖਿਆ ਸੀ ਅਤੇ ਅੱਜ ਉਸਤੋਂ ਵੀ ਵੱਡੀ ਮਾਣ ਵਾਲੀ ਗੱਲ ਹੈ ਕਿ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਅਰਧ ਸ਼ਤਾਬਦੀ ਮਨਾਉਂਦੇ ਹੋਏ ਕਮੇਟੀ ਵੱਲੋਂ ਵਰਲਡ ਵਾਰ ਵਿਚ ਸਾਬਤ ਸੂਰਤ ਸਰੂਪ ਤੇ ਦਸਤਾਰ ਦੇ ਨਾਲ ਹਿੱਸਾ ਲੈਣ ਵਾਲੇ ਮਹਾਨ ਸਿੱਖ ਫੌਜੀਆਂ ਦੀ ਬਹਾਦਰੀ ਅਤੇ ਸ਼ਹੀਦੀ ਨਾਲ ਜੁੜੀ ਯਾਦਗਾਰ ’ਤੇ ਗੁਰਬਾਣੀ ਗਾਇਨ ਕਰਨ ਦਾ ਮੌਕਾ ਮਿਲਿਆ ਹੈ। ਸੰਸਾਰ ਭਰ ’ਚ ਸਿੱਖਾਂ ਵੱਲੋਂ ਪਾਈ ਗਈਆਂ ਧੂੰਮਾਂ ਨੂੰ ਚੇਤੇ ਕਰਦੇ ਹੋਏ ਜੀ. ਕੇ. ਨੇ ਨੌਜਵਾਨਾਂ ਨੂੰ ਆਪਣੇ ਮਾਣਮਤੇ ਇਤਿਹਾਸ ਨੂੰ ਯਾਦ ਰੱਖਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਦੋਨੋਂ ਵਰਡਲ ਵਾਰ ਦੌਰਾਨ ਲਗਭਗ 1.38 ਲੱਖ ਭਾਰਤੀ ਫੌਜੀਆਂ ਨੇ ਹਿੱਸਾ ਲਿਆ ਸੀ ਜਿਸ ਵਿਚ 1 ਲੱਖ ਤੋਂ ਵੱਧ ਸਿੱਖ ਸਨ।
ਇਸਤੋਂ ਇਲਾਵਾ ਜੀ. ਕੇ. ਵੱਲੋਂ ਭਾਈ ਗੁਰਦੇਵ ਸਿੰਘ ਦੀ ਨਵੀਂ ਗੁਰਬਾਣੀ ਸੀ. ਡੀ. ‘‘ਹਮ ਇਹ ਕਾਜ ਜਗਤ ਮੋ ਆਏ’’ ਜਾਰੀ ਕੀਤੀ ਗਈ। ਕਮੇਟੀ ਵੱਲੋਂ ਤਖਤਾਂ ਦੇ ਜਥੇਦਾਰ ਸਾਹਿਬਾਨਾ ਦੇ ਨਾਲ ਹੀ ਪ੍ਰਸਿੱਧ ਵਿਦਿਵਾਨ ਗਿਆਨੀ ਸਾਹਿਬ ਸਿੰਘ ਮਾਰਕੰਡਾ ਦਾ ਵੀ ਸਨਮਾਨ ਕੀਤਾ ਗਿਆ। ਜੀ. ਕੇ. ਨੇ ਗ੍ਰੇਟਰ ਕੈਲਾਸ਼ ਪਾਰਟ-1 ਗੁਰਦੁਆਰਾ ਸਾਹਿਬ ਵੱਲੋਂ ਸਮਾਗਮ ਲਈ 11 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਅਤੇ ਗ੍ਰੇਟਰ ਕੈਲਾਸ਼ ਪਾਰਟ-2 ਵੱਲੋਂ ਸਮਾਗਮ ’ਚ ਲੰਗਰ ਦੀ ਕੀਤੀ ਗਈ ਸੇਵਾ ਲਈ ਸ਼ੁਕਰਾਨਾ ਵੀ ਅਦਾ ਕੀਤਾ।
ਸਟੇਜ਼ ਸਕੱਤਰ ਦੀ ਸੇਵਾ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਨਿਭਾਈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ, ਕੁਲਦੀਪ ਸਿੰਘ ਭੋਗਲ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਮੈਂਬਰ ਤਨਵੰਤ ਸਿੰਘ, ਚਮਨ ਸਿੰਘ, ਸਮਰਦੀਪ ਸਿੰਘ ਸੰਨੀ, ਹਰਦੇਵ ਸਿੰਘ ਧਨੋਆ, ਜੀਤ ਸਿੰਘ ਖੋਖਰ, ਜਤਿੰਦਰਪਾਲ ਸਿੰਘ ਗੋਲਡੀ, ਅਮਰਜੀਤ ਸਿੰਘ ਪਿੰਕੀ, ਗੁਰਵਿੰਦਰ ਪਾਲ ਸਿੰਘ, ਅਕਾਲੀ ਆਗੂ ਬੀਬੀ ਪ੍ਰਕਾਸ਼ ਕੌਰ, ਬੀਬੀ ਰਣਜੀਤ ਕੌਰ, ਹਰਜੀਤ ਸਿੰਘ ਬੇਦੀ, ਹਰਚਰਣ ਸਿੰਘ ਗੁਲਸ਼ਨ, ਵਿਕਰਮ ਸਿੰਘ, ਬੀਬੀ ਤਰਵਿੰਦਰ ਕੌਰ ਖਾਲਸਾ ਤੇ ਬੀਬੀ ਨਰਿੰਦਰ ਕੌਰ ਆਦਿਕ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ।