ਇਸਲਾਮਾਬਾਦ – ਪਾਕਿਸਤਾਨ ਨੇ 56 ਸਾਲ ਪਹਿਲਾਂ ਹੋਏ ‘ਸਿੰਧੂ ਜਲ ਸੰਧੀ’ ਦੇ ਮੁੱਦੇ ਤੇ ਭਾਰਤ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਸ ਸੰਧੀ ਦਾ ਸਨਮਾਨ ਹੋਣਾ ਚਾਹੀਦਾ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਜਾਂ ਸੁਧਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਖਾਸ ਸਹਿਯੋਗੀ ਤਾਰਿਕ ਫਾਤਮੀ ਨੇ ਡਾਨ ਨਿਊਜ਼ ਵਾਲਿਆਂ ਨੂੰ ਦੱਸਿਆ, ‘ ਸਿੰਧੂ ਜਲ ਸੰਧੀ ਦੇ ਨਿਯਮਾਂ ਵਿੱਚ ਬਦਲਾਅ ਜਾਂ ਕਿਸੇ ਤਰ੍ਹਾਂ ਦੇ ਸੁਧਾਰ ਨੂੰ ਪਾਕਿਸਤਾਨ ਸਵੀਕਾਰ ਨਹੀਂ ਕਰੇਗਾ। ਸਾਡੀ ਸੰਧੀ ਸਿਧਾਂਤਾਂ ਤੇ ਆਧਾਰਿਤ ਹੈ ਅਤੇ ਇਸ ਸੰਧੀ ਦਾ ਸਨਮਾਨ ਹੋਣਾ ਚਾਹੀਦਾ ਹੈ।’ ਭਾਰਤ ਵੱਲੋਂ ਪਿੱਛਲੇ ਕੁਝ ਅਰਸੇ ਤੋਂ ਪਾਕਿਸਤਾਨ ਨੂੰ ਸਿੰਧੂ ਸਮਝੌਤੇ ਨੂੰ ਰੱਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
1960 ਵਿੱਚ ਅੱਜ ਤੋਂ 56 ਸਾਲ ਪਹਿਲਾਂ ਨਦੀਆਂ ਸਬੰਧੀ ਇੱਕ ਸਮਝੌਤੇ ਤੇ ਦਸਤਖਤ ਕੀਤੇ ਗਏ ਸਨ, ਜਿਸ ਦੇ ਤਹਿਤ ਤਿੰਨ ਪੂਰਬੀ ਨਦੀਆਂ ਬਿਆਸ, ਰਾਵੀ ਅਤੇ ਸਤਲੁਜ ਤੇ ਭਾਰਤ ਨੂੰ ਨਿਯੰਤਰਣ ਦਿੱਤਾ ਗਿਆ ਸੀ ਅਤੇ ਪਾਕਿਸਤਾਨ ਨੂੰ ਤਿੰਨ ਪੱਛਮੀ ਨਦੀਆਂ ਸਿੰਧੂ, ਚਿਨਾਬ ਅਤੇ ਝੇਲਮ ਦਿੱਤੀਆਂ ਗਈਆਂ ਹਨ। ਸਿੰਧੂ ਜਲ ਸਮਝੌਤੇ ਦੇ ਤਹਿਤ ਸਥਾਈ ਸਿੰਧੂ ਆਯੋਗ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਦੋਵਾਂ ਦੇਸ਼ਾਂ ਦੇ ਕਮਿਸ਼ਨਰ ਰੱਖੇ ਗਏ ਸਨ।