ਫ਼ਤਹਿਗੜ੍ਹ ਸਾਹਿਬ – ਬੀਤੇ ਸਮੇਂ ਵਿਚ ਹਿੰਦ ਦੇ ਵਜ਼ੀਰ-ਏ-ਆਜ਼ਮ ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਦੇ ਪੰਜਾਬ ਦੀਆਂ ਸਰਹੱਦਾਂ ਉਤੇ ਜੰਗ ਦੀ ਦਹਿਸ਼ਤ ਪਾ ਕੇ ਜੋ ਉਥੋਂ ਦੇ 46 ਹਜ਼ਾਰ ਦੇ ਕਰੀਬ ਨਿਵਾਸੀਆਂ ਨੂੰ ਬਿਨ੍ਹਾਂ ਕਿਸੇ ਵਜਹ ਦੇ ਜ਼ਬਰੀ ਹਿਜ਼ਰਤ ਕਰਨ ਲਈ ਮਜ਼ਬੂਰ ਕਰ ਦਿੱਤਾ ਗਿਆ ਸੀ । ਜਦੋਂਕਿ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਪਾਕਿਸਤਾਨ ਜਾਂ ਕਿਸੇ ਗੁਆਂਢੀ ਮੁਲਕ ਨਾਲ ਬਿਲਕੁਲ ਜੰਗ ਨਹੀਂ ਚਾਹੁੰਦੇ ਅਤੇ ਨਾ ਹੀ ਮਨੁੱਖਤਾ ਦਾ ਖੂਨ ਵਹਾਉਣ ਦੇ ਹੱਕ ਵਿਚ ਹਨ। ਫਿਰ ਪਾਕਿਸਤਾਨ ਦੀ ਧਰਤੀ ਗੁਰੂ ਸਾਹਿਬਾਨ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਜਿਥੇ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ, ਨਨਕਾਣਾ ਸਾਹਿਬ ਅਤੇ ਜੋਤੀ-ਜੋਤ ਸਮਾਏ ਸ੍ਰੀ ਕਰਤਾਰਪੁਰ ਸਾਹਿਬ। ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਲਾਹੌਰ ਵਿਖੇ ਹੋਈ, ਫਿਰ ਲਾਹੌਰ ਖ਼ਾਲਸਾ ਰਾਜ ਦੀ ਰਾਜਧਾਨੀ ਵੀ ਰਹੀ ਹੈ, ਜੋ ਕਿ ਸਾਡੇ ਮਨ-ਆਤਮਾ ਵਿਚ ਅੱਜ ਤੱਕ ਵਸੀ ਹੋਈ ਹੈ । ਪੰਜਾਬ ਦੀ ਜੋ ਰਾਜਧਾਨੀ ਚੰਡੀਗੜ੍ਹ ਬਣਾਈ ਗਈ, ਉਹ ਅਜੇ ਤੱਕ ਪੰਜਾਬੀਆਂ ਨੂੰ ਦਿੱਤੀ ਹੀ ਨਹੀਂ ਗਈ। ਇਸ ਲਈ ਸਾਡੇ ਮਨ, ਆਤਮਾ, ਦਿਲ ਅਤੇ ਸੋਚ ਉਸ ਨਾਲ ਮਿਲਦੇ ਹੀ ਨਹੀਂ । ਇਸ ਲਈ ਪਾਕਿਸਤਾਨ, ਲਹਿੰਦੇ ਪੰਜਾਬ ਜਾਂ ਚੜ੍ਹਦੇ ਪੰਜਾਬ ਵਿਚ ਜਦੋਂ ਵੀ ਕੋਈ ਅਮਨ-ਚੈਨ ਨੂੰ ਸੱਟ ਮਾਰਨ ਵਾਲੀ ਜਾਂ ਮਨੁੱਖਤਾ ਦਾ ਕਤਲੇਆਮ ਕਰਨ ਲਈ ਜੰਗਾਂ-ਯੁੱਧਾਂ ਦੀ ਗੱਲ ਕੀਤੀ ਜਾਂਦੀ ਹੈ, ਇਹ ਪੰਜਾਬੀਆਂ ਅਤੇ ਸਿੱਖਾਂ ਦੇ ਮਨਾਂ ਤੇ ਆਤਮਾਵਾਂ ਨੂੰ ਗਹਿਰਾ ਦੁੱਖ ਪਹੁੰਚਾਉਂਦੀ ਹੈ । ਜੋ ਸ੍ਰੀ ਮੋਦੀ ਵੱਲੋ ਪੰਜਾਬ ਆ ਕੇ ਦਰਿਆਵਾਂ ਅਤੇ ਨਦੀਆਂ ਦੇ ਪਾਣੀਆਂ ਨੂੰ ਜ਼ਬਰੀ ਰੋਕਣ ਸੰਬੰਧੀ ਕਿਹਾ ਗਿਆ ਹੈ, ਇਹ ਵੀ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੇ ਹਨ। ਜਿਸ ਨੂੰ ਸਿੱਖ ਕੌਮ ਕਤਈ ਵੀ ਪ੍ਰਵਾਨਗੀ ਨਹੀਂ ਦੇ ਸਕਦੀ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦਾ ਪਾਕਿਸਤਾਨ ਅਤੇ ਲਹਿੰਦੇ ਪੰਜਾਬ ਵਿਚ ਜੁੜੇ ਕੌਮੀ ਜ਼ਜਬਾਤਾਂ, ਮਨ-ਆਤਮਾਵਾਂ ਦੀ ਗੱਲ ਨੂੰ ਜ਼ਾਹਰ ਕਰਦੇ ਹੋਏ ਅਤੇ ਹਿੰਦੂਤਵ ਹੁਕਮਰਾਨਾਂ ਵੱਲੋਂ ਭੜਕਾਓ ਬਿਆਨਬਾਜੀ ਕਰਕੇ ਦੋਵਾਂ ਪੰਜਾਬਾਂ ਦੇ ਮਾਹੌਲ ਨੂੰ ਗੰਧਲਾ ਕਰਨ ਦੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਹ ਹਿੰਦੂਤਵ ਹੁਕਮਰਾਨ ਅਤੇ ਆਰੀਆ ਸਮਾਜੀ ਸੋਚ ਦਾ ਮਾਲਕ ਮੀਡੀਆ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਨੂੰ ਦਹਿਸ਼ਤਗਰਦ, ਅੱਤਵਾਦੀ, ਗਰਮਦਲੀਏ, ਉਗਰਵਾਦੀ ਨਫ਼ਰਤ ਵਾਲੇ ਨਾਮ ਦੇ ਕੇ ਬਦਨਾਮ ਕਰਨ ਦੀਆਂ ਸਾਜ਼ਿਸਾਂ ਤੇ ਕੰਮ ਕਰਦੇ ਆ ਰਹੇ ਹਨ। ਇਸੇ ਸਿੱਖ ਵਿਰੋਧੀ ਸੋਚ ਦੀ ਬਦੌਲਤ 1984 ਵਿਚ ਇਹਨਾਂ ਹਿੰਦੂਤਵ ਹੁਕਮਰਾਨਾਂ ਨੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਅਤੇ ਅਕਤੂਬਰ 1984 ਵਿਚ ਇਥੇ ਕਈ ਵੱਖ-ਵੱਖ ਸ਼ਹਿਰਾਂ ਵਿਚ ਸਿੱਖ ਕੌਮ ਦਾ ਸਾਜ਼ਸੀ ਢੰਗ ਨਾਲ ਕਤਲੇਆਮ ਤੇ ਨਸ਼ਲਕੁਸੀ ਕੀਤੀ ਅਤੇ ਕਿਸੇ ਵੀ ਸਿੱਖ ਕੌਮ ਦੇ ਕਾਤਲ ਨੂੰ ਦੋਸ਼ੀ ਨਾ ਠਹਿਰਾਉਣਾ ਅਤੇ ਕਾਨੂੰਨ ਅਨੁਸਾਰ ਸਜ਼ਾਵਾਂ ਨਾ ਦੇਣ ਦੇ ਅਮਲ ਹਿੰਦੂਤਵ ਹੁਕਮਰਾਨਾਂ ਦੀ ਸਿੱਖ ਵਿਰੋਧੀ ਸੋਚ ਦਾ ਨਤੀਜਾ ਹਨ । ਇਹੀ ਵਜਹ ਹੈ ਕਿ ਅੱਜ ਵਲੈਤ ਵਿਚ ਵੱਸਣ ਵਾਲੇ ਸਿੱਖਾਂ ਤੇ ਪੰਜਾਬੀਆਂ ਨੇ ਉਥੋ ਦੇ ਨਿਜਾਮ ਨੂੰ ਅਤੇ ਅਖ਼ਬਾਰਾਂ ਨੂੰ ਆਪਣੇ-ਆਪ ਨੂੰ ‘ਇੰਡੀਅਨ’ ਲਿਖਣ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਸਾਨੂੰ ਬਿਲਕੁਲ ਵੀ ਇੰਡੀਅਨ ਨਾ ਲਿਖਿਆ ਜਾਵੇ, ਸਾਨੂੰ ਸਿੱਖ ਦੇ ਨਾਮ ਨਾਲ ਹੀ ਪੁਕਾਰਿਆ ਜਾਵੇ । ਜਿਸ ਨਾਲ ਸਮੁੱਚੀ ਦੁਨੀਆਂ ਨੂੰ ਸਾਡੇ ਉੱਚੇ-ਸੁੱਚੇ ਇਖ਼ਲਾਕ, ਉਦਮਾਂ, ਸਰਬੱਤ ਦੇ ਭਲੇ ਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਆਵਾਜ਼ ਉਠਾਉਣ ਵਾਲੇ ਗੁਣਾਂ ਦੀ ਸਹਿਜੇ ਹੀ ਪਹਿਚਾਣ ਹੋ ਜਾਂਦੀ ਹੈ । ਅਸੀਂ ਪੰਜਾਬੀਆਂ ਅਤੇ ਹੋਰਨਾਂ ਨੂੰ ਬੇਨਤੀ ਕਰਾਂਗੇ ਕਿ ਆਪਣੀ ਭੂਗੋਲਿਕ ਸਥਿਤੀ ਅਨੁਸਾਰ ਸਿੱਖ ਵਸੋਂ ਵਾਲੇ ਇਲਾਕਿਆਂ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਦੇ ਇਲਾਕੇ ਨੂੰ ਸਿੱਖ ਕੌਮ ਦਾ ਖੇਤਰ ਸਮਝਕੇ ਸਮੁੱਚੀ ਦੁਨੀਆਂ ਵਿਚ ਇਥੋਂ ਦੀ ਸੋਚ, ਸਿੱਖੀ ਸਿਧਾਤਾਂ, ਨਿਯਮਾਂ, ਅਸੂਲਾਂ ਅਤੇ ਮਨੁੱਖਤਾ ਪੱਖੀ ਅਮਲਾਂ ਤੋ ਜਾਣੂ ਕਰਵਾਉਦੇ ਹੋਏ ਅਤੇ ਅਮਲ ਕਰਦੇ ਹੋਏ ਵਲੈਤੀਆਂ ਦੀ ਤਰ੍ਹਾਂ ਬਿਲਕੁਲ ਵੀ ਇੰਡੀਅਨ ਨਾ ਅਖਵਾਇਆ ਜਾਵੇ। ਬਲਕਿ ਬਤੌਰ ਸਿੱ ਕੌਮ ਦੇ ਹੀ ਆਪਣੇ ਆਪ ਨੂੰ ਵਿਚਾਰਿਆ ਤੇ ਉਭਾਰਿਆ ਜਾਵੇ ਤਾਂ ਕਿ ਸਟੇਟਲੈਸ ਸਿੱਖ ਕੌਮ ਆਪਣੇ ਸੰਪੂਰਨ ਪ੍ਰਭੂਸੱਤਾ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਦੀ ਸਥਾਪਨਾ ਲਈ ਯੂਥਐਨ, ਅਮਨੈਸਟੀ ਇੰਟਰਨੈਸ਼ਨਲ, ਏਸ਼ੀਆ ਵਾਂਚ ਹਿਊਮਨ ਰਾਈਟਸ ਅਤੇ ਕੌਮਾਂਤਰੀ ਅਦਾਲਤਾਂ ਨੂੰ ਆਪਣੀ ਵੱਖਰੀ ਪਹਿਚਾਣ ਕਾਇਮ ਰੱਖਦੇ ਹੋਏ ਆਪਣੀ ਮੰਜ਼ਿਲ ਵੱਲ ਅਡੋਲ ਵੱਧਦੀ ਰਹੇ ।