ਨਵੀਂ ਦਿੱਲੀ : ਦਿੱਲੀ ਸਰਕਾਰ ਵੱਲੋਂ ਦਿੱਲੀ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਲਈ ਚਲਾਈ ਜਾ ਰਹੀ ਸਾਰੀ ਪ੍ਰਕਿਰਆ ਨਜਾਇਜ਼ ਤਰੀਕੇ ਨਾਲ ਵੋਟਾ ਨੂੰ ਬਣਾਉਣ ਅਤੇ ਕੱਟਣ ਦਾ ਮਾਧਿਯਮ ਬਣ ਗਈ ਹੈ। ਇਸ ਗੱਲ ਦਾ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਬਾਠ ਨੇ ਕੀਤਾ ਹੈ।
ਆਪਣੇ ਇਲਜਾਮਾਂ ਦੀ ਪੈਰਵੀ ਕਰਦੇ ਹੋਏ ਬਾਠ ਨੇ ਦੱਸਿਆ ਕਿ ਅੱਜ ਆਪਣੇ ਵਾਰਡ ਨੰਬਰ 41 ਨਵੀਨ ਸ਼ਾਹਦਰਾ ਦੇ ਬਣੇ ਮਤਦਾਤਾ ਸਹਾਇਤਾ ਕੇਂਦਰ ’ਚ ਜਦੋਂ ਉਹ ਪੁੱਜੇ ਤਾਂ ਉਸ ਵੇਲੇ ਮੌਕੇ ’ਤੇ ਮੌਜੂਦ ਅਧਿਕਾਰੀ ਸੁਭਾਸ਼ ਦੇ ਕੋਲ 200 ਤੋਂ 250 ਵੋਟ ਕੱਟਣ ਦੇ ਫਾਰਮ ਹੱਥ ਵਿਚ ਮੌਜੂਦ ਸਨ ਅਤੇ ਇਨ੍ਹਾਂ ਫਾਰਮਾਂ ਵਿਚ ਕਾਨੂੰਨਨ ਤੌਰ ਤੇ ਜਰੂਰੀ, ਉਕਤ ਵੋਟਾਂ ਨੂੰ ਚੁਨੌਤੀ ਦੇਣ ਵਾਲੇ ਕਿਸੇ ਵੋਟਰ ਦੀ ਫੋਟੋ ਜਾਂ ਦਸਤਖਤ ਮੌਜੂਦ ਨਹੀਂ ਸਨ। ਜਿਸ ਕਰਕੇ ਉਨ੍ਹਾਂ ਨੇ ਅਧਿਕਾਰੀ ਨੂੰ ਇਸ ਬਾਰੇ ਜਵਾਬ ਦੇਣ ਦੀ ਗੁਜਾਰਿਸ਼ ਕੀਤੀ ਤਾਂ ਉਸਨੇ ਇਸ ਸਾਰੀ ਕਾਰਜਪ੍ਰਣਾਲੀ ਤੋਂ ਅਣਜਾਨ ਹੋਣ ਦਾ ਰੋਣਾ ਰੋਂਦੇ ਹੋਏ ਆਪਣੇ ਉੱਚ ਅਧਿਕਾਰੀਆਂ ਨੂੰ ਇਸ ਸੰਬੰਧੀ ਦੋਸ਼ੀ ਕਰਾਰ ਦਿੱਤਾ। ਜਿਸਦੀ ਬਕਾਇਦਾ ਵੀਡੀਓ ਰਿਕਾਰਡਿੰਗ ਸਾਡੇ ਕੋਲ ਮੌਜੂਦ ਹੈ।
ਬਾਠ ਨੇ ਆਪਣੇ ਵਾਰਡ ਦੇ ਈ.ਆਰ.ਓ. ਪ੍ਰਵੀਣ ਸਿੰਘ ਧਾਮਾ ਅਤੇ ਏ.ਈ.ਆਰ.ਓ. ਸੁਨੀਲ ਦੀ ਤੁਰੰਤ ਬਰਖਾਸਤਗੀ ਦੀ ਮੰਗ ਕਰਦੇ ਹੋਏ ਦਿੱਲੀ ਸਰਕਾਰ ਤੇ ਨਜਾਇਜ਼ ਤਰੀਕੇ ਦੀ ਵਰਤੋ ਨਾਲ ਸਿੱਖਾਂ ਦੀਆਂ ਵੋਟਾਂ ਨੂੰ ਕੱਟਣ ਦਾ ਦੋਸ਼ ਲਗਾਇਆ। ਬਾਠ ਨੇ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਵੱਲੋਂ ਲਗਭਗ 100 ਫਾਰਮ ਨਵੇਂ ਵੋਟ ਬਣਾਉਣ ਵਾਸਤੇ ਭਰਕੇ ਜਮਾ ਕਰਵਾਏ ਗਏ ਸੀ। ਪਰ ਉਨ੍ਹਾਂ ਫਾਰਮਾਂ ਨੂੰ ਜਮਾ ਕਰਨ ਦੀ ਪਹਿਲੇ ਤਾਂ ਸਾਨੂੰ ਕੋਈ ਰਸ਼ੀਦ ਨਹੀਂ ਦਿੱਤੀ ਗਈ ਅਤੇ ਹੁਣ ਉਕਤ ਫਾਰਮਾਂ ਦੇ ਗੁਆਚ ਜਾਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ।
ਦਿੱਲੀ ਸਰਕਾਰ ਵੱਲੋਂ ਜਾਣਬੁੱਝ ਕੇ ਚੋਣ ਪ੍ਰਕਿਰਿਆ ਦਾ ਮਜਾਕ ਬਣਾਉਣ ਦਾ ਇਲਜਾਮ ਲਗਾਉਂਦੇ ਹੋਏ ਬਾਠ ਨੇ ਬੀਤੇ ਦਿਨੀ ਕਨਾਟ ਪਲੇਸ ਵਾਰਡ ਨੰ 14 ਵਿਖੇ ਵੋਟਾ ਕਟਾਉਂਦੇ ਅਸਿੱਧੇ ਤੌਰ ਨਾਲ ਸ਼ਰੇਆਮ ਫੜੇ ਗਏ ਸਰਨਾ ਦਲ ਦੇ ਆਗੂ ਪ੍ਰਭਜੀਤ ਸਿੰਘ ਜੀਤੀ ਦੇ ਖਿਲਾਫ਼ ਦਿੱਲੀ ਸਰਕਾਰ ਵੱਲੋਂ ਦਿੱਲੀ ਪੁਲਿਸ ਵਿਚ ਕੋਈ ਕਾਰਵਾਈ ਨਾ ਕੀਤੇ ਜਾਣ ਨੂੰ ‘‘ਦਾਲ ਕਾਲੀ ਹੋਣ’’ ਦੇ ਤੌਰ ਤੇ ਪਰਿਭਾਸ਼ਿਤ ਕੀਤਾ। ਬਾਠ ਨੇ ਕਿਹਾ ਕਿ ਇੱਕ ਪਾਸੇ ਅਕਾਲੀ ਆਗੂਆਂ ਵੱਲੋਂ ਜਮਾ ਕਰਾਏੇ ਜਾ ਰਹੇ ਵੋਟਰ ਫਾਰਮ ਗੁਆਚ ਰਹੇ ਹਨ ਤੇ ਦੂਜੇ ਪਾਸੇ ਘਰ ਬੈਠੇ ਸਾਡੇ ਹਲਕੇ ਦੀਆਂ ਵੋਟਾ ਬਿਨਾ ਕਿਸੇ ਤੱਥਾਂ ਦੀ ਪੜਤਾਲ ਕੀਤੇ ਗੈਰਕਾਨੂੰਨੀ ਤਰੀਕੇ ਨਾਲ ਕਟੀਆਂ ਜਾ ਰਹੀਆਂ ਹਨ। ਬੀਤੇ ਸਾਢੇ 3 ਸਾਲ ਤੋਂ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਦਿੱਲੀ ਸਰਕਾਰ ਦੇ ਕੁੰਭਕਰਨੀ ਨੀਂਦ ’ਚ ਸੁੱਤੇ ਹੋਣ ਦਾ ਦਾਅਵਾ ਕਰਦੇ ਹੋਏ ਬਾਠ ਨੇ ਨਵੀਂ ਹੱਦਬੰਦੀ ਦੀ ਸੀਮਾਂ ਕਰਕੇ ਕਈ ਪੋਲਿੰਗ ਬੂਥਾਂ ਦਾ ਅੱਧਾ ਹਿੱਸਾ ਇੱਕ ਵਾਰਡ ਤੇ ਅੱਧਾ ਹਿੱਸਾ ਦੂਜੇ ਵਾਰਡ ਵਿਚ ਚਲੇ ਜਾਣ ਦੇ ਬਾਵਜੂਦ ਗੁਰਦੁਆਰਾ ਚੋਣ ਬੋਰਡ ਵੱਲੋਂ ਧਾਰੀ ਚੁੱਪ ਤੇ ਵੀ ਸਵਾਲ ਖੜੇ ਕੀਤੇ।
ਸਰਨਾ ਵੱਲੋਂ ਕੱਲ ਬਾਠ ’ਤੇ ਚੋਣਾਂ ਨੂੰ ਲਮਕਾਉਣ ਵਾਸਤੇ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਪਾਉਣ ਦੇ ਲਾਏ ਗਏ ਦੋਸ਼ ਦੇ ਆਪਣਾ ਪ੍ਰਤੀਕ੍ਰਮ ਦਿੰਦੇ ਹੋਏ ਬਾਠ ਨੇ ਸਾਫ਼ ਕੀਤਾ ਕਿ ਉਹ ਵੋਟਾਂ ਬਣਾਉਣ ਦੇ ਨਾਂ ਤੇ ਚਲ ਰਹੇ ਗੋਰਖਧੰਧੇ ਤੋਂ ਪੜਦਾ ਚੁੱਕਣ ਵਾਸਤੇ ਅਦਾਲਤ ਗਏ ਸਨ।ਅਸੀਂ ਇੱਕ ਦਿਨ ਵਾਸਤੇ ਵੀ ਚੋਣਾਂ ਨੂੰ ਲਮਕਾਉਣ ਦੇ ਸਮਰਥਕ ਨਹੀਂ ਹਾਂ ਸਗੋਂ ਸਾਫ਼ ਅਤੇ ਪਾਰਦਰਸ਼ੀ ਚੋਣਾਂ ਕਰਾਉਣ ਦੇ ਮੁੱਦਈ ਹਾਂ। ਕੜੇ ਸਬਦਾਂ ਵਿਚ ਚੇਤਾਵਨੀ ਦਿੰਦੇ ਹੋਏ ਬਾਠ ਨੇ ਸਾਫ਼ ਕਿਹਾ ਕਿ ਜੇਕਰ ਦਿੱਲੀ ਸਰਕਾਰ ਨੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਦਿੱਲੀ ਸਰਕਾਰ ਦੇ ਖਿਲਾਫ਼ ਸਿਆਸੀ ਅਤੇ ਕਾਨੂੰਨੀ ਮੋਰਚਾ ਖੋਲਣ ਲਈ ਤਿਆਰ ਬਰ ਤਿਆਰ ਖੜਾ ਹੈ।