ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਭਾਰਤੀ ਖੇਤੀ ਖੋਜ ਕੌਂਸਲ ਤੋਂ ਪਹੁੰਚੀ 5 ਮੈਂਬਰੀ ਟੀਮ ਨੇ ਪਿਛਲੇ 4 ਸਾਲਾਂ ਦੌਰਾਨ ਯੂਨੀਵਰਸਿਟੀ ਨੂੰ ਦਿੱਤੀ ਗਈ ਵਿਦਿਅਕ ਕਾਰਜਾਂ ਲਈ ਗ੍ਰਾਂਟ ਦੀ ਵਰਤੋਂ ਦਾ ਜ਼ਾਇਜਾ ਲਿਆ । ਇਸ ਅਧਾਰ ਤੇ ਇਸ ਕਮੇਟੀ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਜਾਵੇਗੀ ਜੋ ਅੱਗੋਂ ਮਿਲਣ ਵਾਲੀ ਗ੍ਰਾਂਟ ਦਾ ਆਧਾਰ ਬਣੇਗੀ । ਇਸ ਕਮੇਟੀ ਵਿੱਚ ਡਾ. ਗੌਤਮ ਕੱਲੂ ਜੱਬਲਪੁਰ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ, ਡਾ. ਐਸ. ਆਰ. ਮੱਲੂ ਉਦੈਪੁਰ ਯੂਨੀਵਰਸਿਟੀ ਦੇ ਸਾਬਕਾ ਡੀਨ, ਡਾ. ਆਸ਼ੀਸ਼ ਰਾਏ, ਜੁਆਇੰਟ ਡਾਇਰੈਕਟਰ ਸਿਫੇ ਮੁੰਬਈ, ਸ੍ਰੀ ਸੁਰੇਸ਼ ਚੰਦਰਾ ਸਿਫੇ ਮੁੰਬਈ ਦੇ ਚੀਫ਼ ਫਾਇਨਸ਼ਲ ਅਤੇ ਅਕਾਊਂਟਸ ਅਫ਼ਸਰ, ਡਾ. ਐਮ.ਬੀ. ਚੇਟੀ ਐਡੀਸ਼ਨਲ ਡਾਇਰੈਕਟਰ ਜਨਰਲ ਖੇਤੀ ਖੋਜ ਰਿਸਰਚ ਕੌਂਸਲ ਸ਼ਾਮਲ ਸਨ ।
ਉਨ੍ਹਾਂ ਦੇ ਇਸ ਦੌਰੇ ਦੇ ਪਹਿਲੇ ਹਿੱਸੇ ਵਜੋਂ ਯੂਨੀਵਰਸਿਟੀ ਦੇ ਡੀਨ ਪੋਸਟਗ੍ਰੈਜੂਏਟ ਸਟੱਡੀਜ਼ ਵੱਲੋਂ ਇਸ ਪਿਛਲੇ 4 ਸਾਲਾਂ ਦੀ ਮਿਲੀ ਗ੍ਰਾਂਟ ਅਤੇ ਉਸ ਦੀ ਉਚਿਤ ਵਰਤੋਂ ਬਾਰੇ ਪੇਸ਼ਕਾਰੀ ਸੀ । ਇਸ ਮਗਰੋਂ ਇਸ ਟੀਮ ਨੇ ਯੂਨੀਵਰਸਿਟੀ ਦੇ ਚਾਰੇ ਕਾਲਜਾਂ ਅਤੇ ਹੋਰ ਅਹਿਮ ਥਾਵਾਂ ਦਾ ਦੌਰਾ ਕੀਤਾ । ਉਨ੍ਹਾਂ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨਾਲ ਵੀ ਵਾਰਤਾਲਾਪ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਿਆ ।
ਇਸ ਦੌਰੇ ਦੇ ਸਮਾਪਤੀ ਸਮਾਗਮ ਵਿੱਚ ਸਮੁੱਚੀ ਚਰਚਾ ਨੂੰ ਸਮੇਟਦਿਆਂ ਟੀਮ ਦੇ ਪ੍ਰਮੁੱਖ ਮੈਂਬਰ ਡਾ. ਐਮ.ਬੀ. ਚੇਟੀ ਨੇ ਯੂਨੀਵਰਸਿਟੀ ਵਿੱਚ ਚੱਲ ਰਹੇ ਸ਼ਹਿਦ-ਮੱਖੀ ਪਾਲਣ ਅਤੇ ਬੇਕਰੀ ਦੇ ਤਜ਼ਰਬਾ ਸਿਖਲਾਈ ਪ੍ਰੋਗਰਾਮਾਂ ਦੀ ਵਿਸ਼ੇਸ਼ ਰੂਪ ਵਿੱਚ ਤਾਰੀਫ਼ ਕੀਤੀ । ਭੋਜਨ ਪ੍ਰੋਸੈਸਿੰਗ ਯੂਨਿਟ ਉਦਮੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਾਹ ਪਾ ਸਕਦੀਆਂ ਹਨ। ਭੂਮੀ ਵਿਗਿਆਨ ਅਤੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿੱਚ ਐਡਵਾਂਸ ਫੈਕਲਟੀ ਟ੍ਰੇਨਿੰਗ ਸੈਂਟਰ ਦੀ ਕਾਰਗੁਜ਼ਾਰੀ ਦਾ ਮਹੱਤਵ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੇ ਸਾਲ ਵਿੱਚ ਇੱਕ ਤੋਂ ਵੱਧ ਟ੍ਰੇਨਿੰਗਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਫੈਕਲਟੀ ਇਸ ਦਾ ਹੋਰ ਫਾਇਦਾ ਉਠਾ ਸਕੇ । ਡਾ. ਚੇਟੀ ਨੇ ਕਣਕ ਅਤੇ ਝੋਨੇ ਦੇ ਨਾਲ ਨਿਸ਼ੇ ਏਰੀਏ ਦੀ ਸਲਾਹਨਾ ਕੀਤੀ ਅਤੇ ਬੇਸਿਕ ਸਾਇੰਸਜ਼ ਕਾਲਜ ਦੀਆਂ ਕੁਦਰਤੀ ਸ੍ਰੋਤ ਪ੍ਰਬੰਧਨ ਦੀਆਂ ਚੰਗੀਆਂ ਲੈਬ ਸੁਵਿਧਾਵਾਂ ਦਾ ਵਿਸ਼ੇਸ਼ ਰੂਪ ਵਿੱਚ ਜ਼ਿਕਰ ਕੀਤਾ ।
ਸ੍ਰੀ ਸੁਰੇਸ਼ ਚੰਦਰਾ ਨੇ ਕਿਹਾ ਕਿ ਵਿਸ਼ੇਸ਼ ਤੌਰ ਤੇ ਦੇਖਣਯੋਗ ਗੱਲ ਇਹ ਹੈ ਕਿ ਆਈ ਸੀ ਏ ਆਰ ਵੱਲੋਂ ਮਿਲੀ ਕੁੱਲ 6 ਕਰੋੜ 30 ਲੱਖ ਰੁਪਏ ਦੀ ਗ੍ਰਾਂਟ ਦੀ 99.9% ਵਰਤੋਂ ਹੋਈ ਹੈ ਅਤੇ ਚੰਗੀ ਗੱਲ ਇਹ ਹੈ ਕਿ ਇਸ ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਗਈ ਹੈ । ਨਿਸ਼ਚੇ ਹੀ ਇਹ ਸਫ਼ਲ ਕਾਰਗੁਜ਼ਾਰੀ ਅਗਲੇਰੀ ਗ੍ਰਾਂਟ ਲੈਣ ਦਾ ਆਧਾਰ ਬਣੇਗੀ । ਉਨ੍ਹਾਂ ਇਸ ਗ੍ਰਾਂਟ ਦੀ ਵਰਤੋਂ ਦੇ ਸਹੀ ਰਿਕਾਰਡ ਰੱਖਣ ਦੀ ਤਾਰੀਫ਼ ਵੀ ਕੀਤੀ ।
ਨਾਰਮ ਦੇ ਜੁਆਇੰਟ ਡਾਇਰੈਕਟਰ, ਪ੍ਰਬੰਧਨ, ਸ੍ਰੀ ਆਸ਼ੀਸ਼ ਰਾਏ ਨੇ ਆਪਣੀ ਟਿੱਪਣੀ ਕਰਦਿਆਂ ਕਿਹਾ ਕਿ ਇਸ ਗ੍ਰਾਂਟ ਨੂੰ ਵਰਤਣ ਲੱਗਿਆਂ ਯੂਨੀਵਰਸਿਟੀ ਨੇ ਆਈ ਸੀ ਏ ਆਰ ਦੇ ਨਿਯਮਾਂ ਦਾ ਵਿਸ਼ੇਸ਼ ਧਿਆਨ ਰੱਖਿਆ ਹੈ ਜਿਸ ਦਾ ਅਸਰ ਅੰਤਰੀਵੀ ਪ੍ਰਬੰਧਨ ਤੇ ਵੀ ਹੁੰਦਾ ਹੈ ।
ਇਸ ਟੀਮ ਦੇ ਮੈਂਬਰ ਡਾ. ਮੱਲੂ ਅਨੁਸਾਰ ਮੂਲ ਢਾਂਚੇ ਅਤੇ ਸਾਜੋ ਸਮਾਨ ਪੱਖੋਂ ਇਹ ਯੂਨੀਵਰਸਿਟੀ ਹੋਰ ਰਾਜਾਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿਚੋਂ ਬੇਹਤਰੀਨ ਯੂਨੀਵਰਸਿਟੀ ਹੈ ਜੋ ਬਾਕੀਆਂ ਲਈ ਇੱਕ ਸ਼ੋਅ-ਕੇਸ ਹੈ । ਇਸ ਨੂੰ ਦੇਸ਼ ਦੇ ਬਾਕੀ ਭਾਗਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਦਿਖਾਉਣ ਲਈ ਵੱਡੇ ਪੱਧਰ ਦਾ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ । ਉਨ੍ਹਾਂ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀਆਂ ਜਾਂਦੀਆਂ ਤਕਨਾਲੋਜੀਆਂ, ਪਦਾਰਥਾਂ ਅਤੇ ਖਾਦ-ਪਦਾਰਥਾਂ ਲਈ ਆਪਣਾ ਬ੍ਰਾਂਡ/ਲੇਬਲ ਰਜਿਸਟਰ ਕਰਾਉਣ ਦੀ ਸਲਾਹ ਵੀ ਦਿੱਤੀ । ਡਾ. ਚੰਦਰਾ ਨੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਸਕਸੈਨਾ ਰੀਡਿੰਗ ਹਾਲ ਦੀ ਭਰਪੂਰ ਤਾਰੀਫ਼ ਕੀਤੀ ਜੋ ਹਰ ਰੋਜ 24 ਘੰਟੇ ਖੁੱਲਾ ਰਹਿੰਦਾ ਹੈ । ਉਨ੍ਹਾਂ ਕਿਹਾ ਕਿ ਇਸ ਨਾਲ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਸਭਿਆਚਾਰ ਵਿਕਸਤ ਹੁੰਦਾ ਹੈ ਜੋ ਕਿ ਸਲਾਹੁਣਯੋਗ ਹੈ ।
ਇਸ ਟੀਮ ਦੀ ਅਗਵਾਈ ਕਰ ਰਹੇ ਡਾ. ਗੌਤਮ ਕੱਲੂ ਨੇ ਇਸ ਯੂਨੀਵਰਸਿਟੀ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਰਗੀ ਕਿਸੇ ਅਹਿਮ ਸੰਸਥਾ ਨੂੰ ਸੁਯੋਗ ਤਰੀਕੇ ਨਾਲ ਚਲਾਉਣ ਲਈ ਇਕ ਮਿਸ਼ਨ, ਜਨੂੰਨ ਅਤੇ ਦੂਰ-ਅੰਦੇਸ਼ੀ ਦੀ ਲੋੜ ਹੁੰਦੀ ਹੈ । ਇਸ ਨੁਕਤੇ ਤੋਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਆਪਣੀ ਟੀਮ ਨਾਲ ਮਿਲ ਕੇ ਬਹੁਤ ਚੰਗੀ ਕਾਰਗੁਜ਼ਾਰੀ ਦਿਖਾ ਰਹੇ ਹਨ । ਉਨ੍ਹਾਂ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵੱਲੋਂ 35 ਹਜ਼ਾਰ ਏਕੜ ਲਈ ਦਿੱਤੇ ਬਾਇਓ-ਫਰਟੀਲਾਈਜ਼ਰ ਦੀ ਵਿਸ਼ੇਸ਼ ਰੂਪ ਵਿੱਚ ਚਰਚਾ ਕਰਦਿਆਂ ਕਿਹਾ ਕਿ ਇਹ ਸਾਡੇ ਭਵਿੱਖ ਦੀ ਲੋੜ ਹੈ । ਸਾਨੂੰ ਭਵਿੱਖ ਦੀਆਂ ਵੰਗਾਰਾਂ ਨਾਲ ਨਜਿੱਠਣ ਲਈ ਖੇਤੀ ਖੋਜ ਦੀ ਦਿਸ਼ਾ ਤੈਅ ਕਰਨ ਲਈ ਅਤੇ ਖੇਤੀ ਤਕਨਾਲੋਜੀ ਵਿਕਸਤ ਕਰਨ ਲਈ ਅੰਤਰ-ਅਨੁਸਾਸ਼ਨੀ ਗਿਆਨ ਦੇ ਪ੍ਰਵਾਹ ਦੀ ਲੋੜ ਹੈ । ਉਨ੍ਹਾਂ ਕਿਹਾ ਇਨ੍ਹਾਂ ਵੰਗਾਰਾਂ ਲਈ ਸਾਨੂੰ ਹੁਣੇ ਰਣਨੀਤੀ ਬਣਾਉਣੀ ਪਵੇਗੀ ਅਤੇ ਇਸ ਲਈ ਲਗਾਤਾਰ ਆਪਣੇ-ਆਪ ਨੂੰ ਨਵਿਆਉਣਾ ਪਵੇਗਾ ।
ਟੀਮ ਨੇ ਖੇਤੀ ਖੋਜ ਕਾਰਜਾਂ ਵਿੱਚ ਨਕਲ ਨੂੰ ਰੋਕਣ ਲਈ ਵਿਸ਼ਵ ਪੱਧਰ ਦੇ ਮਿਆਰ ਵਰਤਣ ਲਈ ਅਤੇ ’ਸਾਇੰਸ’ ਅਤੇ ’ਨੇਚਰ’ ਵਰਗੇ ਜਰਨਲਾਂ ਵਿੱਚ ਪ੍ਰਕਾਸ਼ਨਾਵਾਂ ਲਈ ਵਧਾਈ ਵੀ ਦਿੱਤੀ । ਉਨ੍ਹਾਂ ਭਰੋਸਾ ਦਿਵਾਇਆ ਕਿ ਕੌਂਸਲ ਵੱਲੋਂ ਸੋਲਰ ਗੀਜ਼ਰ ਲਈ ਗਰਿੱਡ ਅਤੇ ਪ੍ਰੀਖਿਆ ਹਾਲ ਵਰਗੇ ਕਾਰਜਾਂ ਲਈ ਗ੍ਰਾਂਟ ਮੁਹੱਈਆ ਕਰਵਾਈ ਜਾਵੇਗੀ । ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪੀ ਕੇ ਖੰਨਾ ਨੇ ਭਾਰਤੀ ਖੇਤੀ ਖੋਜ ਕੌਂਸਲ ਵੱਲੋਂ ਮਿਲਦੀ ਇਸ ਗ੍ਰਾਂਟ ਲਈ ਅਤੇ ਇਸ ਲਈ ਉਚੇਚੇ ਰੂਪ ਵਿੱਚ ਪਹੁੰਚੇ ਮਹਿਮਾਨ ਮੈਂਬਰਾਂ ਦਾ ਧੰਨਵਾਦ ਕੀਤਾ ।