ਫ਼ਤਹਿਗੜ੍ਹ ਸਾਹਿਬ – ਸੁਪਰੀਮ ਕੋਰਟ ਭਾਰਤ ਵੱਲੋਂ ਕੀਤੇ ਗਏ ਇਹ ਹੁਕਮ ਕਿ ਸਿਨਮਿਆ ਵਿਚ ਫਿਲਮ ਸ਼ੁਰੂ ਹੋਣ ਤੋਂ ਪਹਿਲੇ ਹਿੰਦੂਆਂ ਦਾ ਕੌਮੀ ਤਰਾਨਾ ‘ਜਨ, ਗਨ, ਮਨ’ ਚਲੇਗਾ ਅਤੇ ਸਭ ਖੜ੍ਹੇ ਹੋ ਕੇ ਉਸ ਵਿਚ ਸ਼ਮੂਲੀਅਤ ਕਰਨਗੇ। ਇਹ ਹੁਕਮ ਭਾਰਤ ਵਰਗੇ ਜ਼ਮਹੂਰੀਅਤ ਮੁਲਕ ਵਿਚ ਤਾਨਾਸ਼ਾਹੀ ਵਾਲੇ ਅਤੇ ਵੱਖ-ਵੱਖ ਧਰਮਾਂ ਦੀ ਆਜ਼ਾਦੀ ਨੂੰ ਕੁਚਲਣ ਵਾਲੇ ਅਮਲ ਹਨ। ਕਿਉਂਕਿ ਗੁਰੂ ਨਾਨਕ ਸਾਹਿਬ ਸਿੱਖ ਧਰਮ ਤੇ ਸਿੱਖ ਕੌਮ ਦੇ ਪਹਿਲੇ ਪੈਗੰਬਰ ਹੋਏ ਹਨ ਜਿਵੇਂ ਮੁਹੰਮਦ ਸਾਹਿਬ ਮੁਸਲਿਮ ਕੌਮ ਦੇ, ਈਸਾ ਮਸੀਹ ਇਸਾਈਆਂ ਦੇ, ਮਹਾਂਵੀਰ ਜੈਨੀਆਂ ਦੇ ਅਤੇ ਮਹਾਤਮਾ ਬੁੱਧ ਬੋਧੀਆਂ ਦੇ। ਗੁਰੂ ਨਾਨਕ ਸਾਹਿਬ ਨੇ ਨਵੇਂ ਸਿੱਖ ਧਰਮ ਤੇ ਕੌਮ ਦਾ ਜਨਮ ਕਰਦੇ ਹੋਏ ਕਿਹਾ ਸੀ ਕਿ ਨਾ ਅਸੀਂ ਹਿੰਦੂ, ਨਾ ਮੁਸਲਮਾਨ। ਮੈਂ ਪਾਰਲੀਮੈਂਟ ਵਿਚ ਤਕਰੀਰ ਕਰਦੇ ਹੋਏ ਗੁਰੂ ਸਾਹਿਬਾਨ ਦਾ ਹਵਾਲਾ ਦੇ ਕੇ ਕਿਹਾ ਸੀ ਕਿ ਜੋ ਸਾਡੇ ਉਤੇ ਹਿੰਦੂਤਵ ਹੁਕਮਰਾਨਾਂ ਨੇ ਤਿਰੰਗਾਂ ਝੰਡਾ ਠੋਸਿਆ ਹੈ, ਉਸ ਵਿਚ ਭਗਵਾ ਰੰਗ ਹਿੰਦੂਆਂ ਦਾ ਹੈ, ਚਿੱਟਾ ਜੈਨੀਆ ਦਾ, ਹਰਾ ਰੰਗ ਮੁਸਲਮਾਨਾਂ ਦਾ ਹੈ ਅਤੇ ਜੋ ਵਿਚ ਅਸ਼ੋਕ ਚੱਕਰ ਹੈ ਉਹ ਬੁੱਧ ਧਰਮ ਦਾ ਹੈ। ਇਸ ਵਿਚ ਸਿੱਖ ਕੌਮ ਦਾ ਕੋਈ ਵੀ ਨਿਸ਼ਾਨ ਨਹੀਂ ਇਸ ਲਈ ਠੋਸੇ ਗਏ ਝੰਡੇ ਨੂੰ ਪ੍ਰਵਾਨ ਕਰਨ ਲਈ ਸਿੱਖ ਕੌਮ ਪਾਬੰਦ ਨਹੀਂ। ਕਿਉਂਕਿ ਇਸ ਤਿਰੰਗੇ ਨੂੰ ਕੌਮੀ ਝੰਡਾ ਐਲਾਨਦੇ ਹੋਏ ਸਿੱਖ ਕੌਮ ਦੀ ਕੋਈ ਰਾਏ ਨਹੀਂ ਲਈ ਗਈ । ਉਪਰੋਕਤ ਕੌਮੀ ਤਰਾਨਾ ਸ੍ਰੀ ਰਵਿੰਦਰ ਨਾਥ ਟੈਗੋਰ ਨੇ ਬਣਾਇਆ ਸੀ, ਜਿਨ੍ਹਾਂ ਦੀ ਅਸੀਂ ਕਦਰ ਕਰਦੇ ਹਾਂ। ਲੇਕਿਨ ਜੋ ਜਨਾਬ ਮੁਹੰਮਦ ਇਕਬਾਲ ਨੇ ‘ਸਾਰੇ ਜਹਾ ਸੇ ਅੱਛਾ ਹਿੰਦੂਸਤਾਨ ਹਮਾਰਾ’ ਗੀਤ ਬਣਾਇਆ ਸੀ, ਉਸ ਵਿੱਚ ਉਹਨਾਂ ਨੇ ਸਭ ਧਰਮਾਂ ਅਤੇ ਕੌਮਾਂ ਦੀ ਗੱਲ ਕਰਦੇ ਹੋਏ ਸਰਬਸਾਂਝੀ ਅਤੇ ਮਨੁੱਖਤਾ ਪੱਖੀ ਸੋਚ ਨੂੰ ਉਜਾਗਰ ਕੀਤਾ ਸੀ ਅਤੇ ਸਭ ਕੌਮਾਂ ਦੀ ਨੁਮਾਇੰਦਗੀ ਕਰਦਾ ਸੀ। ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਹਿੰਦੂਤਵ ਹੁਕਮਰਾਨਾਂ ਨੇ ਸ੍ਰੀ ਇਕਬਾਲ ਵੱਲੋਂ ਲਿਖੇ ਗਏ ਤਰਾਨੇ ਨੂੰ ਇਸ ਕਰਕੇ ਕੌਮੀ ਗੀਤ ਵੱਜੋਂ ਪ੍ਰਵਾਨ ਨਹੀਂ ਕੀਤਾ, ਕਿਉਂਕਿ ਇਸ ਦੇ ਲਿਖਣ ਵਾਲੇ ਮੁਸਲਮਾਨ ਸਨ। ਇਸ ਲਈ ਅਸੀਂ ਸੁਪਰੀਮ ਕੋਰਟ ਭਾਰਤ ਨੂੰ ਬੇਨਤੀ ਕਰਦੇ ਹਾਂ ਕਿ ਜੋ ਤਾਜਾ ਹੁਕਮਾਂ ਅਧੀਨ ਇਥੇ ਵੱਸਣ ਵਾਲੀਆਂ ਸਭ ਘੱਟ ਗਿਣਤੀ ਕੌਮਾਂ ਉਤੇ ਕੌਮੀ ਤਰਾਨੇ ਨੂੰ ਜ਼ਬਰੀ ਠੋਸਿਆ ਜਾ ਰਿਹਾ ਹੈ, ਉਸ ਹੋਏ ਨਿਰਪੱਖਤਾ ਵਿਰੋਧੀ ਫੈਂਸਲੇ ਤੇ ਸੁਪਰੀਮ ਕੋਰਟ ਮੁੜ ਵਿਚਾਰ ਕਰੇ । ਕਿਉਂਕਿ ਸਿੱਖ ਕੌਮ ਦਾ ਕੌਮੀ ਤਰਾਨਾ ‘ਦੇਹ ਸਿਵਾ ਬਰੁ ਮੋਹਿ ਇਹੈ’ ਹੈ ਅਤੇ ਜਿਸ ਨੂੰ ਸਿੱਖ ਕੌਮ ਪੂਰਨ ਸਤਿਕਾਰ ਸਹਿਤ ਪ੍ਰਵਾਨ ਕਰਦੀ ਹੈ ਅਤੇ ਜਦੋ ਇਸਦਾ ਗਾਇਨ ਕੀਤਾ ਜਾਂਦਾ ਹੈ ਤਾਂ ਸਿੱਖ ਕੌਮ ਆਪਣਾ ਸਿਰ ਢੱਕ ਕੇ ਸਤਿਕਾਰ ਵੱਜੋਂ ਆਪਣੇ ਕੌਮੀ ਤਰਾਨੇ ਨੂੰ ਅੰਤਰੀਵ ਭਾਵਨਾਵਾਂ ਤੋਂ ਸਮਰਪਿਤ ਹੁੰਦੀ ਹੈ। ਜਦੋਂ ਕਈ ਮੌਕਿਆਂ ਤੇ ਇਹ ਸਿੱਖ ਕੌਮ ਦਾ ਕੌਮੀ ਤਰਾਨੇ ਦਾ ਗਾਇਨ ਕੀਤਾ ਜਾਂਦਾ ਹੈ ਤਾਂ ਮੁਤੱਸਵੀ ਸੋਚ ਵਾਲੇ ਹਿੰਦੂ ਆਗੂ ਜਿਵੇ ਲਕਸ਼ਮੀਕਾਂਤ ਚਾਵਲਾ ਨਾ ਤਾਂ ਇਸਦਾ ਗਾਇਨ ਕਰਦੀ ਹੈ ਅਤੇ ਨਾ ਹੀ ਸਤਿਕਾਰ ਵੱਜੋ ਉੱਠਕੇ ਖੜ੍ਹੀ ਹੁੰਦੀ ਹੈ । ਫਿਰ ਸਿੱਖ ਕੌਮ ਸੁਪਰੀਮ ਕੋਰਟ ਦੇ ਹੋਏ ਹੁਕਮਾਂ ਅਨੁਸਾਰ ਹੁਕਮਰਾਨਾਂ ਦੇ ਜ਼ਬਰੀ ਠੋਸੇ ਜਾ ਰਹੇ ਕੌਮੀ ਤਰਾਨੇ ਦਾ ਗਾਇਨ ਕਿਉਂ ਕਰੇਗੀ ਅਤੇ ਉਸ ਲਈ ਉੱਠਕੇ ਕਿਉਂ ਖੜ੍ਹੀ ਹੋਵੇਗੀ ? ਜੇਕਰ ਸਿੱਖ ਕੌਮ ਆਪਣੇ ਕੌਮੀ ਤਰਾਨੇ ਦਾ ਗਾਇਨ ਕਰਨਾ ਬੰਦ ਕਰ ਦੇਵੇਗੀ ਤਾਂ ਸਿੱਖ ਕੌਮ ਦੀ ਵੇਦਨਾ ਅਤੇ ਵੱਖਰੀ ਪਹਿਚਾਣ ਹੀ ਖ਼ਤਮ ਹੋ ਜਾਵੇਗੀ। ਅਸੀਂ ਅਜਿਹਾ ਬਿਲਕੁਲ ਨਹੀਂ ਕਰਾਂਗੇ। ਬਹੁਗਿਣਤੀ ਦਾ ਫਰਜ ਹੈ ਕਿ ਘੱਟ ਗਿਣਤੀ ਕੌਮਾਂ ਨੂੰ ਨਾਲ ਲੈਕੇ ਚੱਲੇ ਨਾ ਕਿ ਉਹਨਾਂ ਉਤੇ ਮੁਤੱਸਵੀ ਸੋਚ ਵਾਲੇ ਹੁਕਮ ਜ਼ਬਰੀ ਠੋਸੇ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸੁਪਰੀਮ ਕੋਰਟ ਭਾਰਤ ਵੱਲੋਂ ਆਏ ਉਹਨਾਂ ਹੁਕਮਾਂ ਜਿਸ ਅਨੁਸਾਰ ਸਿਨਮਿਆਂ ਵਿਚ ਫਿਲਮ ਸ਼ੁਰੂ ਹੋਣ ਤੋ ਪਹਿਲੇ ਹਿੰਦੂਆਂ ਦੇ ਕੌਮੀ ਤਰਾਨੇ ਦਾ ਗਾਇਨ ਹੋਵੇਗਾ ਅਤੇ ਸਭ ਲੋਕ ਖੜ੍ਹੇ ਹੋ ਕੇ ਉਸ ਵਿਚ ਸ਼ਮੂਲੀਅਤ ਕਰਨਗੇ, ਨੂੰ ਧਰਮ ਨਿਰਪੱਖਤਾ ਵਿਰੋਧੀ ਅਤੇ ਘੱਟ ਗਿਣਤੀ ਕੌਮਾਂ ਉਤੇ ਤਾਨਾਸ਼ਾਹੀ ਸੋਚ ਅਧੀਨ ਠੋਸੇ ਜਾਣ ਵਾਲੇ ਹੁਕਮਾਂ ਨੂੰ ਸਿੱਖ ਕੌਮ ਵੱਲੋਂ ਪ੍ਰਵਾਨ ਨਾ ਕਰਨ ਅਤੇ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ ਸਤਿਕਾਰ ਨੂੰ ਕਾਇਮ ਰੱਖਣ ਦੀ ਗੱਲ ਕਰਦੇ ਹੋਏ ਜ਼ਾਹਰ ਕੀਤੇ। ਉਹਨਾਂ ਕਿਹਾ ਕਿ ਸਮਾਣੇ ਵਿਚ ਨੇਹਾ ਸਰਮਾ ਨਾਮ ਦੀ ਇਕ ਨਿਰਦੋਸ਼ ਬ੍ਰਾਹਮਣ ਲੜਕੀ ਨੂੰ ਪੁਲਿਸ ਨੇ ਏਕੇ-47 ਨਾਲ ਕਤਲ ਕਰ ਦਿੱਤਾ ਹੈ। ਸਾਡੀ ਪਾਰਟੀ ਅਤੇ ਸਿੱਖ ਕੌਮ ਇਸ ਬੀਬਾ ਦੇ ਕਾਤਲਾਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਕਰਵਾਉਣਾ ਚਾਹੁੰਦੀ ਹੈ। ਪਰ ਬੀਜੇਪੀ ਦੀ ਜਮਾਤ ਸੰਬੰਧਤ ਕਤਲ ਹੋਈ ਬੀਬਾ ਦੇ ਪਰਿਵਾਰ ਨੂੰ ਡਰਾਅ ਧਮਾਕਾ ਕੇ ਜਾਂ ਲਾਲਚ ਦੇ ਕੇ ਐਫ਼ਆਈਥਆਰਥ ਦਰਜ ਕਰਨ ਤੋ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ। ਜੋ ਬਰਾਬਰਤਾ ਅਤੇ ਇਨਸਾਫ਼ ਦੇ ਅਸੂਲਾਂ ਅਤੇ ਨਿਯਮਾਂ ਨੂੰ ਕੁਚਲਣ ਵਾਲੇ ਅਮਲ ਹਨ। ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਬੀਤੇ ਸਮੇਂ 1994 ਵਿਚ ਇੱਕ ਫ਼ਰਾਂਸੀਸੀ ਬੀਬੀ ਕਾਤੀਆ ਨੂੰ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਪੋਤੇ ਗੁਰਕੀਰਤ ਸਿੰਘ ਨੇ ਇਸ ਬੀਬਾ ਨਾਲ ਜ਼ਬਰ-ਜ਼ਨਾਹ ਕਰਦੇ ਹੋਏ ਕਤਲ ਕਰ ਦਿੱਤਾ ਸੀ, ਜਿਸ ਕੇਸ ਨੂੰ ਅਸੀਂ ਸੁਪਰੀਮ ਕੋਰਟ ਵਿਚ ਲੈਕੇ ਗਏ ਸੀ। ਸਬੰਧਤ ਕੇਸ ਦੇ ਜੱਜ ਨੇ ਜਦੋਂ ਸਾਨੂੰ ਸਵਾਲ ਕੀਤਾ ਕਿ ਹੁਣ ਤਾਂ ਬੇਅੰਤ ਸਿੰਘ ਇਸ ਦੁਨੀਆਂ ਵਿਚ ਨਹੀਂ ਹਨ, ਕਿ ਤੁਸੀਂ ਇਸ ਕੇਸ ਨੂੰ ਅੱਗੇ ਲਿਜਾਣਾ ਚਾਹਵੋਗੇ, ਤਾਂ ਅਸੀਂ ਜੱਜ ਸਾਹਿਬ ਦੀ ਦਲੀਲ ਨੂੰ ਪ੍ਰਵਾਨ ਕਰਦੇ ਹੋਏ ਜੱਜ ਸਾਹਿਬ ਦੇ ਇਸ਼ਾਰੇ ਨੂੰ ਸਮਝਦੇ ਹੋਏ ਇਸ ਕੇਸ ਨੂੰ ਬੰਦ ਕਰ ਦਿੱਤਾ ਸੀ। ਇਸ ਲਈ ਅਸੀਂ ਨੇਹਾ ਸ਼ਰਮਾ ਦੀ ਹੋਈ ਦੁੱਖਦਾਇਕ ਮੌਤ ਉਤੇ ਡੀਜੀਪੀ ਪੰਜਾਬ ਨੂੰ ਕਹਿਣਾ ਚਾਹਵਾਂਗੇ ਕਿ ਜਦੋਂ ਪਠਾਨਕੋਟ ਏਅਰਬੇਸ ਅਤੇ ਦੀਨਾਨਗਰ ਪੁਲਿਸ ਸਟੇਸ਼ਨ ਤੇ ਹਮਲੇ ਹੋਏ, ਜਿੱਥੇ ਇਹਨਾਂ ਪੁਲਿਸ ਦੀ ਏਕੇ-47 ਚੱਲਣੀ ਚਾਹੀਦੀ ਸੀ, ਉਥੇ ਤਾਂ ਇਹਨਾਂ ਤੋ ਏਕੇ-47 ਨਹੀਂ ਚੱਲੀ । ਲੇਕਿਨ ਇਕ ਨਿਰਦੋਸ਼ ਗਰੀਬ ਪਰਿਵਾਰ ਦੀ ਬ੍ਰਾਹਮਣ ਲੜਕੀ ਏਕੇ-47 ਨਾਲ ਕਤਲ ਕਰ ਦਿੱਤੀ। ਇਸੇ ਤਰ੍ਹਾਂ ਜਸਪਾਲ ਸਿੰਘ ਚੌੜ ਸਿੱਧਵਾ ਦੇ ਇਕ ਵਿਦਿਆਰਥੀ ਨੂੰ ਅਤੇ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਨੂੰ ਇਹਨਾਂ ਨੇ ਏਕੇ-47 ਨਾਲ ਸ਼ਹੀਦ ਕਰ ਦਿੱਤਾ। ਅਸੀਂ ਪੁਲਿਸ ਮੁੱਖੀ ਪੰਜਾਬ ਨੂੰ ਪੁੱਛਣਾ ਚਾਹਵਾਂਗੇ ਕਿ ਨਿਰਦੋਸ਼ਾਂ ਤੇ, ਬੀਬੀਆਂ ਤੇ ਏਕੇ-47 ਕਿਉਂ ਚਲਾਈਆਂ ਜਾ ਰਹੀਆਂ ਹਨ ?
ਸ. ਮਾਨ ਨੇ ਆਪਣੇ ਬਿਆਨ ਦੇ ਅੰਤ ਵਿਚ ਕਿਹਾ ਕਿ ਜੇ ਤਾਂ ਹਿੰਦੂ ਹੁਕਮਰਾਨ ਅਤੇ ਉਹਨਾ ਦੀਆਂ ਅਦਾਲਤਾਂ ਘੱਟ ਗਿਣਤੀ ਕੌਮਾਂ ਦੇ ਬਰਾਬਰਤਾ ਵਾਲੇ ਸਤਿਕਾਰ, ਵਿਧਾਨਿਕ ਅਧਿਕਾਰ ਦੇ ਹੱਕ ਪ੍ਰਦਾਨ ਕਰਦੇ ਹੋਏ ਘੱਟ ਗਿਣਤੀ ਕੌਮਾਂ ਨਾਲ ਸਹਿਮਤੀ ਕਰਦੇ ਹੋਏ ਕਿਸੇ ਫੈਸਲੇ ਨੂੰ ਸੁਣਾਉਣਗੇ, ਫਿਰ ਤਾਂ ਅਜਿਹੇ ਫੈਸਲੇ ਨੂੰ ਪ੍ਰਵਾਨ ਕਰਨ ਉਤੇ ਕਿਸੇ ਸਮੇਂ ਵਿਚਾਰ ਕੀਤੀ ਜਾ ਸਕਦੀ ਹੈ, ਵਰਨਾ ਘੱਟ ਗਿਣਤੀ ਕੌਮਾਂ ਉਤੇ ਫ਼ੌਜੀ, ਪੁਲਿਸ ਅਤੇ ਅਦਾਲਤਾਂ ਦੀ ਦੁਰਵਰਤੋ ਕਰਕੇ ਠੋਸੇ ਜਾਣ ਵਾਲੇ ਹਿੰਦੂਤਵ ਫੈਸਲਿਆਂ ਨੂੰ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਕਤਈ ਪ੍ਰਵਾਨ ਨਹੀਂ ਕਰਨਗੀਆਂ। ਸ. ਮਾਨ ਨੇ ਸਵਿਟਜਰਲੈਡ ਦੀ ਇਕ ਮਿਸਾਲ ਦਿੰਦੇ ਹੋਏ ਕਿਹਾ ਕਿ ਉਥੇ ਤਿੰਨ ਕੌਮਾਂ ਫ਼ਰਾਂਸੀਸੀ, ਜਰਮਨ ਅਤੇ ਇਟਾਲੀਅਨ ਵਸਦੀਆਂ ਹਨ ਅਤੇ ਇਹਨਾਂ ਸਾਰੀਆਂ ਕੌਮਾਂ ਦੇ ਇਕੋ ਜਿਹੇ ਵਿਧਾਨਿਕ ਬਰਾਬਰਤਾ ਵਾਲੇ ਹੱਕ ਹਨ। ਇਹ ਕੌਮਾਂ ਜਿਥੇ ਵੱਸਦੀਆਂ ਹਨ, ਉਹਨਾਂ ਨੂੰ ਕੈਨਟਨ ਕਿਹਾ ਜਾਂਦਾ ਹੈ । ਜਿਹੜੇ ਕਿ ਅਲੱਗ-ਅਲੱਗ ਹਨ ਅਤੇ ਜਿਨ੍ਹਾਂ ਵਿਚ ਇਹਨਾਂ ਦੀ ਕੌਮੀਅਤ ਵੱਖੋ-ਵੱਖਰੀ ਅਤੇ ਆਪਣੀ ਹੈ । ਪਰ ਜਦੋਂ ਗੱਲ ਸਵਿਟਜਰਲੈਡ ਦੀ ਆਉਂਦੀ ਹੈ ਤਾਂ ਇਹ ਸਾਰੇ ਹੀ ਕੈਨਟਨ ਆਪਣੇ ਆਪ ਨੂੰ ਸਵਿਸ ਕਹਿਲਾਉਣ ਵਿਚ ਫਖ਼ਰ ਮਹਿਸੂਸ ਕਰਦੇ ਹਨ। ਇਸ ਲਈ ਸਾਡੀ ਹਿੰਦੂਤਵ ਹੁਕਮਰਾਨਾਂ ਨੂੰ ਇਹ ਨੇਕ ਰਾਏ ਹੈ ਕਿ ਉਹ ਸਾਡੇ ਵਰਗੀਆਂ ਘੱਟ ਗਿਣਤੀ ਕੌਮਾਂ ਉਤੇ ਜ਼ਬਰੀ ਹਿੰਦੂਤਵ ਪ੍ਰੋਗਰਾਮਾਂ ਨੂੰ ਨਾ ਠੋਸਣ। ਬਲਕਿ ਸਾਡੇ ਵਿਧਾਨਿਕ ਅਤੇ ਕੌਮੀਅਤ ਦੀ ਵੱਖਰੀ ਪਹਿਚਾਣ ਨੂੰ ਪ੍ਰਵਾਨ ਕਰਕੇ ਸਵਿਟਜਰਲੈਡ ਵਿਚ ਵੱਸਣ ਵਾਲੀਆਂ ਵੱਖ-ਵੱਖ ਕੌਮਾਂ ਦੀ ਤਰ੍ਹਾਂ ਸਾਡੀ ਸਹਿਮਤੀ ਨਾਲ ਨਿਜਾਮ ਕਰਨ, ਫਿਰ ਤਾਂ ਅਸੀਂ ਅਜਿਹੇ ਕਿਸੇ ਪ੍ਰੋਗਰਾਮ ਨੂੰ ਪ੍ਰਵਾਨ ਕਰ ਸਕਦੇ ਹਾਂ, ਵਰਨਾ ਕਤਈ ਨਹੀਂ ।