ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਕਮੇਟੀ ਚੋਣਾਂ ਨੂੰ ਸਮੇਂ ਸਿਰ ਕਰਾਉਣ ਤੋਂ ਭੱਜਣ ਦੇ ਕਮੇਟੀ ’ਤੇ ਲਗਾਏ ਗਏ ਦੋਸ਼ਾਂ ਨੂੰ ਕਮੇਟੀ ਨੇ ਹੈਰਾਨੀਕੁੰਨ ਦੱਸਿਆ ਹੈ। ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਵਾਲ ਕੀਤਾ ਕਿ ਇਹ ਸੱਚ ਨਹੀਂ ਕੀ ਅੱਜ ਸਮੇਂ ਤੇ ਚੋਣਾਂ ਕਰਵਾਉਣ ਦੀ ਮੰਗ ਉਹ ਲੋਕ ਕਰ ਰਹੇ ਹਨ ਜਿਹੜੇ ਆਪਣੇ ਕਾਰਜਕਾਲ ਦੌਰਾਨ ਦਿੱਲੀ ਸਰਕਾਰ ’ਤੇ ਦਬਾ ਪਾ ਕੇ ਚੋਣਾਂ ਨੂੰ ਲਮਕਾਉਣ ਵਿਚ ਜਿਆਦਾ ਖੁਸ਼ੀ ਮਹਿਸੂਸ ਕਰਦੇ ਸਨ ? ਸਰਨਾ ਵੱਲੋਂ ਦਿੱਲੀ ਕਮੇਟੀ ਤੇ ਚੋਣਾਂ ਲਮਕਾਉਣ ਦੇ ਲਗਾਏ ਗਏ ਦੋਸ਼ਾਂ ’ਤੇ ਸਵਾਲੀਆਂ ਲਹਿਜੇ ਵਿਚ ਉਨ੍ਹਾਂ ਪੁੱਛਿਆ ਕਿ ਦਿੱਲੀ ਕਮੇਟੀ ਗੁਰਦੁਆਰਾ ਐਕਟ ਦੇ ਤਹਿਤ ਕੀ ਦਿੱਲੀ ਕਮੇਟੀ ਚੋਣਾਂ ਕਰਾਉਂਦੀ ਹੈ ?
ਉਨ੍ਹਾਂ ਕਿਹਾ ਕਿ ਪ੍ਰੈਸ ਕਾਨਫਰੰਸ ਨੂੰ ਆਪਣੀ ਪਾਰਟੀ ਦੇ ਰਸਮੀ ਮਾਸਿਕ ਏਜੰਡੇ ਵਿਚ ਸ਼ਾਮਿਲ ਕਰਨ ਵਾਲਿਆਂ ਕੋਲ ਮੁੱਦਿਆਂ ਦੀ ਘਾਟ ਹੋ ਗਈ ਹੈ ਜਿਸ ਕਰਕੇ ਉਹ ਬੇਸਿਰ-ਪੈਰ ਦੀਆਂ ਗੱਲਾਂ ਕਰ ਰਹੇ ਹਨ। ਦਿੱਲੀ ਕਮੇਟੀ ਦੀ ਚੋਣਾਂ ਕਰਵਾਉਣ ਦੀ ਜਿੰਮੇਵਾਰੀ ਦਿੱਲੀ ਗੁਰਦੁਆਰਾ ਚੋਣ ਬੋਰਡ ਅਤੇ ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਦੀ ਹੈ। ਸ਼੍ਰ੍ਰੋਮਣੀ ਅਕਾਲੀ ਦਲ ਚੋਣਾਂ ਤੋਂ ਨਾ ਕਦੇ ਭੱਜਿਆ ਹੈ ਤੇ ਨਾ ਹੀ ਭੱਜੇਗਾ ਕਿਉਂਕਿ ਕਮੇਟੀ ਵੱਲੋਂ ਕੀਤੇ ਗਏ ਉਸਾਰੂ ਕਾਰਜ ਹੀ ਸੰਗਤਾਂ ਦੀ ਕਚਹਿਰੀ ਵਿਚ ਝੂਠ ਦੇ ਖੱਟੇ ਨਾਲ ਜਮਾਈ ਸਰਨਿਆਂ ਦੀ ਦਹੀ ਨੂੰ ਖੱਟੀ ਲੱਸੀ ਵਾਂਗ ਰੋੜ੍ਹ ਦੇਣਗੇ।
ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ ਵੱਲੋਂ ਦਿੱਲੀ ਹਾਈ ਕੋਰਟ ਵਿਚ ਚੋਣਾਂ ਸੰਬੰਧੀ ਪਾਈ ਗਈ ਪਟੀਸ਼ਨ ਦੀ ਸਰਨਾ ਵੱਲੋਂ ਕੀਤੀ ਗਈ ਵਿਆਖਿਆ ਨੂੰ ਗਲਤ ਕਰਾਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਾਠ ਦੀ ਪਟੀਸ਼ਨ ਵਿਚ ਕਿਤੇ ਵੀ ਚੋਣਾਂ ਨੂੰ ਟਾਲਣ ਦੀ ਗੱਲ ਨਹੀਂ ਕਹੀ ਗਈ ਹੈ। ਸਗੋਂ ਵੋਟਰ ਲਿਸ਼ਟ ਵਿਚ ਐਕਟ ਦੀ ਉਲੰਘਣਾਂ ਕਰਕੇ ਨਵੀਂਆਂ ਬਣਾਇਆ ਗਈਆਂ ਅਤੇ ਕੱਟੀਆਂ ਗਈਆਂ ਵੋਟਾਂ ਦਾ ਜਿਕਰ ਕੀਤਾ ਗਿਆ ਸੀ।
ਸਰਨਾ ਨੂੰ 46 ਵਾਰਡਾਂ ਦੇ ਉਮੀਦਵਾਰ ਛੇਤੀ ਘੋਸ਼ਿਤ ਕਰਨ ਦੀ ਚੁਣੌਤੀ ਦਿੰਦੇ ਹੋਏ ਉਨ੍ਹਾਂ ਨੇ ਆਉਂਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੁੜ੍ਹ ਤੋਂ ਪੂਰਨ ਬਹੁਮਤ ਦੇ ਨਾਲ ਸੇਵਾ ਵਿਚ ਆਉਣ ਦਾ ਵੀ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਕਮੇਟੀ ਦੇ ਕੀਤੇ ਗਏ ਕੰਮਾਂ ਕਰਕੇ ਘਬਰਾਏ ਹੋਏ ਸਰਨਾ ਸੰਗਤਾਂ ਨੂੰ ਗੁਮਰਾਹ ਕਰਨ ਦੀ ਕੋਝੀ ਕੋਸ਼ਿਸ਼ ਕਰ ਰਹੇ ਹਨ। ਕਾਲੇ ਧੰਨ ਬਾਰੇ ਸਰਨਾ ਦੀ ਟਿੱਪਣੀ ਨੂੰ ਬੇਲੋੜਾ ਦੱਸਦੇ ਹੋਏ ਉਨ੍ਹਾਂ ਵਿਅੰਗ ਕੀਤਾ ਕਿ ‘‘ਜਿਸ ਕੋਲ ਜਿਨ੍ਹੀ ਸਮਝ ਹੋਵੇਗੀ ਉਹ ਉਤਨੀ ਹੀ ਗੱਲ ਕਰੇਗਾ’’।