ਪਟਨਾ – ਰਾਸ਼ਟਰੀ ਜਨਤਾ ਦਲ ਦੇ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਫਿਰ ਤੋਂ ਨੋਟਬੰਦੀ ਨੂੰ ਲੈ ਕੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦਾ ਵੀ ਉਹੋ ਹੀ ਹਾਲ ਹੋਵੇਗਾ ਜੋ ਕਿ ਕਾਂਗਰਸ ਦੇ ਰਾਜ ਵਿੱਚ ਨਸਬੰਦੀ ਦਾ ਹੋਇਆ ਸੀ। ਲਾਲੂ ਯਾਦਵ ਨੇ ਸ਼ਨਿਚਰਵਾਰ ਨੂੰ ਪਟਨਾ ਵਿੱਚ ਪਾਰਟੀ ਨੇਤਾਵਾਂ ਦੇ ਨਾਲ ਨੋਟਬੰਦੀ ਨੂੰ ਲੈ ਕੇ ਮੀਟਿੰਗ ਕੀਤੀ। ਬੈਠਕ ਵਿੱਚ ਨੋਟਬੰਦੀ ਦੇ ਖਿਲਾਫ਼ ਅੰਦੋਲਨ ਦੀ ਰਣਨੀਤੀ ਬਣਾਈ ਗਈ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਾਈ ਵਿੱਚ ਨੋਟਬੰਦੀ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ।
ਨੋਟਬੰਦੀ ਦੇ ਐਲਾਨ ਦੇ ਲੱਗਭੱਗ ਡੇਢ ਮਹੀਨੇ ਦੇ ਬਾਅਦ ਲਾਲੂ ਨੇ ਆਪਣੇ ਨੇਤਾਵਾਂ ਦੇ ਨਾਲ ਇਸ ਮੁੱਦੇ ਤੇ ਬੈਠਕ ਕੀਤੀ। ਮੀਟਿੰਗ ਵਿੱਚ ਪਾਰਟੀ ਦੇ ਸਾਰੇ ਵੱਡੇ ਨੇਤਾ ਮੌਜੂਦ ਸਨ। ਇਸ ਬੈਠਕ ਦੌਰਾਨ ਲਾਲੂ ਨੇ ਕਿਹਾ, ‘ਨੋਟਬੰਦੀ ਨਾਲ ਕਾਲਾਧੰਨ ਵਾਪਿਸ ਨਹੀਂ ਆਵੇਗਾ। ਨੋਟਬੰਦੀ ਨੂੰ ਫੇਲ੍ਹ ਦੱਸਦੇ ਹੋਏ ਲਾਲੂ ਪ੍ਰਸਾਦ ਨੇ ਕਿਹਾ, ‘ਨੋਟਬੰਦੀ ਨਾਲ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਸਮਾਪਤ ਕਰਨ ਲਈ ਪੀਐਮ ਮੋਦੀ ਨੇ 50 ਦਿਨ ਦਾ ਸਮਾਂ ਮੰਗਿਆ ਸੀ। ਨੋਟਬੰਦੀ ਦਾ ਫੈਂਸਲਾ ਫੇਲ੍ਹ ਹੋ ਚੁੱਕਿਆ ਹੈ। ਅੱਜ ਹੀ ਮੈਂ ਕੁਝ ਅਰਥਸ਼ਾਸ਼ਤਰੀਆਂ ਨੂੰ ਬੁਲਾਇਆ ਹੈ, ਉਨ੍ਹਾਂ ਦੇ ਨਾਲ ਨੋਟਬੰਦੀ ਦੇ ਲਾਭ ਅਤੇ ਨੁਕਸਾਨ ਤੇ ਵੀ ਚਰਚਾ ਕਰਾਂਗਾ।’
ਲਾਲੂ ਪ੍ਰਸਾਦ ਯਾਦਵ ਨੇ ਇਹ ਵੀ ਕਿਹਾ ਕਿ ਬੀਜੇਪੀ ਕਾਲੇ ਧੰਨ ਦਾ ਸਮੁੰਦਰ ਹੈ। ਭਾਜਪਾਈ ਮੱਗਰਮੱਛ ਨੇ ਗਰੀਬਾਂ ਨੂੰ ਨਿਗਲ ਲਿਆ ਹੈ। ਆਪਣੇ ਕਾਲੇ ਕਾਰਨਾਮਿਆਂ ਨੂੰ ਛੁਪਾਉਣ ਦੇ ਚੱਕਰ ਵਿੱਚ ਇਨ੍ਹਾਂ ਨੇ ਕਾਲਾ ਅਧਿਆਏ ਰਚ ਦਿੱਤਾ।