ਫ਼ਤਹਿਗੜ੍ਹ ਸਾਹਿਬ – ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਸ੍ਰੀ ਰਾਮਦੇਵ ਵਰਗੇ ਅਤੇ ਹੋਰ ਹਕੂਮਤੀ ਪੱਧਰ ਤੇ ਉੱਚ ਅਹੁਦਿਆਂ ਅਤੇ ਸਿਆਸਤ ਉਤੇ ਬੈਠੇ ਲੋਕ ਅੱਜ ਵੀ ਆਪੋ-ਆਪਣੇ ਕਰੋੜਾਂ-ਅਰਬਾਂ ਦੇ ਕਾਰੋਬਾਰਾਂ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ ਪੱਧਰ ਤੇ ਗੁੰਮਰਾਹ ਕਰਦੇ ਨਜ਼ਰ ਆ ਰਹੇ ਹਨ, ਜਿਵੇਂ ਕਿ ਬਾਬਾ ਰਾਮਦੇਵ ਜੋ ਵਸਤਾਂ ਤਿਆਰ ਕਰਦਾ ਹੈ ਜਾਂ ਮਨੁੱਖੀ ਸਰੀਰ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦੀ ਸੋਚ ਅਧੀਨ ਦਵਾਈਆਂ ਦਾ ਨਾਮ ਦੇ ਕੇ ਸਮਾਨ ਤਿਆਰ ਕਰਦੇ ਹਨ, ਉਸ ਵਿਚ ਗਊ ਦਾ ਗੋਹਾ ਅਤੇ ਉਸਦੇ ਪਿਸ਼ਾਬ ਤੋਂ ਅਜਿਹੀਆਂ ਵਸਤਾਂ ਬਣਾਈਆਂ ਜਾਂਦੀਆਂ ਹਨ ਅਤੇ ਇਥੋਂ ਦੀ ਜਨਤਾ ਨੂੰ ਸਰੀਰਕ ਮੁਸ਼ਕਿਲਾਂ ਤੋਂ ਨਿਜਾਤ ਦਿਵਾਉਣ ਅਤੇ ਉਹਨਾਂ ਨੂੰ ਸਾਫ਼-ਸੁਥਰੀਆਂ ਖਾਣ ਵਾਲੀਆਂ ਵਸਤਾਂ ਪ੍ਰਦਾਨ ਕਰਨ ਨੂੰ ਨਜ਼ਰ ਅੰਦਾਜ ਕਰਕੇ ਹੋਰ ਵੀ ਡੂੰਘੀ ਖਾਈ ਵਿਚ ਧਕੇਲਿਆ ਜਾ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੇ ਪਸੂਆਂ, ਜਾਨਵਰਾਂ ਦੇ ਮਲ-ਮੂਤਰ ਤੋਂ ਤਿਆਰ ਕਰਨ ਵਾਲੀਆ ਵਸਤਾਂ ਜੋ ਹੋਰ ਵੀ ਵੱਡੀਆਂ ਪੇਚਿਦਾ ਮੁਸ਼ਕਿਲਾਂ ਤੇ ਬਿਮਾਰੀਆਂ ਪੈਦਾ ਕਰਦੀਆਂ ਹਨ, ਉਹਨਾਂ ਵਸਤਾਂ ਨੂੰ ਤਿਆਰ ਕਰਨ ਅਤੇ ਵੇਚਣ ਲਈ ਸਿਆਸਤਦਾਨਾਂ ਅਤੇ ਉੱਚ ਅਹੁਦਿਆਂ ਤੇ ਬੈਠੇ ਲੋਕਾਂ ਵੱਲੋਂ ਪ੍ਰਚਾਰ ਕਰਨਾ ਅਤਿ ਮੰਦਭਾਗਾ ਅਤੇ ਜਨਤਾ ਦੇ ਸਰੀਰ ਅਤੇ ਆਤਮਾ ਨਾਲ ਖਿਲਵਾੜ ਕਰਨ ਵਾਲੇ ਅਮਲ ਹਨ। ਜਿਸ ਦੀ ਪੁਰਜੋਰ ਨਿਖੇਧੀ ਕਰਦਾ ਹਾਂ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰਿਆਣਾ ਦੇ ਚੀਫ਼ ਮਨਿਸਟਰ, ਖੇਤੀ ਵਜ਼ੀਰ ਓਥਪੀਥ ਧਨਕਰ ਅਤੇ ਹਿਮਾਚਲ ਦੇ ਗਵਰਨਰ ਅਚਾਰੀਆ ਦੇਵਰਤ ਵੱਲੋਂ ਗਊ ਦੇ ਗੋਹੇ ਤੇ ਮਲ-ਮੂਤਰ ਤੋਂ ਤਿਆਰ ਕੀਤੀਆਂ ਜਾਣ ਵਾਲੀਆਂ ਵਸਤਾਂ ਦਵਾਈਆਂ ਦੇ ਵਰਕਸ਼ਾਪ ਦਾ ਬੀਤੇ ਦਿਨੀਂ ਉਦਘਾਟਨ ਕਰਨ ਦੇ ਹੋ ਰਹੇ ਅਮਲਾਂ ਅਤੇ ਬਾਬਾ ਰਾਮਦੇਵ ਵਰਗਿਆਂ ਵੱਲੋਂ ਪ੍ਰਚਾਰ ਦੇ ਆਧਾਰ ਤੇ ਵਸਤਾਂ ਤਿਆਰ ਕਰਕੇ ਵੇਚਣ ਦੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਅਤੇ ਜਨਤਾ ਨੂੰ ਗੁੰਮਰਾਹ ਕਰਨ ਵਾਲਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸਿੱਖ ਧਰਮ ਅਤੇ ਸਿੱਖ ਕੌਮ ਨੇ ਆਪਣੇ ਜਨਮ ਤੋ ਹੀ ਅਜਿਹੇ ਪਾਖੰਡਾਂ, ਕਰਮ-ਕਾਂਡਾ ਦੀ ਵਿਰੋਧਤਾ ਕੀਤੀ ਹੈ ਅਤੇ ਇਨਸਾਨੀ ਜਿੰਦਗੀ ਨੂੰ ਸਹੀ ਸੋਚ ਉਤੇ ਅਮਲ ਕਰਨ ਅਤੇ ਆਪਣੇ-ਆਪ ਨੂੰ ਸਵੱਸਤਾ ਨਾਲ ਦ੍ਰਿੜ ਕਰਨ ਦਾ ਸੰਦੇਸ਼ ਦਿੱਤਾ ਹੈ । ਸਾਡੇ ਗੁਰੂ ਸਾਹਿਬਾਨ ਨੇ ਇਹਨਾਂ ਗੱਲਾਂ ਤੇ ਕਾਰਵਾਈਆਂ ਨੂੰ ਕਾਫ਼ੀ ਲੰਮਾ ਸਮਾਂ ਪਹਿਲਾ ਹੀ ਬਾਦਲੀਲ ਢੰਗ ਨਾਲ ਵਿਰੋਧਤਾ ਕਰਦੇ ਹੋਏ ਸਿੱਖਾਂ ਨੂੰ ਸਾਫ਼-ਸੁਥਰੀ, ਪਾਖੰਡਾਂ ਤੇ ਕਰਮ-ਕਾਂਡਾ ਤੋ ਰਹਿਤ, ਵਹਿਮਾਂ-ਭਰਮਾਂ ਤੋ ਦੂਰ ਵਾਲੀ ਸਾਦੀ ਜਿੰਦਗੀ ਬਤੀਤ ਕਰਨ ਅਤੇ ਕਿਸੇ ਵੀ ਇਨਸਾਨ ਨਾਲ ਧੌਖਾ-ਫਰੇਬ, ਬੇਈਮਾਨੀ ਨਾ ਕਰਨ ਦਾ ਸੰਦੇਸ਼ ਦਿੱਤੇ ਹਨ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਅੱਜ ਬਾਬਾ ਰਾਮਦੇਵ ਵਰਗੇ ਕਈ ਬਾਬੇ ਅਤੇ ਕਈ ਆਪਣੇ ਨਾਮਾਂ ਨਾਲ ਅਚਾਰੀਆ ਜਾਂ ਆਯੂਰਵੈਦਿਕਤਾ ਦਾ ਪ੍ਰਚਾਰ ਕਰਕੇ ਅੱਜ ਵੀ ਜਨਤਾ ਨੂੰ ਕੇਵਲ ਗੁੰਮਰਾਹ ਹੀ ਨਹੀਂ ਕਰ ਰਹੇ, ਬਲਕਿ ਡੰਗਰ-ਪਸੂਆਂ ਦੇ ਮਲ-ਮੂਤਰ ਤੋਂ ਖਾਣ ਵਾਲੀਆਂ ਵਸਤਾਂ ਤੇ ਦਵਾਈਆਂ ਤਿਆਰ ਕਰਕੇ ਮਨੁੱਖਤਾ ਨਾਲ ਖਿਲਵਾੜ ਕਰ ਰਹੇ ਹਨ । ਜਿਸ ਤੋਂ ਇਥੋਂ ਦੇ ਨਿਵਾਸੀਆਂ ਉਚੇਚੇ ਤੌਰ ਤੇ ਸਿੱਖ ਕੌਮ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਕਿ ਇਹ ਵਪਾਰੀ ਸੋਚ ਵਾਲੇ ਬਾਬੇ, ਸਿਆਸਤਦਾਨ ਆਪਣੇ ਕਾਰੋਬਾਰਾਂ ਨੂੰ ਵਧਾਉਣ ਲਈ ਜਨਤਾ ਦੇ ਮਿਹਨਤ ਨਾਲ ਕਮਾਏ ਹੋਏ ਪੈਸੇ ਨੂੰ ਲੁੱਟ ਨਾ ਸਕਣ ਤੇ ਬਰਬਾਦ ਨਾ ਕਰ ਸਕਣ ।