ਦੀਪੀ ਤੇ ਉਸ ਦੀ ਮੰਮੀ ਸੁਰਜੀਤ ਗੱਲਾਂ ਕਰ ਰਹੀਆਂ ਸਨ ਕਿ ਗੁਆਂਢੀਆਂ ਦੇ ਘਰੋਂ ਰੋਣ ਦੀ ਅਵਾਜ਼ ਆਈ। ਸੁਰਜੀਤ ਨੇ ਕੰਧ ਉੱਪਰ ਦੀ ਦੇਖਿਆ ਤਾਂ ਗਿਆਨ ਕੌਰ ਤਾਈ ਇਧਰ- ਉਧਰ ਘੁੰਮਦੀ ਰੋਂਦੀ ਦਿਸੀ। ਕੋਲ ਹੀ ਇਕ ਬੰਦਾ ਮੰਜੇ ਤੇ ਬੈਠਾ ਸੀ।
“ਤਾਈ, ਕੀ ਹੋਇਆ?” ਸੁਰਜੀਤ ਨੇ ਘਬਰਾ ਕੇ ਪੁੱਛਿਆ।
“ਕੁੜੇ ਸੁਰਜੀਤੋ, ਅਸੀ ਲੁੱਟੇ ਗਏ। ਬਲਬੀਰ ਨੂੰ ਅੱਗ ਲੱਗ ਗਈ।”
“ਭਾਈ, ਘਬਰਾਉ ਨਾ, ਕੁੜੀ ਠੀਕ ਹੈ।” ਕੋਲ ਬੈਠੇ ਬੰਦੇ ਨੇ ਕਿਹਾ।
ਦੀਪੀ ਅਤੇ ਹਰਨਾਮ ਕੌਰ ਉਸੇ ਵੇਲੇ ਗਿਆਨ ਕੌਰ ਕੋਲ ਆ ਗਈਆਂ।
“ਪੁੱਤ ਦੋੜ ਕੇ ਸੈਕਿਲ ਤੇ ਜਾ ਕੇ ਖੂਹ ਤੋਂ ਆਪਣੇ ਤਾਏ ਨੂੰ ਸੱਦ ਲਿਆ।” ਰੌਂਦੀ ਹੋਈ ਗਿਆਨ ਕੌਰ ਨੇ ਦੀਪੀ ਨੂੰ ਕਿਹਾ, ਉਹਨੂੰ ਕੁਝ ਦੱਸੀ ਨਾ, ਬਸ ਸੈਕਿਲ ’ਤੇ ਬੈਠਾ ਲਿਆ।
“ਅੱਗ, ਕਿਦਾਂ ਲੱਗ ਗਈ।” ਹਰਨਾਮ ਕੌਰ ਨੇ ਸੁਨੇਹਾ ਲਿਆਉਣ ਵਾਲੇ ਨੂੰ ਘੋਖਿਆ
“ਮੈਨੂੰ ਤਾਂ ਜੀ ਉਹਨਾ ਇਹ ਹੀ ਦੱਸਿਆ ਕਿ ਸਟੋਵ ਫਟ ਗਿਆ।”
“ਫਟ ਗਿਆ ਜਾਂ ਉਹਨਾਂ ਦਾਦਣਿਆਂ ਨੇ ਜਾਣ ਕੇ ਫਟਾ ਦਿੱਤਾ।” ਗਿਆਨ ਕੌਰ ਰੋਂਦੀ ਨੇ ਆਪਣੀ ਸ਼ੱਕ ਨੂੰ ਜ਼ਬਾਨ ਤੇ ਲਿਆਂਦਾ, “ਔਂਤਰਿਆਂ ਨੇ ਮੇਰੀ ਧੀ ਨੂੰ ਆਪ ਅੱਗ ਲਾਈ ਹੋਵੇਗੀ।” ਇਹ ਕਹਿ ਕੇ ਗਿਆਨ ਕੌਰ ਹੋਰ ਵੀ ਉੱਚੀ ਰੋਣ ਲੱਗ ਪਈ।
ਹਰਨਾਮ ਕੌਰ ਨੇ ਉਸ ਨੂੰ ਕਲਾਵੇ ਵਿਚ ਲੈ ਕੇ ਹੌਸਲਾ ਦੇਣ ਲੱਗੀ। ਛੇਤੀ ਹੀ ਇਹ ਗੱਲ ਸਾਰੇ ਪਿੰਡ ਵਿਚ ਫੈਲ ਗਈ। ਲੋਕੀ ਗਿਆਨ ਕੌਰ ਦੇ ਘਰ ਇੱਕਠੇ ਹੋਣੇ ਸ਼ੁਰੂ ਹੋ ਗਏ। ਸੁਰਜੀਤ ਨੇ ਸੁਨੇਹਾ ਭੇਜ ਕੇ ਖੂਹ ਤੋਂ ਮੁਖਤਿਆਰ ਨੂੰ ਵੀ ਬੁਲਾ ਲਿਆ।
“ਅੱਛਾ, ਮੈਂ ਚੱਲਦਾ ਹਾਂ।” ਸੁਨੇਹਾ ਲਿਆਉਣ ਵਾਲੇ ਬੰਦੇ ਨੇ ਕਿਹਾ, “ਤੁਸੀਂ ਸੀਰੇਵਾਲਿਆਂ ਦੇ ਹਸਪਤਾਲ ਪਹੁੰਚ ਜਾਣਾ, ਕੁੜੀ ਇਸੇ ਹਸਪਤਾਲ ਦਾਖਲ ਆ।”
ਬੰਦੇ ਦੇ ਜਾਣ ਤੋਂ ਬਾਅਦ ਹਰਨਾਮ ਕੌਰ ਨੇ ਮੁਖਤਿਆਰ ਨੂੰ ਕਿਹਾ, “ਕਾਕਾ, ਤੂੰ ਆਪਣੇ ਤਾਏ ਅਤੇ ਤਾਈ ਨੂੰ ਲੈ ਕੇ ਹਸਪਤਾਲ ਪਹੁੰਚ।”
ਪਿੰਡ ਦੇ ਹੋਰ ਵੀ ਕਈ ਲੋਕਾਂ ਨੇ ਕਿਹਾ ਕਿ ਉਹ ਵੀ ਉਹਨਾਂ ਨਾਲ ਹਸਪਤਾਲ ਜਾਣਾ ਚਾਹੁੰਦੇ ਨੇ। ਪਰ ਮੁਖਤਿਆਰ ਗਿਆਨ ਕੌਰ ਅਤੇ ਵੇਲਾ ਸਿੰਘ ਨੂੰ ਮੋਟਰਸਾਈਕਲ ਤੇ ਬੈਠਾ ਕੇ ਲੈ ਗਿਆ।
ਹਸਪਤਾਲ ਪਹੁੰਚ ਕੇ ਉਹਨਾਂ ਦੇਖਿਆ ਕਿ ਬਲਬੀਰ ਬਿਸਤਰ ਤੇ ਪਈ ਜਿੰਦਗੀ ਅਤੇ ਮੌਤ ਦੇ ਵਿਚਕਾਰ ਲੜ ਰਹੀ ਹੈ। ਉਸਦਾ ਚਿਹਰਾ ਏਨਾ ਸੜ ਗਿਆ ਸੀ ਕਿ ਪਹਿਚਾਣੀ ਵੀ ਨਹੀਂ ਸੀ ਜਾਂਦੀ। ਗਿਆਨ ਕੌਰ ਉਸ ਨੂੰ ਦੇਖਦੇ ਸਾਰ ਹੀ ਧਾਹ ਮਾਰ ਕੇ ਰੋਣ ਲਗ ਪਈ। ਮੁਖਤਿਆਰ ਉਸ ਨੁੰ ਫੜ ਕੇ ਕਮਰੇ ਤੋਂ ਬਾਹਰ ਲੈ ਆਇਆ। ਵੇਲਾ ਸਿੰਘ ਬੁੱਤ ਬਣਿਆ ਧੀ ਨੂੰ ਦੇਖੀ ਜਾ ਰਿਹਾ ਸੀ। ਬਲਬੀਰ ਦਾ ਪਰਾਹੁਣਾ ਵੇਲਾ ਸਿੰਘ ਦੇ ਕੋਲ ਆ ਕੇ ਕਹਿਣ ਲੱਗਾ, “ਭਾਪਾ ਜੀ, ਸਟੋਵ…।
ਵੇਲਾ ਸਿੰਘ ਨੇ ਉਸ ਵੱਲ ਗੁੱਸੇ ਨਾਲ ਦੇਖਿਆ ਅਤੇ ਬੋਲਿਆ, “ਚੁੱਪ ਕਰ ੳਏ, ਮੈਂ ਜਾਣਦਾਂ ਤੁਹਾਡੀਆਂ ਸਾਰੀਆਂ ਕਰਤੂਤਾਂ।” ਵੇਲਾ ਸਿੰਘ ਨੇ ਇਹ ਗੱਲ ਏਨੀ ਉੱਚੀ ਕਹੀ ਸੀ ਕਿ ਬਾਹਰ ਮੁਖਤਿਆਰ ਨੂੰ ਵੀ ਸੁਣ ਪਈ। ਉਹ ਦੌੜ ਕੇ ਅੰਦਰ ਆਇਆ ਤੇ ਵੇਲਾ ਸਿੰਘ ਨੂੰ ਬਾਹੋਂ ਫੜ ਕੇ ਬਾਹਰ ਲੈ ਆਇਆ ਅਤੇ ਸਮਝਾਉਂਦਾ ਹੋਇਆ ਕਹਿਣ ਲੱਗਾ,
“ਤਾਇਆ ਜੀ, ਆਪਾਂ ਇਹਨਾਂ ਕਮੀਨਿਆਂ ਦੇ ਮੂੰਹ ਨਹੀਂ ਲੱਗਣਾ।”
“ਮੈਂ ਤਾਂ ਸਾਰਾ ਲਾਣਾ ਅੰਦਰ ਕਰਵਾ ਕੇ ਸਾਹ ਲਊਂ।”
ੳਦੋਂ ਹੀ ਬਲਬੀਰ ਦੇ ਮਾਂਮੇ ਦਾ ਪੁੱਤ ਪਾਲਾ ਪੁਲੀਸ ਲੈ ਕੇ ਪਹੁੰਚ ਗਿਆ। ਪੁਲੀਸ ਨੇ ਮੋਟੇ ਮੋਟੇ ਬਿਆਨ ਵੇਲਾ ਸਿੰਘ ਅਤੇ ਗਿਆਨ ਕੌਰ ਦੇ ਲਏ ਤਾਂ ਬਲਬੀਰ ਦੇ ਸਾਰੇ ਸਹੁਰੇ ਪਰਿਵਾਰ ਨੂੰ ਹੱਥਕੜੀਆਂ ਲਾ ਲਈਆਂ। ਥਾਣੇਦਾਰ ਬਲਬੀਰ ਦੇ ਬਿਆਨ ਲੈਣ ਲਈ ਜਾਂ ਉਸ ਨੂੰ ਦੇਖਣ ਲਈ ਅੰਦਰ ਚਲਾ ਗਿਆ। ਉਸ ਦੇ ਪਿੱਛੇ ਹੀ ਗਿਆਨ ਕੌਰ ਫਿਰ ਅੰਦਰ ਚਲੀ ਗਈ। ਮੁਖਤਿਆਰ ਵੀ ਉਸ ਨੂੰ ਸਹਾਰਾ ਦੇਂਦਾ ਹੋਇਆ ਉਸ ਦੇ ਨਾਲ ਤੁਰ ਪਿਆ। ਅੰਦਰ ਜਾ ਕੇ ਦੇਖਿਆ ਡਾਕਟਰ ਬਲਬੀਰ ਦੇ ਮੂੰਹ ਉੱਪਰ ਕਪੜਾ ਪਾ ਰਿਹਾ ਸੀ। ਮੁਖਤਿਆਰ ਵੱਲ ਦੇਖ ਕੇ ਉਸ ਨੇ ਸਹਿਜ ਨਾਲ ਇਸ਼ਾਰਾ ਕੀਤਾ ਕਿ ਬਲਬੀਰ ਇਸ ਦੁਨੀਆ ਤੋਂ ਜਾ ਚੁੱਕੀ ਆ। ਗਿਆਨ ਕੌਰ ਦੀਆਂ ਚੀਕਾਂ ਸਾਰੇ ਹਸਪਤਾਲ ਵਿਚ ਸੁਣਨ ਲੱਗੀਆਂ। ੳਦੋਂ ਹੀ ਹਰਨਾਮ ਕੌਰ ਤੇ ਇੰਦਰ ਸਿੰਘ ਵੀ ਪਹੁੰਚ ਗਏ। ਵੇਲਾ ਸਿੰਘ ਤਾਂ ਜਿਵੇਂ ਸੁਦਾਈ ਹੋ ਗਿਆ ਹੋਵੇ। ਉਸ ਨੂੰ ਪਤਾ ਹੀ ਕੁਝ ਨਹੀਂ ਸੀ ਲੱਗ ਰਿਹਾ।
ਦੁਪਿਹਰ ਨੂੰ ਸਾਰੇ ਰੋਂਦੇ ਕੁਰਲਾਂਦੇ ਬਲਬੀਰ ਦੀ ਲਾਸ਼ ਲੈ ਕੇ ਘਰ ਆ ਗਏ। ਗਿਆਨ ਕੌਰ ਦੇ ਘਰ ਸੱਥਰ ਵਿਛ ਗਿਆ।
ਮਹੀਨਾ ਭਰ ਅਫਸੋਸ ਕਰਨ ਵਾਲਿਆਂ ਦਾ ਆਣਾ ਜਾਣਾ ਲਗਾਤਾਰ ਵੇਲਾ ਸਿੰਘ ਦੇ ਘਰ ਰਿਹਾ। ਦੋਨੋ ਜੀਅ ਦੁੱਖ ਨਾਲ ਪਹਿਲੇ ਨਾਲੋ ਅੱਧੇ ਰਹਿ ਗਏ।