ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਨੋਟਬੰਦੀ ਤੋਂ ਬਾਅਦ ਦੇਸ਼ ਦੀ ਅਰਥਵਿਵਸਥਾ ਦੇ ਹੋਰ ਵੀ ਬੁਰੇ ਦੌਰ ਵਿੱਚੋਂ ਗੁਜ਼ਰਨ ਸਬੰਧੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਮੋਦੀ ਸਰਕਾਰ ਦੇ ਇਸ ਫੈਂਸਲੇ ਨੂੰ ਇੱਕ ਬਹੁਤ ਵੱਡੀ ਤਰਾਸਦੀ ਕਰਾਰ ਦਿੰਦੇ ਹੋਏ ਕਿਹਾ ਕਿ ਦੇਸ਼ਵਾਸੀਆਂ ਨੂੰ ਨੋਟਬੰਦੀ ਕਾਰਣ ਆਉਣ ਵਾਲੇ ਸਮੇਂ ਵਿੱਚ ਬੁਰੇ ਵਕਤ ਲਈ ਤਿਆਰ ਰਹਿਣਾ ਚਾਹੀਦਾ ਹੈ।
ਡਾ. ਮਨਮੋਹਨ ਸਿੰਘ ਨੇ ਇੱਕ ਹਿੰਦੀ ਅਖ਼ਬਾਰ ‘ਦਾ ਹਿੰਦੂ’ ਦੇ ਲਈ ਲਿਖੇ ਗਏ ਲੇਖ ਵਿੱਚ ਕਿਹਾ ਹੈ ਕਿ ਇਸ ਫੈਂਸਲੇ ਨਾਲ ਈਮਾਨਦਾਰ ਲੋਕਾਂ ਨੂੰ ਜਬਰਦਸਤ ਨੁਕਸਾਨ ਹੋਵੇਗਾ, ਜਦੋਂ ਕਿ ਜਿੰਨ੍ਹਾਂ ਕੋਲ ਕਾਲਾ ਧੰਨ ਹੈ, ਉਨ੍ਹਾਂ ਨੂੰ ਕੋਈ ਖਾਸ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਨੇ ਨੋਟਬੰਧੀ ਦੇ ਇਸ ਫੈਂਸਲੇ ਨੂੰ ਹੜਬੜੀ ਵਿੱਚ ਉਠਾਇਆ ਗਿਆ ਕਦਮ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਨੇ ਕਿਹਾ, ‘ ਇਸ ਫੈਂਸਲੇ ਨੇ ਉਨ੍ਹਾਂ ਕਰੋੜਾਂ ਭਾਰਤੀਆਂ ਦੇ ਭਰੋਸੇ ਅਤੇ ਆਤਮਵਿਸ਼ਵਾਸ਼ ਨੂੰ ਜਬਰਦਸਤ ਸੱਟ ਵੱਜੀ ਹੈ, ਜਿਨ੍ਹਾਂ ਨੇ ਆਪਣੀ ਅਤੇ ਆਪਣੇ ਪੈਸੇ ਦੀ ਸੁਰੱਖਿਆ ਦੇ ਲਈ ਸਰਕਾਰ ਤੇ ਭਰੋਸਾ ਕੀਤਾ ਸੀ।’ ਸਾਬਕਾ ਪੀਐਮ ਨੇ ਇਹ ਵੀ ਸਪੱਸ਼ਟ ਕੀਤਾ ਕਿ ਹਰ ਕੈਸ਼ ਕਾਲਾ ਧੰਨ ਨਹੀਂ ਹੁੰਦਾ ਹੈ ਅਤੇ ਸਾਰੇ ਕਾਲੇ ਧੰਨ ਨੂੰ ਕੈਸ਼ ਦੇ ਰੂਪ ਵਿੱਚ ਜਮ੍ਹਾਂ ਨਹੀਂ ਕੀਤਾ ਜਾਂਦਾ।
ਉਨ੍ਹਾਂ ਨੇ ਕਿਹਾ, ‘ਭਾਰਤ ਦੀ ਕੰਮਕਰਨ ਵਾਲੀ ਆਬਾਦੀ ਦਾ 90% ਹਿੱਸਾ ਅਜੇ ਵੀ ਕੰਮ ਦੇ ਬਦਲੇ ਕੈਸ਼ ਵਿੱਚ ਆਪਣਾ ਮਿਹਨਤਾਨਾ ਵਸੂਲ ਕਰਦਾ ਹੈ। ਇਨ੍ਹਾਂ ਵਿੱਚ ਖੇਤੀ ਨਾਲ ਜੁੜੇ ਲੋਕ, ਨਿਰਮਾਣ ਖੇਤਰ ਨਾਲ ਸਬੰਧਿਤ ਲੋਕ ਅਤੇ ਹੋਰ ਕਿੱਤਿਆਂ ਵਿੱਚ ਕੰਮ ਕਰਨ ਵਾਲੇ ਵੀ ਸ਼ਾਮਿਲ ਹਨ।’ ਉਨ੍ਹਾਂ ਨੇ ਕਿਹਾ ਕਿ ਇਸ ਦਾ ਦੇਸ਼ ਦੀ ਜੀਡੀਪੀ ਅਤੇ ਰੁਜ਼ਗਾਰ ਦੇ ਸਾਧਨਾਂ ਤੇ ਬੁਰਾ ਅਸਰ ਪੈ ਸਕਦਾ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ, ‘ਮੇਰੀ ਇਹ ਰਾਏ ਹੈ ਕਿ ਬਤੌਰ ਇੱਕ ਦੇਸ਼ ਸਾਨੂੰ ਆਉਣ ਵਾਲੇ ਮਹੀਨਿਆਂ ਵਿੱਚ ਮੁਸ਼ਕਿਲ ਵਕਤ ਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਹੋਵੇਗਾ।’