ਅੰਮ੍ਰਿਤਸਰ – ‘ਹਾਰਟ ਆਫ਼ ਏਸ਼ੀਆ ਸੰਮੇਲਨ’ ਵਿੱਚ ਭਾਗ ਲੈਣ ਲਈ ਆਏ ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ ਨੂੰ ਐਤਵਾਰ ਨੂੰ ਸ੍ਰੀ ਹਰਿਮੰਦਿਰ ਸਾਹਿਬ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ। ਪਾਕਿਸਤਾਨੀ ਹਾਈ ਕਮਿਸ਼ਨ ਦਾ ਕਹਿਣਾ ਹੈ ਕਿ ਅਜ਼ੀਜ ਨੇ ਸ੍ਰੀ ਦਰਬਾਰ ਸਾਹਿਬ ਜਾਣ ਦੀ ਯੋਜਨਾ ਬਣਾਈ ਸੀ, ਪਰ ਭਾਰਤ ਨੇ ਸੁਰੱਖਿਆ ਕਾਰਣਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਇਜ਼ਾਜਤ ਨਹੀਂ ਦਿੱਤੀ ਗਈ।
ਪਾਕਿਸਤਾਨ ਦਾ ਇਹ ਵੀ ਕਹਿਣਾ ਹੈ ਕਿ ਜਿਸ ਹੋਟਲ ਵਿੱਚ ਇਹ ਸੰਮੇਲਨ ਹੋ ਰਿਹਾ ਸੀ, ਉਥੇ ੳਹ ਪਾਕਿਸਤਾਨ ਤੋਂ ਉਨ੍ਹਾਂ ਦੇ ਨਾਲ ਗਏ ਪੱਤਰਕਾਰਾਂ ਨੂੰ ਸੰਬੋਧਨ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਇਸ ਦੀ ਵੀ ਇਜ਼ਾਜਤ ਨਹੀਂ ਦਿੱਤੀ ਗਈ। ਬਾਅਦ ਵਿੱਚ ਉਨ੍ਹਾਂ ਨੇ ਜਿਸ ਹੋਟਲ ਵਿੱਚ ਉਹ ਠਹਿਰੇ ਹੋਏ ਸਨ, ਉਥੋਂ ਹੀ ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕੀਤਾ। ਭਾਰਤ ਨੇ ਆਪਣੀ ਸਫ਼ਾਈ ਦਿੰਦੇ ਹੋਏ ਕਿਹਾ ਕਿ ਇਹ ਸੱਭ ਕੁਝ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ।