ਨਵੀਂ ਦਿੱਲੀ- ਨੋਟਬੰਦੀ ਨੂੰ 8 ਨਵੰਬਰ ਨੂੰ ਲਾਗੂ ਕੀਤੇ ਜਾਣ ਦੇ ਫੈਂਸਲੇ ਦਾ ਇੱਕ ਮਹੀਨਾ ਪੂਰਾ ਹੋ ਜਾਣ ਤੇ ਵਿਰੋਧੀ ਧਿਰਾਂ ਵੱਲੋਂ ਕਾਲਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਰੋਧੀ ਦਲਾਂ ਨੇ ਸੰਸਦ ਦੇ ਅਹਾਤੇ ਵਿੱਚ ਗਾਂਧੀ ਦੇ ਬੁੱਤ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਤੇ ਮੋਦੀ ਤੇ ਜਮ ਕੇ ਹਮਲੇ ਕੀਤੇ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਦਾ ਫੈਂਸਲਾ ਇੱਕ ਮੂਰਖਤਾਪੂਰਣ ਕਦਮ ਹੈ ਅਤੇ ਇਸ ਨੇ ਦੇਸ਼ ਨੂੰ ਤਬਾਹ ਕਰ ਦਿੱਤਾ ਹੈ।
ਵਿਰੋਧੀ ਧਿਰਾਂ ਦੇ ਨੇਤਾਵਾਂ ਦੇ ਨਾਲ ਪ੍ਰਦਰਸ਼ਨ ਕਰ ਰਹੇ ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ, ‘ਦੇਸ਼ ਦੇ ਲੋਕ ਪਰੇਸ਼ਾਨ ਹਨ ਅਤੇ ਪ੍ਰਧਾਨਮੰਤਰੀ ਹੱਸ ਰਹੇ ਹਨ। ਪ੍ਰਧਾਨਮੰਤਰੀ ਭੱਜ ਰਹੇ ਹਨ ਜੇ ਉਹ ਸੰਸਦ ਵਿੱਚ ਚਰਚਾ ਕਰਨ ਲਈ ਆਉਂਦੇ ਹਨ ਤਾਂ ਫਿਰ ਅਸੀਂ ਉਨ੍ਹਾਂ ਨੂੰ ਭੱਜਣ ਨਹੀਂ ਦੇਵਾਂਗੇ। ਲੋਕਸਭਾ ਵਿੱਚ ਜੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਤਾਂ ਮੈਂ ਦੱਸ ਦੇਵਾਂਗਾ ਕਿ ਪੇਟੀਐਮ ਕਿਸ ਤਰ੍ਹਾਂ ‘ਪੇ ਟੂ ਮੋਦੀ’ ਹੁੰਦਾ ਹੈ।
ਰਾਹੁਲ ਨੇ ਕਿਹਾ, ‘ ਨੋਟਬੰਦੀ ਦਾ ਫੈਂਸਲਾ ਬੋਲਡ ਨਹੀਂ ਬਲਿਕ ਮੂਰਖਤਾਪੂਰਣ ਕਦਮ ਹੈ ਜੋ ਬਿਨਾਂ ਸੋਚੇ ਸਮਝੇ ਉਠਾਇਆ ਗਿਆ ਹੈ। ਇਸ ਫੈਂਸਲੇ ਨੇ ਗਰੀਬਾਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਤਬਾਹ ਕਰ ਦਿੱਤਾ ਹੈ। ਅਸੀਂ ਇਸ ਤੇ ਚਰਚਾ ਕਰਨਾ ਚਾਹੁੰਦੇ ਹਾਂ। ਅਸੀਂ ਇਸ ਤੇ ਵੋਟ ਕਰਨਾ ਚਾਹੁੰਦੇ ਹਾਂ ਪਰ ਸਰਕਾਰ ਇਹ ਸੱਭ ਨਹੀਂ ਚਾਹੁੰਦੀ। ਪ੍ਰਧਾਨਮੰਤਰੀ ਦਾ ਬਿਆਨ ਇਸ ਮੁੱਦੇ ਤੇ ਬਦਲ ਗਿਆ ਹੈ। ਪਹਿਲਾਂ ਇਹ ਕਹਿੰਦੇ ਸਨ ਕਿ ਇਹ ਫੈਂਸਲਾ ਕਾਲੇ ਧੰਨ ਦੇ ਖਿਲਾਫ਼ ਹੈ, ਫਿਰ ਇਸ ਨੂੰ ਨਕਲੀ ਨੋਟਾਂ ਦੇ ਖਿਲਾਫ਼ ਦੱਸਿਆ, ਫਿਰ ਕਿਹਾ ਕਿ ਇਹ ਅੱਤਵਾਦ ਦੇ ਖਿਲਾਫ਼ ਹੈ, ਫਿਰ ਇਸ ਨੂੰ ਕੈਸ਼ਲੈਸ ਇਕਾਨਮੀ ਨਾਲ ਜੋੜ ਦਿੱਤਾ। ਕੈਸ਼ਲੈਸ ਇਕਾਨਮੀ ਦਾ ਆਈਡੀਆ ਇਹ ਹੈ ਕਿ ਇਸ ਤਰ੍ਹਾਂ ਦੇ ਟਰਾਂਜੈਕਸ਼ਨ ਨਾਲ ਚੋਣਵੇਂ ਲੋਕਾਂ ਨੂੰ ਜਿਆਦਾ ਫਾਇਦਾ ਮਿਲੇ। ਇਸ ਨੇ ਦੇਸ਼ ਨੂੰ ਤਬਾਹ ਕਰ ਦਿੱਤਾ ਹੈ।’