ਨਵੀਂ ਦਿੱਲੀ – ਸਾਬਕਾ ਵਿੱਤਮੰਤਰੀ ਪੀ ਚਿਦੰਬਰਮ ਨੇ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਂਸਲੇ ਨੂੰ ਇਸ ਸਾਲ ਦਾ ਸੱਭ ਤੋਂ ਵੱਡਾ ਘੋਟਾਲਾ ਦੱਸਿਆ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸੱਭ ਤੋਂ ਵੱਡੇ ਘਪਲੇ ਦੀ ਜਾਂਚ ਹੋਣੀ ਚਾਹੀਦੀ ਹੈ। ਇੱਕ ਪਾਸੇ ਤਾਂ ਇੱਕ ਆਮ ਵਿਅਕਤੀ ਨੂੰ 2000 ਹਜ਼ਾਰ ਦਾ ਨੋਟ ਨਹੀਂ ਮਿਲ ਰਿਹਾ, ਫਿਰ ਦੇਸ਼ਭਰ ਵਿੱਚ ਵੱਜ ਰਹੇ ਛਾਪਿਆਂ ਦੌਰਾਨ ਕਰੋੜਾਂ ਰੁਪੈ ਦੇ 2000 ਹਜ਼ਾਰ ਦੇ ਨੋਟ ਕਿਸ ਤਰ੍ਹਾਂ ਮਿਲ ਰਹੇ ਹਨ?
ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦਾ ਆਉਣ ਵਾਲੇ ਸਮੇਂ ਵਿੱਚ ਨਾਕਾਰਤਮਕ ਅਸਰ ਪਵੇਗਾ। ਜਿਆਦਾਤਰ ਇਕਨਾਮਿਸਟਸ ਦਾ ਮੰਨਣਾ ਹੈ ਕਿ ਇਸ ਦਾ ਜੀਡੀਪੀ ਤੇ 2% ਤੱਕ ਨੈਗੇਟਿਵ ਪ੍ਰਭਾਵ ਪਵੇਗਾ। ਚਿਦੰਬਰਮ ਨੇ ਸੰਘ ਦੇ ਨੇਤਾ ਵੱਲੋਂ ਦਿੱਤੇ ਗਏ ਬਿਆਨ ਕਿ ਪੰਜ ਸਾਲ ਬਾਅਦ 2000 ਹਜ਼ਾਰ ਦਾ ਨੋਟ ਬੰਦ ਹੋ ਜਾਵੇਗਾ ਦਾ ਜਿਕਰ ਕਰਦੇ ਹੋਏ ਕਿਹਾ ਕਿ ਜੇ ਸਰਕਾਰ ਅਜਿਹਾ ਕਰਦੀ ਹੈ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।
ਅਸਲ ਖੇਡ ਇਹੋ ਹੈ ਕਿ ਸਾਰੇ ਲੋਕਾਂ ਨੂੰ 2000 ਦੇ ਨੋਟ ਦੇ ਦੇਵੋ ਤੇ ਫਿਰ ਇਸ ਨੂੰ ਬੰਦ ਕਰ ਦਿਓ, ਅਖੀਰ ਪਰੇਸ਼ਾਨੀ ਤਾਂ ਗਰੀਬ ਆਦਮੀ ਨੂੰ ਹੀ ਹੋਣੀ ਹੈ। ਸਰਕਾਰ ਦੇ ਇਸ ਫੈਂਸਲੇ ਨੇ ਗਰੀਬਾਂ ਦੀ ਕਮਰ ਤੋੜ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਨਾਲ ਦੇਸ਼ ਦੇ 45 ਕਰੋੜ ਉਹ ਲੋਕ ਵੱਧ ਪ੍ਰਭਾਵਿਤ ਹੋਏ ਹਨ ਜੋ ਕਿ ਮਜ਼ਦੂਰੀ ਕਰਕੇ ਆਪਣੀ ਰੋਜ਼ੀ ਰੋਟੀ ਚਲਾਉਂਦੇ ਹਨ। ਉਨ੍ਹਾਂ ਨੂੰ ਇਸ ਦਾ ਮੁਆਵਜ਼ਾ ਕੌਣ ਦੇਵੇਗਾ।
ਦੁਨੀਆਂਭਰ ਦੇ ਇਕਨਾਮਿਸਟਾਂ ਨੇ ਇਸ ਨੂੰ ਬੇਤੁਕਾ ਕਦਮ ਕਰਾਰ ਦਿੱਤਾ ਹੈ। ਸੱਭ ਪਾਸਿਆਂ ਤੋਂ ਇਸ ਦੀ ਨਿੰਦਿਆ ਹੋ ਰਹੀ ਹੈ। ਕਾਲੇਧੰਨ ਦੇ ਨਾਮ ਤੇ ਹੁਣ ਨੋਟਬੰਦੀ ਦਾ ਮੁੱਦਾ ਬਦਲਣ ਲੱਗਿਆ ਹੈ, ਹੁਣ ਸਰਕਾਰ ਕੈਸ਼ਲੈਸ ਇਕਾਨਮੀ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ।