1. ਨਾਸਤਿਕ
ਸਿਊਦੀ ਅਰਬ ਵਿੱਚ ਨਾਸਤਿਕ ਹੋਣ ਕਾਰਨ ਇੱਕ ਵਿਅਕਤੀ ਦੇ ਦੋ ਹਜ਼ਾਰ ਕੋੜੇ ਲਾਏ ਅਤੇ 10 ਸਾਲ ਲਈ ਜੇਲ ਵਿੱਚ ਸੁੱਟ ਦਿੱਤਾ। ਇੱਥੇ ਹੀ ਬਸ ਨਹੀਂ ਉਸਨੂੰ 8000 ਪੌਂਡ ਦਾ ਜੁਰਮਾਨਾ ਵੀ ਲਾਇਆ ਗਿਆ। ਇਸ ਵਿਅਕਤੀ ਦਾ ਕਹਿਣਾ ਸੀ ਕਿ ਮੈਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਅਤੇ 600 ਹੋਰ ਵਿਅਕਤੀਆਂ ਨੇ ਵੀ ਉਸਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕੀਤੀ ਸੀ। ਇਸ ਵਿਅਕਤੀ ਨੇ ਮੁਆਫੀਨਾਮਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
2. ਚੀਨ
ਚੀਨ ਦੁਨੀਆਂ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੀ ਨਹੀਂ ਸਗੋਂ ਇਥੇ ਨਾਸਤਿਕਾਂ ਦੀ ਗਿਣਤੀ ਵੀ ਸਭ ਤੋਂ ਵੱਧ ਹੈ। ਲਗਭਗ 94% ਨਾਸਤਿਕ ਹਨ। ਜਿਸਦਾ ਸਿੱਧਾ ਜਿਹਾ ਮਤਲਬ ਹੈ ਕਿ ਭਾਰਤ ਦੀ ਜਨਸੰਖਿਆ ਤੋਂ ਵੱਧ ਜਨਸੰਖਿਆ ਤਾਂ ਉਸ ਦੇਸ਼ ਵਿੱਚ ਨਾਸਤਿਕਾਂ ਦੀ ਹੈ। ਇਸ ਦੇ ਉਲਟ ਥਾਈਲੈਂਡ ਦੇ 94% ਲੋਕ ਧਾਰਮਿਕ ਹਨ।
3. ਭਵਿੱਖਬਾਣੀ ਜੋ ਸਹੀ ਸਾਬਤ ਹੋਈ
ਪਹਿਲਾਂ ਵੀ ਮੈਂ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਹਨ। ਪਰ ਮੈਂ ਜੋ ਵੀ ਭਵਿੱਖਬਾਣੀਆਂ ਕਰਦਾ ਹਾਂ ਉਹ ਅੰਕੜਿਆਂ ਦੀ ਚੰਗੀ ਤਰ੍ਹਾਂ ਘੋਖ ਪੜਤਾਲ ਕਰਨ ਤੋਂ ਬਾਅਦ ਹੀ ਕਰਦਾ ਹਾਂ। ਇਹਨਾਂ ਵਿਚੋਂ ਬਹੁਤੀਆਂ ਠੀਕ ਸਿੱਧ ਹੁੰਦੀਆਂ ਹਨ। ਮੈਂ ਇੱਕ ਕਿਤਾਬ ਲਿਖੀ ਸੀ ਇਸਦਾ ਨਾਂ ‘‘ਬਾਬਾ ਰਾਮਦੇਵ ਤਰਕ ਦੀ ਕਸੌਟੀ ਤੇ’’ ਹੈ। ਇਹ ਅਪ੍ਰੈਲ 2009 ਵਿੱਚ ਛਪਕੇ ਮਾਰਕੀਟ ਵਿੱਚ ਵਿਕਰੀ ਲਈ ਉਪਲਬਧ ਕਰਵਾਈ ਗਈ। ਇਸ ਕਿਤਾਬ ਦੇ ਅਖੀਰਲੇ ਸਫੇ ਤੇ ਮੈਂ ਲਿਖਿਆ ਸੀ ਕਿ ਬਾਬਾ ਰਾਮਦੇਵ ‘ਕਿਤਾਬਾਂ, ਸੀਡੀਆਂ, ਦਵਾਈਆਂ, ਹੋਰ ਵਸਤੂਆਂ, ਯੋਗ ਕੈਂਪਾਂ, ਸਰਕਾਰ ਵਲੋਂ ਗਰਾਂਟਾਂ, ਦਾਨ ਅਤੇ ਮੈਂਬਰਸ਼ਿਪ ਭਰਤੀ ਦੇ ਨਾਂ ਤੇ ਅਰਬਾਂ ਰੁਪਏ ਕਮਾ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਬਾਬਾ ਭਾਰਤ ਦੇ ਗਿਣੇ ਚੁਣੇ ਅਮੀਰਾਂ ਵਿਚੋਂ ਇੱਕ ਹੋਵੇਗਾ। ਸਤੰਬਰ 2016 ਵਿੱਚ ਚੀਨ ਦੀ ਹੂ ਰਨ ਮੈਗਜ਼ੀਨ ਨੇ 339 ਭਾਰਤੀਆਂ ਦੀ ਸੂਚੀ ਜਾਰੀ ਕੀਤੀ ਹੈ। ਜਿਸ ਵਿੱਚ ਪਤੰਜਲੀ ਆਯੁਰਵੇਦ ਦੇ ਅਚਾਰੀਆ ਬਾਲ ਕ੍ਰਿਸ਼ਨ ਦੇਸ਼ ਦੇ ਪਹਿਲੇ 25 ਅਮੀਰਾਂ ਵਿਚ ਸ਼ਾਮਿਲ ਹੋ ਗਏ। ਮੈਗਜ਼ੀਨ ਅਨੁਸਾਰ ਉਹਨਾਂ ਦੀ ਕੁਲ ਜਾਇਦਾਦ 25,600 ਕਰੋੜ ਰੁਪਏ ਹੈ। ਪਤੰਜਲੀ ਦੀ ਸਾਲਾਨਾ ਟਰਨਓਵਰ 5000 ਕਰੋੜ ਰੁਪਏ ਹੈ। ਇਸਦੇ 94 ਫੀਸਦੀ ਸ਼ੇਅਰਾਂ ਦਾ ਮਾਲਕ ਬਾਲ ਕ੍ਰਿਸ਼ਨ ਹੈ। ਇਸਨੇ 2011 ਵਿੱਚ ਕਿਹਾ ਸੀ ਕਿ ਸੀ ਕਿ ਮੈਂ 50-60 ਕਰੋੜ ਰੁਪਏ ਦਾ ਲੋਨ ਲਿਆ ਹੈ। ਇਸ ਤੋਂ ਇਲਾਵਾ ਮੇਰੇ ਕੋਲ ਕੋਈ ਜਾਇਦਾਦ ਨਹੀਂ ਹੈ।
5. ਛਲੇਡਾ
ਬਚਪਨ ਵਿੱਚ ਮੈਂ ਛਲੇਡੇ ਤੇ ਬਿੱਜੂ ਤੋਂ ਡਰਦਾ ਹੁੰਦਾ ਸੀ। ਕਿਉਂਕਿ ਮੇਰੀ ਚਾਚੀ ਈਸ਼ਰੀ ਨੇ ਇਹ ਡਰ ਮੈਨੂੰ ਪਾਏ ਹੋਏ ਸਨ। ਕਿਉਂਕਿ ਮੈਂ ਕੂਕਾਂ ਬਹੁਤ ਮਾਰਿਆ ਕਰਦਾ ਸੀ। ਜਿਸ ਨਾਲ ਮੇਰੀ ਚਾਚੀ ਡਰ ਜਾਂਦੀ ਸੀ ਤੇ ਮੇਰੀ ਇਸ ਭੈੜੀ ਆਦਤ ਤੋਂ ਵਰਜਣ ਲਈ ਉਹ ਅਕਸਰ ਹੀ ਮੈਨੂੰ ਛਲੇਡੇ ਤੇ ਬਿੱਜੂ ਤੋਂ ਡਰਾ ਦਿੰਦੀ ਸੀ। 1984 ਵਿੱਚ ਤਰਕਸ਼ੀਲ ਸੁਸਾਇਟੀ ਦੀ ਸਥਾਪਨਾ ਤੋਂ ਬਾਅਦ ਸਾਨੂੰ ਅਜਿਹੀਆਂ ਅਫਵਾਹਾਂ ਦਾ ਸਾਹਮਣਾ ਵੀ ਕਈ ਵਾਰ ਕਰਨਾ ਪਿਆ ਹੈ। ਕਦੇ ਲਹਿਰੇ ਗਾਗੇ ਇਲਾਕੇ ਵਿੱਚ ਬਿੱਜੂ ਦੇ ਆਉਣ ਦੀਆਂ ਖਬਰਾਂ ਅਖਬਾਰਾਂ ਦੀ ਸੁਰਖੀਆਂ ਬਣਕੇ ਲੱਗ ਪੈਂਦੀਆਂ। ਕਦੇ ਦਿੱਲੀ ਵਿੱਚ ਬਾਂਦਰ ਆ ਟਪਕਦਾ ਕਦੇ ਹਰਿਆਣੇ ਦੇ ਸ਼ਹਿਰ ਟੋਹਾਣੇ ਦੇ ਨਜਦੀਕੀ ਪਿੰਡ ਜਮਾਲਪੁਰ ਸੇਖਾ ਵਿੱਚ ਅਜਿਹੀਆਂ ਅਫ਼ਵਾਹਾਂ ਉਡਣੀਆਂ ਸ਼ੁਰੂ ਹੋ ਜਾਂਦੀਆਂ। ਅਜਿਹੇ ਪਿੰਡਾਂ ਤੇ ਸ਼ਹਿਰਾਂ ਵਿੱਚ ਚੇਤਨ ਲੋਕਾਂ ਰਾਹੀਂ ਅਸੀਂ ਅਜਿਹੀਆਂ ਅਫਵਾਹਾਂ ਦੇ ਪਰਦੇਫਾਸ਼ ਦੀ ਮੁਹਿੰਮ ਚਲਾ ਦਿੰਦੇ। ਕੁਝ ਦਿਨਾਂ ਬਾਅਦ ਇਹਨਾਂ ਅਫਵਾਹਾਂ ਦੀ ਸੰਘੀ ਨੱਪੀ ਜਾਂਦੀ। ਅਖਬਾਰਾਂ ਵਾਲਿਆਂ ਨੂੰ ਜਦੋਂ ਅਜਿਹੀਆਂ ਖਬਰਾਂ ਛਾਪਣ ਦਾ ਕਾਰਨ ਪੁੱਛਦੇ ਤਾਂ ਉਹ ਕਹਿ ਦਿੰਦੇ ਕਿ ਇਹ ਖਬਰ ਦਿਲਚਸਪ ਸੀ ਤੇ ਸੰਨਸਨੀ ਫੈਲਾ ਸਕਦੀ ਸੀ। ਇਸ ਲਈ ਅਸੀਂ ਅਜਿਹੀਆਂ ਖ਼ਬਰਾਂ ਛਪਣੀਆਂ ਭੇਜ ਦਿੰਦੇ ਹਾਂ। ਪਰ ਅਸੀਂ ਉਹਨਾਂ ਨੂੰ ਯਾਦ ਕਰਵਾਉਂਦੇ ਕਿ ‘‘ਪੱਤਰਕਾਰ ਦੀ ਡਿਊਟੀ ਤਾਂ ਲੋਕਾਂ ਨੂੰ ਚੇਤਨ ਕਰਨਾ ਹੁੰਦੀ ਹੈ। ਪਰ ਭੜੂਓ ਤੁਸੀਂ ਅਜਿਹੀਆਂ ਖਬਰਾਂ ਛਾਪ ਕੇ ਲੋਕਾਂ ਨੂੰ ਅੰਧਵਿਸ਼ਵਾਸ਼ੀ ਦੀਆਂ ਗੁਫਾਵਾਂ ਵਿੱਚ ਧੱਕ ਰਹੇ ਹੋ।’’
ਸਤੰਬਰ 2016 ਦੇ ਦੂਸਰੇ ਹਫ਼ਤੇ ਵਿੱਚ ਇੱਕ ਅਫਵਾਹ ਬੜੇ ਯੋਜਨਾਵੱਧ ਢੰਗ ਨਾਲ ਉਡਾਈ ਗਈ। ਜਿਲ੍ਹਾ ਸੰਗਰੂਰ ਦੇ ਇਲਾਕੇ ਦਿੜਬੇ ਦੇ ਗੁਰੂਦੁਆਰਾ ਬਾਬਾ ਬੈਰਸੀਆਣਾ ਛਲੇਡੇ ਵਾਲੀ ਇਸ ਅਫਵਾਹ ਦਾ ਕੇਂਦਰ ਬਣਿਆ। ਫੋਟੋਆਂ ਤੇ ਆਵਾਜਾਂ ਰਿਕਾਰਡ ਕਰਕੇ ਲੋਕਾਂ ਨੂੰ ਇਸ ਗੁਰਦੁਆਰੇ ਵੱਲ ਖਿਚਿਆ। ਇਹਨਾਂ ਅਫਵਾਹਾਂ ਵਿੱਚ ਕੁਝ ਵਿਅਕਤੀਆਂ ਵਲੋਂ ਕਿਹਾ ਗਿਆ ਕਿ ਇਕ ਛਲੇਡਾ ਗੁਰੂਦੁਆਰੇ ਵਿੱਚ ਫੜਕੇ ਬੰਦ ਕਰ ਲਿਆ ਗਿਆ ਹੈ। ਕਹਿੰਦੇ ਇਹ ਰੰਗ ਬਦਲਦਾ ਹੈ, ਤਰਕਸ਼ੀਲ ਸੁਸਾਇਟੀ ਵਲੋਂ ਇਸ ਗੱਲ ਦਾ ਵਾਰ ਵਾਰ ਖੰਡਣ ਕੀਤਾ ਗਿਆ। ਅੰਤ ਅਫਵਾਹ ਫੈਲਾਉਣ ਵਾਲੇ ਗਰੰਥੀ ਨੂੰ ਪੁਲਸ ਨੇ ਸਲਾਖਾਂ ਪਿੱਛੇ ਬੰਦ ਕਰ ਦਿੱਤਾ। ਅਸੀਂ ਜਾਣਦੇ ਹਾਂ ਕਿ ਇੰਟਰਨੈਟ ਦੀਆਂ ਸਹੂਲਤਾਂ ਬਹੁਤ ਸਾਰੇ ਵਿਅਕਤੀਆਂ ਕੋਲ ਹਨ। ਉਹਨਾਂ ਨੇ ਆਸਟ੍ਰੇਲੀਆ ਦੇ ਇੱਕ ਪੇਂਟਰ ਪੈਟਰੀਸ਼ੀਆ ਪਿਸੀਨੀ ਦੁਆਰਾ ਬਣਾਇਆ ਇੱਕ ਜਾਨਵਰ ਦਾ ਚਿੱਤਰ ਵਾਟਸਅੱਪ ਰਾਹੀਂ ਇਸ ਖਬਰ ਦੇ ਨਾਲ ਭੇਜਣਾ ਸ਼ੁਰੂ ਕਰ ਦਿੱਤਾ। ਇਹ ਚਿੱਤਰ ਅਮਰੀਕਾ ਦੀ ਕਿਸੇ ਆਰਟ ਗੈਲਰੀ ਦੀ ਵੈਬਸਾਈਟ ਵਿੱਚੋਂ ਕਾਪੀ ਕਰਕੇ ਪੇਸਟ ਕਰ ਦਿੱਤਾ। ਜਿਸ ਨਾਲ ਇਹ ਅਫਵਾਹ ਲੋਕਾਂ ਨੂੰ ਸੱਚੀ ਲੱਗਣੀ ਸ਼ੁਰੂ ਹੋ ਗਈ।
6. ਰਾਫੇਲ ਸੌਦਾ
ਭਾਰਤ ਦੇ ਕਸ਼ਮੀਰ ਸੂਬੇ ਦੇ ਇੱਕ ਇਲਾਕੇ ਉੜੀ ਵਿੱਚ ਇਸਲਾਮਿਕ ਦਹਿਸ਼ਤਗਰਦਾਂ ਨੇ ਕਰੀਬ 19 ਫੌਜੀਆਂ ਨੂੰ ਇੱਕ ਹਮਲੇ ਰਾਹੀਂ ਮੌਤ ਦੇ ਘਾਟ ਉਤਾਰ ਦਿੱਤਾ। ਬੱਸ ਫਿਰ ਕੀ ਸੀ ਅਜਿਹਾ ਮਾਹੌਲ ਸਿਰਜਿਆ ਗਿਆ ਕਿ 19 ਦੇ ਬਦਲੇ 1900 ਪਾਕਿਸਤਾਨੀ ਫੌਜੀਆਂ ਦੇ ਸਿਰ ਧੜ ਤੋਂ ਵੱਖ ਕੀਤੇ ਜਾਣੇ ਚਾਹੀਦੇ ਹਨ। ਸਾਡੇ ਦੇਸ਼ ਦੇ 70% ਲੋਕ ਗਰੀਬੀ ਰੇਖਾ ਤੋਂ ਹੇਠਾਂ ਤੰਗੀਆਂ ਤੋਸ਼ੀਆਂ ਦਾ ਜੀਵਨ ਬਤੀਤ ਕਰ ਰਹੇ ਹਨ। ਪਾਕਿਸਤਾਨੀ ਜਨਤਾ ਦਾ ਹਾਲ ਵੀ ਇਸ ਤੋਂ ਬਹੁਤਾ ਚੰਗਾ ਨਹੀਂ ਹੈ। ਅਜਿਹੀਆਂ ਹਾਲਤਾਂ ਵਿੱਚ ਲੜਾਈ ਦੀਆਂ ਗੱਲਾਂ ਕਰਨੀਆਂ ਦੋਹਾਂ ਮੁਲਕਾਂ ਨੂੰ ਸੋਭਦੀਆਂ ਨਹੀਂ। 1965 ਤੇ 1971 ਦੀਆਂ ਜੰਗਾਂ ਦੇ ਪ੍ਰਭਾਵ ਨੇ ਸਾਡੇ ਦੇਸ਼ ਨੂੰ ਭੁਖਮਰੀ ਦੀ ਹਾਲਤ ਵਿੱਚ ਲਿਆ ਦਿੱਤਾ ਹੈ। ਜੇ ਅਗਲੀ ਲੜਾਈ ਲੱਗ ਗਈ ਤਾਂ ਸਾਡੀ ਜਨਤਾ ਦਾ ਕੀ ਬਣੇਗਾ। ਇਹ ਸੋਚ ਕੇ ਦਿਲ ਵਿੱਚ ਘਬਰਾਹਟ ਪੈਦਾ ਹੋਣੀ ਸ਼ੁਰੂ ਹੋ ਜਾਂਦੀ। ਭਾਰਤ ਤੇ ਪਾਕਿਸਤਾਨ ਹੀ ਦੁਨੀਆਂ ਵਿਚ ਅਜਿਹੇ ਮੁਲਕ ਰਹਿ ਗਏ ਹਨ ਜਿਹੜੇ ਅੱਜ ਵੀ ਜੰਗ ਲਈ ਹਥਿਆਰ ਬਾਹਰਲੇ ਮੁਲਕਾਂ ਤੋਂ ਖ੍ਰੀਦ ਰਹੇ ਹਨ। ਭਾਰਤ ਨੇ 36 ਰਾਫੇਲ ਲੜਾਕੂ ਜਹਾਜ਼ ਫਰਾਂਸ ਤੋਂ 58000 ਕਰੋੜ ਰੁਪਏ ਵਿੱਚ ਹੀ ਖ੍ਰੀਦੇ ਹਨ।
ਪੰਜਾਬ ਵਿੱਚ 12500 ਪਿੰਡ ਹਨ। ਮੈਂ ਇੱਕ ਪਿੰਡ ਦੇ ਹਾਈ ਸਕੂਲ ਤੇ ਹਸਪਤਾਲ ਦੀ ਇਮਾਰਤ ਇੱਕ ਕਰੋੜ ਰੁਪਏ ਵਿੱਚ ਤਿਆਰ ਕਰ ਸਕਦਾ ਹਾਂ। ਇਸਦਾ ਮਤਲਬ ਹੈ ਕਿ 12500 ਕਰੋੜ ਰੁਪਏ ਵਿੱਚ ਪੰਜਾਬ ਦੇ ਸਾਰੇ ਪਿੰਡਾਂ ਵਿਚ ਸਕੂਲ ਤੇ ਹਸਪਤਾਲ ਬਣਾਏ ਜਾ ਸਕਦੇ ਹਨ। ਇਸਦਾ ਮਤਲਬ ਹੈ ਕਿ ਇਕੱਲਾ ਰਾਫੇਲ ਜਹਾਜਾਂ ਦਾ ਸੌਦਾ ਪੰਜਾਬ ਵਰਗੇ ਪੰਜ ਰਾਜਾਂ ਦੇ ਸਕੂਲ ਤੇ ਹਸਪਤਾਲਾਂ ਦੇ ਵਿਕਾਸ ਨੂੰ ਖਾ ਜਾਵੇਗਾ। ਅਜੇ ਤਾਂ ਲੜਾਈ ਸ਼ੁਰੂ ਹੋਣੀ ਹੈ। ਲੜਾਈ ਹੋਣ ਦੀਆਂ ਹਾਲਤਾਂ ਵਿੱਚ ਭਾਰਤ ਤੇ ਪਾਕਿ ਦੇ ਵਸਨੀਕਾਂ ਨੇ ਮਰਨਾ ਹੀ ਹੈ। ਸਗੋਂ ਬਾਅਦ ਵਿੱਚ ਬਹੁਤ ਸਾਰੇ ਭੁੱਖਮਰੀ ਨਾਲ ਹੀ ਮਰ ਸਕਦੇ ਹਨ।
7. ਨਸ਼ੇ ਬਰਬਾਦੀ ਦਾ ਘਰ
ਮੇਰੀ ਪਤਨੀ ਦੀ ਭੈਣ ਦੀ ਸਹੇਲੀ ਗੁਰਦੇਵ ਕੌਰ ਬਹੁਤ ਹੀ ਚੰਗੀ ਮੁੱਖ ਅਧਿਆਪਕਾ ਸੀ। ਉਸਨੇ ਦੋ ਪੁੱਤਰਾਂ ਅਤੇ ਇੱਕ ਧੀ ਨੂੰ ਜਨਮ ਦਿੱਤਾ। ਵੱਡਾ ਪੁੱਤਰ ਬਰਨਾਲੇ ਇਲਾਕੇ ਦਾ ਪ੍ਰਸਿੱਧ ਡਾਕਟਰ ਹੈ ਅਤੇ ਧੀ ਕਨੈਡਾ ਵਿੱਚ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਛੋਟੇ ਪੁੱਤਰ ਨੂੰ ਕਿਸੇ ਨਜ਼ਦੀਕੀ ਨੇ ਹੀ ਨਸ਼ਿਆਂ ਦੇ ਲੜ ਅਜਿਹਾ ਲਾਇਆ ਕਿ ਮੁੜ ਉਹ ਇਸ ਤ੍ਰਾਸਦੀ ਵਿਚੋਂ ਬਾਹਰ ਹੀ ਨਾ ਆ ਸਕਿਆ। ਪ੍ਰੀਵਾਰ ਤੀਹ ਏਕੜ ਦਾ ਮਾਲਕ ਸੀ ਉਹਨਾਂ ਨੇ ਇਲਾਜ ਦੀ ਕੋਈ ਕਸਰ ਨਾ ਛੱਡੀ। ਉਸਦੀ ਮੰਗਣੀ ਵੀ ਕਰ ਦਿੱਤੀ ਗਈ ਪਰ ਉਸਦੇ ਨਸ਼ੇ ਕਾਰਨ ਮੰਗਣੀ ਵੀ ਟੁੱਟ ਗਈ। ਇਹ ਇਕੱਲੀ ਉਸ ਪ੍ਰੀਵਾਰ ਦੀ ਕਹਾਣੀ ਨਹੀਂ ਸਗੋਂ ਪੰਜਾਬ ਦੇ ਲੱਖਾਂ ਪ੍ਰੀਵਾਰ ਇਸ ਲੱਤ ਦਾ ਸ਼ਿਕਾਰ ਹੋ ਕੇ ਨਰਕੀ ਜਿੰਦਗੀ ਕੱਟ ਰਹੇ ਹਨ। ਪਰ ਅਫਸੋਸ ਇਸ ਗੱਲ ਦਾ ਹੈ ਕਿ ਦੁਨੀਆਂ ਦੇ 194 ਦੇਸ਼ਾਂ ਵਿਚੋਂ ਸਿਰਫ 21 ਦੇਸ਼ ਹੀ ਅਜਿਹੇ ਹਨ ਜਿਹੜੇ ਵੱਡੀ ਪੱਧਰ ਤੇ ਨਸ਼ਿਆਂ ਦਾ ਉਤਪਾਦਨ ਕਰ ਰਹੇ ਹਨ। ਉਹਨਾਂ ਦੇਸ਼ਾਂ ਦੀ ਲਿਸਟ ਵਿੱਚ ‘‘ਮੇਰਾ ਭਾਰਤ’’ ਮਹਾਨ ਵੀ ਸ਼ਾਮਿਲ ਹੈ। ਅਜਿਹਾ ਸਿਰਫ ਇਸ ਕਰਕੇ ਹੋ ਰਿਹਾ ਹੈ ਕਿ ਮੇਰੇ ਦੇਸ਼ ਦੀਆਂ ਸਰਕਾਰਾਂ ਦੇ ਹਰੇਕ ਗੱਲ ਤੇ ਹੀ ਦੂਹਰੇ ਮਿਆਰ ਹੁੰਦੇ ਹਨ। ਇਕ ਪਾਸੇ ਤਾਂ ਨਸ਼ਿਆਂ ਦੇ ਸੁਦਾਗਰਾਂ ਲਈ ਸਖ਼ਤ ਸਜਾਵਾਂ ਹਨ ਦੂਸਰੇ ਪਾਸੇ ਸਰਕਾਰ ਵਲੋਂ ਹੀ ਨਸ਼ੇ ਬੀਜਣ ਦੀ ਇਜਾਜਤ ਦਿੱਤੀ ਜਾਂਦੀ ਹੈ। ਕੌਣ ਨਹੀਂ ਜਾਣਦਾ ਕਿ ਬਹੁਤੇ ਨਸ਼ਿਆਂ ਦੀ ਜਨਮਦਾਤੀ ਅਫੀਮ ਦੀ ਖੇਤੀ ਮੇਰੇ ਗੁਆਂਢੀ ਰਾਜ ਰਾਜਸਥਾਨ ਵਿੱਚ ਹੀ ਹੁੰਦੀ ਹੈ। ਮੇਰੇ ਦੇਸ਼ ਦੇ ਨੌਜੁਆਨਾਂ ਲਈ ਰੁਜਗਾਰ ਨਹੀਂ ਹੈ। ਉਹ ਸੋਚਦੇ ਹਨ ਕਿ ਜਦੋਂ ਅਸੀਂ ਦੇਸ਼ ਦੀ ਤਰੱਕੀ ਵਿੱਚ ਕੋਈ ਹਿੱਸਾ ਹੀ ਨਹੀਂ ਪਾ ਰਹੇ ਹਾਂ ਨਾ ਹੀ ਅਸੀਂ ਆਪਣੇ ਮਾਂ ਪਿਉ ਲਈ ਹੀ ਕੋਈ ਸੁੱਖ ਸਹੂਲਤ ਦੇ ਸਕਦੇ ਹਾਂ ਫਿਰ ਅਸੀਂ ਧਰਤੀ ਤੇ ਬੋਝ ਕਿਉਂ ਬਣੀਏ। ਫਿਰ ਉਹ ਜਾਂ ਤਾਂ ਖੁਦਕਸ਼ੀ ਕਰਦੇ ਹਨ ਜਾਂ ਨਸ਼ੇ ਦੇ ਆਦਿ ਹੋ ਜਾਂਦੇ ਹਨ।