ਪੰਜਾਂ ਸਾਲਾਂ ਲਈ ਸਰਕਾਰ ਚੁਣਨ ਦੀ ਖੇਡ ਹੁਣ ਕੋਈ ਲੁਕੀ ਛਿਪੀ ਗੱਲ ਨਹੀਂ ਰਹੀ ਕਿ ਇਹ ਸਿਰਫ ਰਾਜਸੱਤਾ ਤੇ ਕਬਜਾ ਕਰਕੇ ਲੋਕ ਗੁਲਾਮ ਕਰਨ ਦੀ ਸਿਆਸਤ ਹੈ ਕਹਿਣ ਨੂੰ ਭਾਵੇਂ ਇਹ ਲੋਕ ਸੇਵਕ ਚੁਣਕੇ ਲੋਕਾਂ ਦੁਆਰਾ ਲੋਕਾਂ ਲਈ ਸਰਕਾਰ ਹੈ। ਵਰਤਮਾਨ ਸਮੇਂ ਵਿੱਚ ਲੋਕ ਸੇਵਾ ਦੀ ਥਾਂ ਨਿੱਜ ਪ੍ਰਸਤ ਕਾਰੋਬਾਰੀ ਲੋਕਾਂ ਨੇ ਆਪਣੇ ਹਿੱਤ ਸਾਧਣ ਵਾਸਤੇ ਰਾਜ ਸੱਤਾ ਮੱਲਣ ਦਾ ਸ਼ਾਰਟ ਕੱਟ ਰਸਤਾ ਚੁਣਿਆ ਹੋਇਆ ਹੈ। ਵਪਾਰਕ ਬੁੱਧੀ ਦੇ ਸਮਾਜ ਵਿੱਚ ਕੁੱਝ ਵਪਾਰੀ ਲੋਕ ਆਪਣਾ ਤਜਰਬਾ ਜਾਂ ਪੈਸਾ ਇੰਨਵੈਸਟ ਕਰਕੇ ਉਸਦੇ ਇਵਜ ਵਿੱਚ ਹੋਰ ਕਈ ਗੁਣਾਂ ਲਾਭ ਖੱਟਣਾ ਹੀ ਲੋੜਦੇ ਹਨ। ਵੱਡੇ ਵਪਾਰੀ ਵੱਡੇ ਰਾਜਨੀਤਕ ਛੋਟੇ ਵਪਾਰੀਆਂ ਨੂੰ ਸਬਜ਼ਬਾਗ ਦਿਖਾਕਿ ਜਾਂ ਮਜ਼ਬੂਰ ਕਰਕੇ ਇਸ ਖੇਡ ਵਿੱਚ ਸ਼ਾਮਿਲ ਕਰਦੇ ਹਨ ਅਤੇ ਵੱਡੀਆਂ ਹਾਨੀਆਂ ਦੀਆਂ ਧਮਕੀਆਂ ਦੇਕੇ ਛੋਟੇ ਲਾਭ ਲੈ ਲੈਣ ਦਾ ਲਾਲਚ ਦੇਕੇ ਵੀ ਆਪੋ ਆਪਣੇ ਹਿੱਤਾਂ ਦੀ ਪੂਰਤੀ ਦੀ ਖੇਡ ਖੇਡਣ ਦੀ ਨੀਤੀ ਤੇ ਚਲਦੇ ਹਨ। ਸਮਾਜ ਸੇਵਾ ਜਾਂ ਲੋਕ ਹਿੱਤ ਦੇ ਸਿਰਫ ਡਰਾਮੇ ਹੁੰਦੇ ਹਨ ਜਦੋਂਕਿ ਨਤੀਜਾ ਕੁਨਬਾ ਪ੍ਰਸਤੀ ਅਤੇ ਮਿੱਤਰ ਮੰਡਲੀ ਦੀ ਬੱਲੇ ਬੱਲੇ ਹੀ ਹੁੰਦਾ ਹੈ। ਭਰਿਸ਼ਟ ਰਾਜਸੱਤਾ ਨੇ ਲੋਕਾਂ ਨੂੰ ਵੀ ਭਰਿਸ਼ਟ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਕਿਰਤਾਂ ਅਤੇ ਧਰਮਾਂ ਦੀਆਂ ਪੌੜੀਆਂ ਚੜਨ ਵਾਲਾ ਆਮ ਮਨੁੱਖ ਹੱਡਾ ਰੋੜੀ ਦੇ ਮਰੇ ਜਾਨਵਰ ਉਡੀਕਣ ਵਾਲੇ ਜਾਨਵਰਾਂ ਵਰਗਾ ਹੋਕੇ ਰਾਜਨੀਤਕਾਂ ਦੇ ਮੂੰਹਾਂ ਵਿੱਚੋਂ ਕੁੱਝ ਰਿਆਇਤਾਂ ਦੇ ਊਠ ਵਾਲੇ ਬੁੱਲ ਡਿੱਗਣਦੇ ਲਾਲਚ ਵਿੱਚ ਫਸ ਗਿਆ ਹੈ ਜਾਂ ਫਸਾ ਦਿੱਤਾ ਗਿਆ ਹੈ। ਇਸ ਆਸ ਵਿੱਚ ਹੀ ਉਹ ਪੰਜ ਸਾਲ ਬਤੀਤ ਕਰ ਲੈਂਦਾ ਹੈ। ਇਹ ਊਠ ਦਾ ਲਮਕਦਾ ਬੁੱਲ ਕਦੇ ਵੀ ਨਹੀਂ ਡਿੱਗਦਾ ਅਤੇ ਅਗਲੀ ਵਾਰ ਕਿਸੇ ਹੋਰ ਇਹੋ ਜਿਹੇ ਊਠ ਦੇ ਬੁੱਲ ਡਿਗਾਉਣ ਦੇ ਨਵੇਂ ਵਾਅਦਿਆਂ ਵਾਲੇ ਠੱਗ ਦੇ ਹੱਥ ਚੜ ਜਾਣਾ ਇਸ ਮਨੁੱਖ ਦੀ ਹੋਣੀ ਬਣ ਚੁੱਕਿਆ ਹੈ।
ਵਰਤਮਾਨ ਸਮੇਂ ਪੰਜਾਬ ਵਿੱਚ ਤਿੰਨ ਧਿਰਾਂ ਦੇ ਸ਼ਿਕਾਰੀਆਂ ਨੇ ਪੰਜਾਬੀ ਵੋਟਰ ਨੂੰ ਸ਼ਿਕਾਰ ਕਰਨ ਲਈ ਜਾਲ ਵਿਛਾ ਲਏ ਹਨ। ਇਹਨਾਂ ਵਿੱਚ ਦੋ ਸ਼ਿਕਾਰੀ ਧਿਰਾਂ ਤਾਂ ਬੜੀਆਂ ਪੁਰਾਣੀਆਂ ਹਨ ਪਰ ਤੀਜੀ ਧਿਰ ਇਹਨਾਂ ਤੋਂ ਵੀ ਵੱਧ ਚਲਾਕ ਹੈ ਜੋ ਨਵੇਂ ਜਮਾਨਿਆਂ ਦੀ ਤਕਨੀਕ ਲੈਕੇ ਆਈ ਹੈ। ਇਸ ਨਵੀਆਂ ਤਕਨੀਕਾਂ ਦੇ ਲੇਜਰ ਸ਼ੋਆਂ ਵਿੱਚੋਂ ਨਿਕਲਦੀ ਲੋਕ ਸੇਵਾ ਨੇ ਵੀ ਨੌਜਵਾਨੀ ਦੀਆਂ ਅੰਨੀਆਂ ਅੱਖਾਂ ਨੂੰ ਹੋਰ ਵੀ ਚਕਾ ਚੌਂਧ ਕੀਤਾ ਹੋਇਆ ਹੈ। ਪੁਰਾਤਨ ਧਿਰਾਂ ਅਕਾਲੀ ਕਾਂਗਰਸ ਹਨ ਜਿਹਨਾਂ ਦੀਆਂ ਜੜਾਂ ਸਿਆਣੀ ਉਮਰ ਦੇ ਲੋਕਾਂ ਵਿੱਚ ਹਨ ਜੋ ਆਪੋ ਆਪਣੇ ਘਰਾਂ ਤੇ ਕਾਬਜ ਹਨ ਅਤੇ ਪਰੀਵਾਰਾਂ ਦੇ ਬਹੁਤੇ ਵਿਅਕਤੀ ਉਹਨਾਂ ਦੇ ਹੁਕਮ ਅਧੀਨ ਵਿਚਰਦੇ ਹਨ। ਤੀਜੀ ਧਿਰ ਜਿਸਦਾ ਲੋਕ ਸੇਵਾ ਦਾ ਕੋਈ ਇਤਿਹਾਸ ਨਹੀਂ ਸਿਰਫ ਨਵੀਂ ਤਕਨੀਕ ਸੋਸ਼ਲ ਮੀਡੀਆ ਦਾ ਡਰਾਮਾ ਅਧਾਰਤ ਵਿਕਾਸ ਮਾਡਲ ਹੈ ਨਾਲ ਨੌਜਵਾਨੀ ਦਾ ਇੱਕ ਹਿੱਸਾ ਜੁੜਿਆ ਹੋਇਆ ਹੈ ਜਿਸ ਦੇ ਅਧਾਰ ਤੇ ਇਹ ਧਿਰ ਵੀ ਪਿੱਛਲੇ ਸਾਲਾਂ ਵਿੱਚ ਪੰਜਾਬ ਅਤੇ ਦਿੱਲੀ ਵਿੱਚ ਸਬੱਬੀ ਪੈਰ ਥੱਲੇ ਬਟੇਰਾ ਆ ਜਾਣ ਕਰਕੇ ਸ਼ਿਕਾਰੀ ਹੋਣ ਦਾ ਦਮ ਭਰ ਰਹੀ ਹੈ। ਵਰਤਮਾਨ ਰਾਜ ਕਰ ਰਹੀ ਧਿਰ ਕੋਲ ਆਪਣਾ ਇੱਕ ਢਾਂਚਾ ਹੈ ਵਰਕਰਾਂ ਦਾ ਸਮੂਹ ਜਿਸਦੇ ਆਸਰੇ ਉਹ ਇੱਕ ਨਿਸ਼ਚਿਤ 25%ਵੋਟ ਬੈਂਕ ਰੱਖਦੀ ਹੈ ਬਾਕੀ ਦਸ ਤੋਂ ਪੰਦਰਾਂ ਪਰਸੈਂਟ ਵੋਟ ਮੌਕੇ ਦੀਆਂ ਤਿਕੜਮਾਂ ਨਾਲ ਜੋੜਨ ਦੇ ਉਪਰਾਲੇ ਦੀਆਂ ਉਸਦੀਆਂ ਨੀਤੀਆਂ ਗੁਪਤ ਹਨ ਅਤੇ ਜੋ ਸਮਾਂ ਆਉਣ ਤੇ ਹੀ ਪਤਾ ਲੱਗਣਗੀਆਂ। ਦੂਜੀ ਧਿਰ ਕਾਂਗਰਸ ਕੋਲ ਭਾਵੇਂ ਵੋਟ ਬੈਂਕ ਦਾ ਕੋਈ ਸਥਾਈ ਅੰਕੜਾ ਨਹੀਂ ਮੰਨਿਆ ਜਾ ਸਕਦਾ ਪਰ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਸਾਖ ਹੈ ਜੋ ਪੰਜਾਬ ਦੇ ਵੱਡੀ ਗਿਣਤੀ ਵੋਟਰਾਂ ਦੇ ਵਿੱਚ ਹੈ। ਕਾਂਗਰਸ ਦੇ ਸਥਾਈ ਵਰਕਰ ਅਤੇ ਆਗੂ ਕੈਪਟਨ ਦੀ ਤਾਕਤ ਨੂੰ ਦੁਗਣਾ ਕਰ ਦਿੰਦੇ ਹਨ।
ਰਾਜਸ਼ਾਹੀ ਦੇ ਅਧੀਨ ਇੱਕ ਵਿਅਕਤੀ ਦੇ ਰਾਜ ਵਿੱਚ ਹਜਾਰਾਂ ਸਾਲ ਵਿਚਰਨ ਵਾਲੇ ਪੰਜਾਬੀਆਂ ਦੀ ਮਾਨਸਿਕਤਾ ਅੱਜ ਵੀ ਪਾਰਟੀਆਂ ਦੀ ਥਾਂ ਵਿਅਕਤੀਆਂ ਵਿੱਚ ਹੈ। ਬਾਦਲ ਪਰੀਵਾਰ ਅਤੇ ਕੈਪਟਨ ਅਮਰਿੰਦਰ ਦੋ ਬਦਲ ਪੰਜਾਬੀ ਵੋਟਰਾਂ ਕੋਲ ਹਨ ਪਰ ਤੀਜੀ ਧਿਰ ਆਪ ਮਜਬੂਤ ਹੋਣ ਦੇ ਬਾਵਜੂਦ ਆਗੂ ਵਿਹੂਣੀ ਹੈ। ਇਸਦੇ ਆਗੂ ਵਿਹੂਣੀ ਹੋਣ ਦਾ ਨੁਕਸਾਨ ਇਸਨੂੰ ਖੋਰਾ ਲਾ ਰਿਹਾ ਹੈ। ਪੰਜਾਬੀ ਫਿਤਰਤ ਤੋਂ ਅਣਜਾਣ ਕੇਜਰੀਵਾਲ ਭਾਰੀ ਗੱਲਤੀ ਕਰ ਰਿਹਾ ਹੈ। ਇਸ ਪਾਰਟੀ ਦੇ ਵਿੱਚ ਵੱਡੇ ਆਗੂ ਇੱਕੋ ਜਿਹੇ ਪੱਧਰ ਦੇ ਹੋਣ ਕਾਰਨ ਇੱਕ ਦੂਸਰੇ ਨੂੰ ਠਿੱਬੀ ਲਾਉਣ ਦੇ ਚੱਕਰਾਂ ਵਿੱਚ ਕੇਜਰੀਵਾਲ ਨੂੰ ਫੂਕ ਛਕਾਕੇ ਗੁੰਮਰਾਹ ਕਰ ਰਹੇ ਹਨ। ਆਗੂ ਵਿਹੂਣੀ ਪਾਰਟੀ ਵਿੱਚ ਬਹੁਤੇ ਜਰਨੈਲ ਆਪਣਾ ਅਤੇ ਪਾਰਟੀ ਦਾ ਨੁਕਸਾਨ ਹੀ ਕਰ ਰਹੇ ਹਨ। ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਚੋਣਾਂ ਨਾਲੋ ਪਾਰਟੀ ਬਾਜੀ ਦੀ ਥਾਂ ਵਿਅਕਤੀ ਗਤ ਪੱਧਰ ਤੇ ਲੜੀਆਂ ਜਾਂਦੀਆਂ ਹਨ ਜਿਸ ਵਿੱਚ ਹਰ ਪਾਰਟੀ ਦਾ ਚੋਣ ਲੜਨ ਵਾਲਾ ਆਗੂ ਲੋਕਾਂ ਨਾਲ ਸਿੱਧਾ ਜੁੜਿਆ ਹੁੰਦਾ ਹੈ। ਨਵੀਂ ਪਾਰਟੀ ਹਮੇਸ਼ਾਂ ਆਪਣੇ ਆਪ ਨੂੰ ਲੋਕ ਹਿੱਤਾਂ ਦੀ ਪਹਿਰੇਦਾਰ ਦਿਖਾਈ ਦੇਕੇ ਹੀ ਚੋਣ ਜਿੱਤ ਸਕਦੀ ਹੁੰਦੀ ਹੈ। ਨਵੀਂ ਪਾਰਟੀ ਤਿਕੜਮਬਾਜ ਦੀ ਥਾਂ ਲੋਕ ਰੋਹ ਅਤੇ ਲੋਕ ਪਿਆਰ ਸਤਿਕਾਰ ਦੀ ਪਾਤਰ ਬਣੀ ਰਹਿਣੀ ਜਰੂਰੀ ਹੁੰਦੀ ਹੈ ਜੋ ਕਿ ਆਪ ਪਾਰਟੀ ਲਈ ਵੀ ਜਰੂਰੀ ਹੈ। ਲੋਕ ਪਿਆਰ ਅਤੇ ਸਤਿਕਾਰ ਸਿਧਾਂਤ ਅਤੇ ਅਸੂਲ ਦਿਖਾਈ ਦੇਣ ਤੇ ਹੀ ਬਣਦਾ ਹੈ।
ਚੋਣਾਂ ਦਾ ਅੰਤਿਮ ਸਮਾਂ ਦੋ ਧਿਰਾਂ ਵਿੱਚ ਹੀ ਹੋਣਾਂ ਹੁੰਦਾ ਹੈ। ਜਿਹੜੀ ਧਿਰ ਰਾਜ ਕਰਦੀ ਪਾਰਟੀ ਨੂੰ ਟੱਕਰ ਦੇਣ ਵਿੱਚ ਪਛੜਨ ਲੱਗ ਪਵੇ ਆਮ ਲੋਕ ਉਸ ਤੋਂ ਕਿਨਾਰਾ ਕਰ ਜਾਂਦੇ ਹਨ। ਅੰਤਲੇ ਦਿਨ ਤੱਕ ਹਰ ਧਿਰ ਦਾ ਜੇਤੂ ਅੰਦਾਜ ਵੀ ਬਣਿਆ ਰਹਿਣਾ ਚਾਹੀਦਾ ਹੈ। ਜਿਸ ਧਿਰ ਕੋਲ ਜੇਤੂ ਅੰਦਾਜ ਨਾਂ ਹੋਵੇ ਲੋਕ ਉਸ ਤੋਂ ਕਿਨਾਰਾ ਕਰਨਾ ਹੀ ਬੇਹਤਰ ਸਮਝਦੇ ਹਨ। ਕੀ 2017 ਤੱਕ ਤਿੰਨੇ ਧਿਰਾਂ ਜੇਤੂ ਅੰਦਾਜ ਬਣਾਈ ਰੱਖਣਗੀਆਂ ? ਜਿਸ ਧਿਰ ਕੋਲ ਜੇਤੂ ਅੰਦਾਜ ਲੋਕਾਂ ਨੂੰ ਦਿਖਾਈ ਨਾਂ ਦਿੱਤਾ ਉਸਦੀ ਹਾਲਤ ਸੋਚਣ ਤੋਂ ਵੀ ਜਿਆਦਾ ਮੰਦੀ ਹੋਣੀ ਲਾਜਮੀ ਹੈ। ਸੋ ਵਰਤਮਾਨ ਸਮੇਂ ਤਿੰਨੇ ਧਿਰਾਂ ਕੋਲ ਭਾਵੇਂ ਲੋਕ ਪੱਖੀ ਏਜੰਡਾ ਨਹੀਂ ਹੈ ਪਰ ਚੋਣ ਦਾ ਹੋਰ ਕੋਈ ਬਦਲ ਨਾਂ ਹੋਣ ਕਾਰਨ ਇਹਨਾ ਦੇ ਜਾਲ ਹੀ ਲੋਕਾਂ ਨੂੰ ਘੇਰ ਰਹੇ ਹਨ। ਆਉਣ ਵਾਲਾ ਵਕਤ ਦੱਸੇਗਾ ਕਿ ਲੋਕ ਹਿੱਤਾਂ ਤੋਂ ਕੋਹਾਂ ਦੂਰ ਤਿੰਨਾਂ ਧਿਰਾਂ ਦੇ ਕਿਸਦੇ ਜਾਲ ਵਿੱਚ ਲੋਕ ਫਸਣ ਦਾ ਫੈਸਲਾ ਕਰਨਗੇ। ਇਹ ਪੰਜਾਬ ਦੀ ਬਦਕਿਸਮਤੀ ਹੈ ਅਤੇ ਰਾਜਨੀਤਕਾਂ ਦੀ ਸਫਲਤਾ ਵੀ ਹੈ ਕਿ ਲੋਕ ਹਿੱਤਾਂ ਦੇ ਮੁੱਦੇ ਚੋਣ ਏਜੰਡੇ ਦੇ ਮੁੱਦੇ ਹੀ ਨਹੀਂ ਬਣ ਸਕੇ। ਸੋ ਆਉਣ ਵਾਲੇ ਪੰਜ ਸਾਲ ਵੀ ਪੰਜਾਬੀਆਂ ਦੇ ਪਹਿਲਾਂ ਵਾਲੇ ਰੁਝਾਨ ਵਿੱਚ ਹੀ ਵਿਚਰਨ ਦੇ ਹਾਲਾਤ ਬਣੇ ਰਹਿਣਗੇ। ਲੋਕ ਪੱਖੀ ਲੋਕਾਂ ਨੂੰ ਆਪਣੀ ਆਸ 2022 ਤੇ ਹੀ ਰੱਖਣ ਦੀ ਇੱਛਾ ਰੱਖਣ ਨੂੰ ਮਜਬੂਰ ਹੋਣਾ ਪਵੇਗਾ। ਚੌਥੀ ਧਿਰ ਜੋ ਲੋਕ ਮੁੱਦਿਆਂ ਦੀ ਦਾਅਵੇਦਾਰ ਹੋ ਸਕਦੀ ਸੀ ਪਰ ਉਹ ਆਪਣੇ ਆਪ ਨੂੰ ਸੰਗਠਿਤ ਅਤੇ ਪੇਸ਼ ਕਰਨ ਵਿੱਚ ਅਸਫਲ ਹੋਏ ਹਨ। ਪੰਜਾਬ ਦੇ ਲੋਕ ਇਸ ਸਮੇਂ ਲੋਕ ਪੱਖੀ ਧਿਰ ਨੂੰ ਕਾਮਯਾਬ ਕਰਨ ਲਈ ਤਿਆਰ ਬੈਠੇ ਸਨ ਪਰ ਤਜਰਬੇਕਾਰ ਸਿਆਸੀ ਤਿੰਨੇ ਧਿਰਾਂ ਨੇ ਆਪਣੇ ਹੋ ਹੱਲੇ ਨਾਲ ਸਮਾਜ ਦੇ ਵੱਡੇ ਹਿੱਸੇ ਨੂੰ ਗੁੰਮਰਾਹ ਅਤੇ ਸਮਝਦਾਰ ਸਿਆਣੇ ਲੋਕ ਪੱਖੀ ਲੋਕਾਂ ਦੇ ਅੱਗੇ ਤੁਰਨ ਦੇ ਰਾਹ ਬੰਦ ਕਰਨ ਦੀ ਸਫਲ ਚਾਲ ਖੇਡੀ ਹੈ। ਚੌਥੀ ਧਿਰ ਦੇ ਲੋਕ ਇਹ ਰਾਹ ਰੋਕੂ ਜੁਗਾੜਾਂ ਨੂੰ ਤੋੜਨ ਵਿੱਚ ਅਸਫਲ ਹੋਏ ਹਨ ਜੋ ਉਹਨਾਂ ਦੀ ਵੱਡੀ ਕਮਜੋਰੀ ਹੈ। ਸੋ ਪੰਜਾਬੀ ਵੋਟਰ ਕੋਲ ਕਿਸੇ ਇੱਕ ਧਿਰ ਦੇ ਜਾਲ ਵਿੱਚ ਫਸਣਾ ਉਸਦੀ ਹੋਣੀ ਬਣਾ ਦਿੱਤਾ ਗਿਆ ਹੈ। ਚੌਥੀ ਧਿਰ ਦੇ ਲੋਕ ਵੀ ਇਸ ਦੇ ਲਈ ਇਤਿਹਾਸ ਦੇ ਦੋਸ਼ੀ ਰਹਿਣਗੇ। ਤਿੰਨੇ ਧਿਰਾਂ ਸਫਲ ਆਗੂ ਅੱਜ ਤੋਂ ਹੀ ਭੰਗੜੇ ਪਾ ਸਕਦੇ ਹਨ। ਕੇਜਰੀ ਕਾਂਗਰਸ ਕਾਲੀ ਇੱਕੋ ਹੀ ਹਮਾਮ ਵਿੱਚ ਇਕੱਠੇ ਨਹਾਉਣਗੇ। ਇਹਨਾਂ ਧਿਰਾਂ ਤੋਂ ਸਵੈ ਵਿਕਾਸ ਦੇ ਇਲਾਵਾ ਹੋਰ ਆਸ ਰੱਖਣੀ ਮੂਰਖਤਾ ਹੀ ਹੈ ਕਿਉਂਕਿ ਇਹਨਾਂ ਦੇ ਆਗੂ ਸਵੈ ਹੰਕਾਰ ਅਤੇ ਸਵਾਰਥ ਦੀ ਦਲਦਲ ਵਿੱਚ ਡੂੰਘੇ ਫਸ ਚੁੱਕੇ ਹਨ।