ਨਵੀਂ ਦਿੱਲੀ : ਸਿੱਖ ਮਸਲਿਆਂ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਝੂਠ ਦਾ ਬਾਰ-ਬਾਰ ਪਰਦਾਫਾਸ਼ ਕਰਨ ਦੇ ਕਾਰਨ ਕੇਜਰੀਵਾਲ ਡਰ ਕੇ ਨੀਵੇਂ ਪੱਧਰ ਦੀ ਸਿਆਸੀ ਬਦਲਾਖੋਰੀ ’ਤੇ ਉੱਤਰ ਆਏ ਹਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਦਲ ਦੇ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ ਨੇ ਉਕਤ ਇਲਜ਼ਾਮ ਪਾਰਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਜਰੀਵਾਲ ਤੇ ਲਗਾਏ। ਜੀ.ਕੇ. ਨੇ ਦੱਸਿਆ ਕਿ ਦਿੱਲੀ ਕਮੇਟੀ ਨੇ ਪਿਛਲੇ 22 ਮਹੀਨੀਆਂ ਦੇ ਕੇਜਰੀਵਾਲ ਰਾਜ ਦੌਰਾਨ ਸਿੱਖ ਮਸਲਿਆਂ ’ਤੇ ਉਨ੍ਹਾਂ ਦੀ ਕਥਨੀ ਅਤੇ ਕਰਨੀ ਦੇ ਫਰਕ ਨੂੰ ਕੌਮ ਦੇ ਵਡੇਰੇ ਹਿੱਤਾਂ ਨੂੰ ਮੁੱਖ ਰਖਦੇ ਉਜਾਗਰ ਕੀਤਾ ਸੀ। ਅਸੀਂ ਕੇਜਰੀਵਾਲ ਦੇ ਆਡੰਬਰ ਨੂੰ ਤਾਰ-ਤਾਰ ਕਰ ਦਿੱਤਾ ਸੀ ਜਿਸਦੀ ਖਿਝ ਮਿਟਾਉਣ ਲਈ ਕੇਜਰੀਵਾਲ ਹੁਣ ਮਾੜੀ ਸਿਆਸਤ ’ਤੇ ਉਤਰ ਆਏ ਹਨ।
ਜੀ.ਕੇ. ਨੇ ਕਿਹਾ ਕਿ 1984 ਸਿੱਖ ਕਤਲੇਆਮ ਪੀੜਤਾਂ ਨੂੰ ਦਿੱਲੀ ਸਰਕਾਰ ਵੱਲੋਂ 5 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਝੂਠ, ਕਤਲੇਆਮ ਲਈ ਬਣਾਈ ਗਈ ਐਸ. ਆਈ. ਟੀ. ਦੀ ਫਾਈਲ ਗੁਆਚ ਜਾਣਾ, ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਗਲਵਕੜੀ ’ਚ ਲੈਕੇ ਫੋਟੋ ਖਿਚਵਾਉਣਾ, ਦਿੱਲੀ ਦੀ ਜਿੱਤ ਦਾ ਸਿਹਰਾ ਨਿਰੰਕਾਰੀ ਮੁੱਖੀ ਨੂੰ ਦੇਣਾ, ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਨੂੰ ਤੋੜਨ ਦੀ ਕੋਸ਼ਿਸ਼ ਕਰਨਾ, ਦਿੱਲੀ ਦੇ ਸਰਕਾਰੀ ਸਕੂਲਾਂ ’ਚ ਪੰਜਾਬੀ ਅਧਿਆਪਕਾਂ ਦੀ ਕਮੀ ਨੂੰ ਉਜਾਗਰ ਕਰਨਾ, ਪੰਜਾਬੀ ਅਤੇ ਉਰਦੁੂ ਦੇ ਗੈਸਟ ਟੀਚਰਾਂ ਦੀ ਭਰਤੀ ਦੇ ਗੈਰਕਾਨੂਨੀ ਕਾਇਦੇ ਲਗਾਉਣਾ, ਜਮਾਤ 9ਵੀਂ ਤੋਂ ਪੰਜਾਬੀ ਅਤੇ ਹੋਰ ਖੇਤਰੀ ਭਾਸ਼ਾਵਾਂ ਨੂੰ ਕਿੱਤਾ ਮੁੱਖੀ ਲਾਗੂ ਕਰਨ ਦੇ ਨਾਮ ’ਤੇ ਹਟਾਉਣਾ, ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਨੂੰ ਮੰਜੂਰੀ ਨਾ ਦੇਣਾ, ਖਾਲਸਾ ਸਿਰਜਣਾ ਦਿਹਾੜੇ ’ਤੇ ਸਰਕਾਰੀ ਸਕੂਲਾਂ ਦੀ ਛੁੱਟੀ ਖਾਰਿਜ਼ ਕਰਨਾ, ਬਾਰਾਪੂਲਾ ਫਲਾਈਓਵਰ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ’ਤੇ ਰੱਖਣ ਦਾ ਐਲਾਨ ਕਰਨ ਦੇ ਬਾਵਜੂਦ ਨਾਂ ਨਾ ਰੱਖਣਾ, ਦਿੱਲੀ ਵਿਧਾਨਸਭਾ ਵਿੱਚ ਇਤਿਹਾਸ ਨੂੰ ਤੋੜ-ਮਰੋੜ ਕੇ ਭਗਤ ਸਿੰਘ ਦਾ ਟੋਪੀ ਵਾਲਾ ਬੁੱਤ ਲਗਾਉਣਾ, ਪਹਿਲੀ ਵਾਰ ਗੈਰਸਿੱਖ ਮੰਤਰੀ ਦੇ ਹੱਥ ’ਚ ਗੁਰਦੁਆਰਾ ਚੋਣ ਮੰਤਰਾਲਾ ਦੇ ਕੇ 70 ਹਜਾਰ ਸਿੱਖਾਂ ਦੇ ਵੋਟ ਕੱਟਣਾ, ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਦੀ ਪਾਬੰਦੀਸ਼ੁਦਾ ਛੁੱਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੈਲੇਂਡਰ ਦੇ ਖਿਲਾਫ਼ ਜਾਂਦੇ ਹੋਏ ਐਲਾਨਨਾ, ਗੁਰੂ ਸਾਹਿਬ ਦੇ ਨਾਂ ’ਤੇ ਬਣੇ 2 ਉੱਚ ਵਿਦਿੱਅਕ ਅਦਾਰਿਆਂ ਨੂੰ ਇਸ ਸਾਲ ਦਾਖਿਲੇ ਲਈ ਸੀਟਾਂ ਨਾ ਦੇਣਾ, ਦਿੱਲੀ ਦੇ ਰੈਣ ਬਸੇਰਿਆਂ ’ਚ ਤਿੰਨ ਮਹੀਨੇ ਦੌਰਾਨ ਨਸ਼ੇ ਕਰਕੇ ਹੋਈ 402 ਲੋਕਾਂ ਦੀ ਹੋਈਆਂ ਮੌਤਾਂ ਦਾ ਖੁਲਾਸਾ ਕਰਨਾ ਅਤੇ ਦਿੱਲੀ ’ਚ ਸ਼ਰਾਬ ਦੇ ਠੇਕੇ, ਬੀਅਰ ਬਾਰ ਤੇ ਹੁੱਕਾ ਬਾਰ ਨੂੰ ਸੈਂਕੜਿਆਂ ਦੀ ਤਦਾਦ ਵਿੱਚ ਨਿਯਮਾਂ ਨੂੰ ਨਜਰਅੰਦਾਜ ਕਰਕੇ ਖੋਲ੍ਹਣਾ ਆਦਿ ਮਸਲਿਆਂ ’ਤੇ ਅਕਾਲੀ ਦਲ ਦੀ ਸਰਗਰਮੀ ਕੇਜਰੀਵਾਲ ਨੂੰ ਰਾਸ ਨਹੀਂ ਆਈ।
ਜੀ.ਕੇ. ਨੇ ਕਿਹਾ ਕਿ ਜਦੋਂ ਵੀ ਅਸੀਂ ਕੇਜਰੀਵਾਲ ਨੂੰ ਕਿਸੇ ਵੀ ਮਸਲੇ ’ਤੇ ਘੇਰਿਆ ਤਾਂ ਪੂਰੇ ਤਥਾਂ ਨੂੰ ਮੀਡੀਆ ਦੇ ਸਾਹਮਣੇ ਰੱਖਿਆ। ਜਿਸ ਕਾਰਨ ਹਰ ਵਾਰ ਆਮ ਆਦਮੀ ਪਾਰਟੀ ਆਪਣੇ ਬਚਾਵ ਵਿੱਚ ਦਲੀ ਦੇਣ ’ਚ ਨਾਕਾਮਯਾਬ ਰਹੀ ਸੀ । ਜੀ.ਕੇ. ਨੇ ਕਿਹਾ ਕਿ ਸਿੱਖ ਮਸਲਿਆਂ ’ਤੇ ਲਗਾਤਾਰ ਕੇਜਰੀਵਾਲ ਦੇ ਸਿੱਖ ਵਿਰੋਧੀ ਚਿਹਰੇ ਦਾ ਨਕਾਬ ਕਮੇਟੀ ਵੱਲੋਂ ਉਤਾਰਣ ਦੇ ਕਾਰਨ ਹੁਣ ਦਿੱਲੀ ਸਰਕਾਰ ਗੈਰਕਾਨੂਨੀ ਤਰੀਕੇ ਨਾਲ ਸਾਜਿਸ਼ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਕਮੇਟੀ ਚੋਣਾਂ ਲੜਨ ਲਈ ਮਿਲੀ ਮਾਨਤਾ ਨੂੰ ਖਤਮ ਕਰਨ ’ਤੇ ਉਤਰ ਆਈ ਹੈ। ਇਸ ਸੰਬੰਧ ਵਿੱਚ ਦਿੱਲੀ ਗੁਰਦੁਆਰਾ ਚੋਣ ਬੋਰਡ ਦੇ ਦਫ਼ਤਰ ਮੁੱਖੀ ਜੋਗਿੰਦਰ ਸਿੰਘ ਵੱਲੋਂ 16 ਦਸੰਬਰ 2016 ਨੂੰ ਅਕਾਲੀ ਦਲ ਦੀ ਮਾਨਤਾ ਬਚਾਉਣ ਲਈ ਸੋਸਾਇਟੀ ਐਕਟ ਦੇ ਤਹਿਤ ਕਾਗਜਾਤ ਪੇਸ਼ ਕਰਨ ਲਈ ਜੀ.ਕੇ. ਨੂੰ ਭੇਜੇ ਗਏ ਪੱਤਰ ਦੀ ਕਾੱਪੀ ਵੀ ਦਿਖਾਈ।
ਜੀ.ਕੇ. ਨੇ 11 ਅਕਤੂਬਰ 1999 ਨੂੰ ਪ੍ਰਕਾਸ਼ਿਤ ਦਿੱਲੀ ਗਜਟ ’ਚ ਅਕਾਲੀ ਦਲ ਨੂੰ ਸੁਰੱਖਿਅਤ ਚੋਣ ਨਿਸ਼ਾਨ ਦੇ ਰੂਪ ਵਿੱਚ ਮਿਲੇ ਬਾਲਟੀ ਚੋਣ ਨਿਸ਼ਾਨ ਤੇ ਦਿੱਲੀ ਹਾਈਕੋਰਟ ਦੇ ਜਸਟਿਸ ਰਾਜੀਵ ਸ਼ਕਰਧਰ ਵੱਲੋਂ 20 ਦਸੰਬਰ 2012 ਨੂੰ ਜਸਜੀਤ ਸਿੰਘ ਅਤੇ ਹੋਰਨਾਂ ਦੇ ਕੇਸ ਵਿੱਚ ਦਿੱਲੀ ਸਰਕਾਰ ਦੇ ਵਕੀਲ ਰਾਜੀਵ ਨੰਦਾ ਵੱਲੋਂ ਸੁਰੱਖਿਅਤ ਚੋਣ ਨਿਸ਼ਾਨ ਦੇ ਬਾਰੇ ਵਿੱਚ ਦਿੱਤੀਆਂ ਗਈ ਦਲੀਲਾਂ ਦਾ ਵੀ ਸਬੂਤਾਂ ਨਾਲ ਹਵਾਲਾ ਦਿੱਤਾ । ਜੀ.ਕੇ. ਨੇ ਦੱਸਿਆ ਕਿ ਐਡਵੋਕੇਟ ਨੰਦਾ ਨੇ ਆਪਣੀ ਦਲੀਲਾਂ ਦੌਰਾਨ ਅਕਾਲੀ ਦਲ ਅਤੇ 2 ਹੋਰ ਪੁਰਾਣੀ ਰਜਿਸ਼ਟਰਡ ਪਾਰਟੀਆਂ ਲਈ ਸੋਸਾਇਟੀ ਐਕਟ ’ਚ ਰਜਿਸਟਰਡ ਹੋਣ ਨੂੰ ਗੈਰਜਰੂਰੀ ਦੱਸਕੇ ਇਨ੍ਹਾਂ ਤਿੰਨਾਂ ਪਾਰਟੀਆਂ ਨੂੰ ‘‘ਲੋਕਾਂ ਦਾ ਸਮੂਹ’’ ਦੱਸਦੇ ਹੋਏ ਰਾਹਤ ਦੇਣ ਦੀ ਗੱਲ ਕਹੀ ਸੀ, ਜਿਸਨੂੰ ਜਸਟਿਸ ਸ਼ਕਰਧਰ ਨੇ ਆਪਣੇ ਫ਼ੈਸਲੇ ਵਿੱਚ ਮੰਨਿਆ ਸੀ ਤੇ ਉਸੇ ਕਰਕੇ ਅਸੀਂ 2013 ਦੀਆਂ ਚੋਣਾਂ ਆਪਣੇ ਨਿਸ਼ਾਨ ’ਤੇ ਲੜਿਆ ਸਨ।
ਜੀ.ਕੇ. ਨੇ ਕਿਹਾ ਕਿ ਬਿਨਾਂ ਕਿਸੇ ਅਦਾਲਤੀ ਆਦੇਸ਼ ਜਾਂ ਰੂਕਾਵਟ ਦੇ ਦਲ ਦੇ ਚੋਣ ਨਿਸ਼ਾਨ ਨੂੰ ਖ਼ਤਮ ਕਰਣ ਦੀ ਸ਼ੁਰੂ ਹੋਈ ਕਾਰਵਾਹੀ ਦੇ ਪਿੱਛੇ ਸਿਆਸੀ ਬਦਲੇ ਦੀ ਭਾਵਨਾ ਸਾਫ਼ ਨਜ਼ਰ ਆ ਰਹੀ ਹੈ । ਸਮਾਜਿਕ ਇਨਸਾਫ਼ ਦੀ ਪਰਿਕ੍ਰਿਆ ਨੂੰ ਨਜਰਅੰਦਾਜ ਕਰਕੇ ਚੋਣ ਪਰਿਕ੍ਰਿਆ ਦੇ ਦੌਰਾਨ ਕੀਤੇ ਜਾ ਰਹੇ ਪੱਤਰ ਵਿਵਹਾਰ ਨੂੰ ਗੈਰਵਿਵਹਾਰਿਕ ਦੱਸਦੇ ਹੋਏ ਜੀ.ਕੇ. ਨੇ ਕੇਜਰੀਵਾਲ ਨੂੰ ਸਿਆਸੀ ਲੜਾਈ ਸਿਆਸੀ ਤਰੀਕੇ ਨਾਲ ਲੜਨ ਦੀ ਸਲਾਹ ਦਿੱਤੀ । ਜੀ.ਕੇ. ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਖਿਸਕਦੀ ਜਮੀਨ ਦੇ ਪਿੱਛੇ ਅਕਾਲੀ ਦਲ ਦੀ ਦਿੱਲੀ ਇਕਾਈ ਦੀ ਭੂਮਿਕਾ ਨੂੰ ਕੇਜਰੀਵਾਲ ਬਾਖੂਬੀ ਮੰਨਦੇ ਹਨ। ਇਸ ਕਾਰਨ ਸਿੱਧੇ ਤਰੀਕੇ ਦੀ ਵਰਤੋਂ ਕਰਕੇ ਅਕਾਲੀ ਦਲ ਨਾਲ ਭਿੜਨ ਦੀ ਬਜਾਏ ਕੇਜਰੀਵਾਲ ਪਰਦੇ ਦੇ ਪਿੱਛੋਂ ਆਪਣੀ ਜਥੇਬੰਦੀ ‘‘ਪੰਥਕ ਸੇਵਾ ਦਲ’’ ਨੂੰ ਫਾਇਦਾ ਪਹੁੰਚਾਉਣ ਲਈ ਵਿਊਂਤ ਬਣਾ ਰਹੇ ਹਨ। ਜੀ.ਕੇ. ਨੇ ਅਕਾਲੀ ਦਲ ਦਾ ਸੁਰੱਖਿਅਤ ਚੋਣ ਨਿਸ਼ਾਨ ਬਾਲਟੀ ਜੱਬਤ ਕਰਨ ਦੀ ਵੀ ਕੇਜਰੀਵਾਲ ਨੂੰ ਚੁਣੌਤੀ ਦਿੱਤੀ।
ਕਾਲਕਾ ਨੇ ਕੇਜਰੀਵਾਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਰੋਧੀ ਲਾਬੀ ਦਾ ਮੁੱਖੀ ਦੱਸਦੇ ਹੋਏ ਕਪਿਲ ਮਿਸ਼ਰਾ ਵੱਲੋਂ ਕੇਜਰੀਵਾਲ ਦੇ ਇਸ਼ਾਰਿਆਂ ’ਤੇ ਗੁਰਦੁਆਰਾ ਰਾਜਨੀਤੀ ਵਿੱਚ ਦਖਲਅੰਦਾਜੀ ਕਰਨ ਦਾ ਦੋਸ਼ ਲਗਾਇਆ। ਕਾਲਕਾ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਹੁਣ ਟੋਪੀ ਵਾਲੇ ਗੁਰੁਦਵਾਰਿਆਂ ਦਾ ਪ੍ਰਬੰਧ ਸੰਭਾਲਣਗੇ। ਪੰਥਕ ਸੇਵਾ ਦਲ ਨੂੰ ਜਿਤਵਾਉਣ ਲਈ ਕੇਜਰੀਵਾਲ ਵੱਲੋਂ ਆਪਣਾਏ ਜਾ ਰਹੇ ਹਥਕੰਡਿਆਂ ਨੂੰ ਕਾਲਕਾ ਨੇ ਹਤਾਸ਼ਾ ਭਰੀ ਸਿਆਸਤ ਦੱਸਦੇ ਹੋਏ ਕਿਹਾ ਕਿ ਕੇਜਰੀਵਾਲ ਆਪਣੇ ਸਿੱਖ ਵਿਰੋਧੀ ਕਾਰਨਾਮੀਆਂ ਨੂੰ ਹੁਣ ਛੁਪਾ ਨਹੀਂ ਸੱਕਦੇ । ਉਨ੍ਹਾਂ ਦੀ ਹਰ ਕਾਰਵਾਈ ਸਿੱਖਾਂ ਦੇ ਖਿਲਾਫ ਮਨ ਵਿੱਚ ਨਫ਼ਰਤ ਹੋਣ ਦਾ ਸਾਫ਼ ਸੰਕੇਤ ਦਿੰਦੀ ਹੈ। ਸਿੱਖ ਅਦਾਰਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਾਂਗਰਸ ਤੋਂ ਕੇਜਰੀਵਾਲ ਦੀ ਸਿੱਖ ਵਿਰੋਧੀ ਮਾਨਸਿਕਤਾ ਦੇ ਅੱਗੇ ਨਿਕਲਣ ਦਾ ਕਾਲਕਾ ਨੇ ਦਾਅਵਾ ਕੀਤਾ ।