ਫ਼ਤਹਿਗੜ੍ਹ ਸਾਹਿਬ – 8 ਦਸੰਬਰ 2016 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਹੋਏ ਸਰਬੱਤ ਖ਼ਾਲਸੇ ਦੀ ਕਾਮਯਾਬੀ ਉਪਰੰਤ ਖ਼ਾਲਸਾ ਪੰਥ ਵਿਚ ਸਰਬੱਤ ਖ਼ਾਲਸਾ ਜਥੇਬੰਦੀਆਂ ਦੀ ਕਾਰਗੁਜਾਰੀ ਪ੍ਰਤੀ ਬਹੁਤ ਵੱਡਾ ਉਤਸ਼ਾਹ ਉਭਰਕੇ ਪ੍ਰਤੱਖ ਰੂਪ ਵਿਚ ਸਾਹਮਣੇ ਆ ਰਿਹਾ ਹੈ । ਉਸ ਕੌਮੀ ਜ਼ਜਬੇ ਦੀ ਤਾਕਤ ਨੂੰ ਸਹੀ ਦਿਸ਼ਾ ਵੱਲ ਲਗਾਕੇ ਜੇਕਰ ਖ਼ਾਲਸਾ ਪੰਥ ਫੈਸਲਾਕੁੰਨ ਨਤੀਜੇ ਕੱਢ ਸਕੇ ਤਾਂ ਆਉਣ ਵਾਲੇ ਸਮੇਂ ਵਿਚ ਪੰਥਕ ਮਸਲਿਆਂ ਨੂੰ ਦ੍ਰਿੜਤਾ ਨਾਲ ਹੱਲ ਕੀਤਾ ਜਾ ਸਕੇਗਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਵੱਲੋਂ ਆਪਣੀ ਕੌਮੀ ਸੋਚ ਨੂੰ ਅੱਗੇ ਵਧਾਉਣ ਅਤੇ ਆਪਣੇ ਮਹਾਨ ਸ਼ਹੀਦਾਂ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਿਹ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੀਆਂ ਸ਼ਹਾਦਤਾਂ ਨੂੰ ਨਤਮਸਤਕ ਹੁੰਦੇ ਹੋਏ ਹਰ ਸਾਲ ਦੀ ਤਰ੍ਹਾਂ ਰੇਲਵੇ ਲਾਇਨ ਦੀ ਨਜ਼ਦੀਕ ਰੋਜਾ ਸਰੀਫ਼ ਦੇ ਸਾਹਮਣੇ ਸਰਬੱਤ ਖ਼ਾਲਸਾ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਵੱਡੀ ਕਾਨਫਰੰਸ ਕੀਤੀ ਜਾ ਰਹੀ ਹੈ। ਜਿਸ ਵਿਚ ਸਰਬੱਤ ਖ਼ਾਲਸਾ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਪੰਥਕ ਸਖਸ਼ੀਅਤਾਂ ਕੌਮੀ ਸਟੇਜ ਤੇ ਵਿਚਾਰਾਂ ਕਰਨ ਅਤੇ ਅਗਲੇ ਪ੍ਰੋਗਰਾਮ ਦੀ ਜਾਣਕਾਰੀ ਦੇਣ ਲਈ ਪਹੁੰਚ ਰਹੀਆ ਹਨ । ਇਸ ਪੰਥਕ ਸ਼ਹੀਦੀ ਸਟੇਜ ਤੋ ਬਾਬਾ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸੰਗਤਾਂ ਨੂੰ ਆਪਣੇ ਕੌਮੀ ਇਤਿਹਾਸ ਨਾਲ ਜੋੜਨ ਅਤੇ ਧਾਰਮਿਕ ਸੇਧ ਦੇਣ ਹਿੱਤ 25 ਦਸੰਬਰ ਅਤੇ 26 ਦਸੰਬਰ ਦੀ ਸਵੇਰ ਸਮੇਂ ਅਤੇ ਸ਼ਾਮ ਸਮੇਂ ਦੀਵਾਨ ਸਜਾਉਣਗੇ, ਉਪਰੰਤ 26 ਦਸੰਬਰ ਦੀ ਸਟੇਜ ਤੋਂ ਅਗਲੇ ਪ੍ਰੋਗਰਾਮ ਦਾ ਐਲਾਨ ਵੀ ਕੀਤਾ ਜਾਵੇਗਾ।
ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਸਮੁੱਚੇ ਖ਼ਾਲਸਾ ਪੰਥ ਨੂੰ 26 ਦਸੰਬਰ ਦੇ ਇਤਿਹਾਸਿਕ ਸ਼ਹੀਦੀ ਦਿਹਾੜੇ ਉਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਣ ਵਾਲੀ ਸ਼ਹੀਦੀ ਕਾਨਫਰੰਸ ਵਿਚ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਖ਼ਾਲਸਾ ਪੰਥ ਨੇ ਲੰਮੇਂ ਸਮੇਂ ਤੋਂ ਮੁਤੱਸਵੀ ਹਕੂਮਤਾਂ ਕਾਂਗਰਸ, ਬੀਜੇਪੀ, ਬਾਦਲ ਦਲ ਦੇ ਨਿਜਾਮ ਨੂੰ ਵੇਖ ਲਿਆ ਹੈ। ਕਿਸੇ ਵੀ ਜਮਾਤ ਅਤੇ ਹਕੂਮਤ ਨੇ ਸਿੱਖ ਕੌਮ ਨੂੰ ਨਾ ਤਾਂ ਬਣਦਾ ਇਨਸਾਫ਼ ਦਿੱਤਾ ਹੈ ਅਤੇ ਨਾ ਹੀ ਸਿੱਖ ਕੌਮ ਦੇ ਖੋਹੇ ਹੋਏ ਵਿਧਾਨਿਕ ਤੇ ਸਮਾਜਿਕ ਹੱਕਾਂ ਤੋ ਆਜ਼ਾਦ ਕੀਤਾ ਹੈ । ਅੱਜ ਵੀ ਇਹ ਹੁਕਮਰਾਨ ਅਤੇ ਜਮਾਤਾਂ ਸਾਜ਼ਸੀ ਢੰਗਾਂ ਰਾਹੀ ਸਿੱਖ ਕੌਮ ਦੀ ਮਨੁੱਖਤਾ ਪੱਖੀ ਆਵਾਜ਼ ਤੇ ਆਜ਼ਾਦੀ ਦੀ ਆਵਾਜ਼ ਨੂੰ ਜ਼ਬਰ-ਜੁਲਮ ਅਤੇ ਦਹਿਸਤ ਰਾਹੀ ਦਬਾਉਣ ਦੇ ਅਮਲ ਕਰਦੇ ਆ ਰਹੇ ਹਨ, ਜਿਸ ਦੀ ਪ੍ਰਤੱਖ ਮਿਸਾਲ ਖ਼ਾਲਸਾ ਪੰਥ ਵੱਲੋਂ ਆਪਣੀਆਂ ਰਵਾਇਤਾਂ ਅਨੁਸਾਰ ਕੀਤੇ ਜਾਣ ਵਾਲੇ ਸਰਬੱਤ ਖ਼ਾਲਸਾ ਨੂੰ ਸਿਆਸੀ, ਪੁਲਿਸ ਅਤੇ ਫ਼ੌਜੀ ਸ਼ਕਤੀ ਨਾਲ ਰੋਕਣ ਦੇ ਅਮਲ ਕਰਨ ਦੇ ਬਾਵਜੂਦ ਵੀ 50 ਹਜ਼ਾਰ ਦੇ ਲਗਭਗ ਸਿੱਖਾਂ ਵੱਲੋਂ 08 ਦਸੰਬਰ 2016 ਵਾਲੇ ਸਰਬੱਤ ਖ਼ਾਲਸਾ ਵਿਚ ਪਹੁੰਚ ਜਾਣ ਅਤੇ ਸਮੂਲੀਅਤ ਕਰਨ ਦੇ ਅਮਲਾਂ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਹਰ ਮੁਸ਼ਕਿਲ ਤੇ ਔਕੜ ਦਾ ਟਾਕਰਾ ਕਰਦੀ ਹੋਈ ਆਪਣੀ ਮੰਜ਼ਿਲ ਤੇ ਅਵੱਸ਼ ਪਹੁੰਚੇਗੀ । 08 ਦਸੰਬਰ 2016 ਨੂੰ ਹੋਏ ਸਰਬੱਤ ਖ਼ਾਲਸਾ ਨੇ ਜਿਵੇ ਖ਼ਾਲਿਸਤਾਨ ਦਾ ਦ੍ਰਿੜਤਾ ਨਾਲ ਮਤਾ ਪਾਸ ਕੀਤਾ ਹੈ ਅਤੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਦੇ ਲਿਖਤੀ ਹੁਕਮਾਂ ਰਾਹੀ ਪੰਥ ਨੂੰ ਵਾਰ-ਵਾਰ ਧੋਖਾ, ਫਰੇਬ ਕਰਨ ਵਾਲੇ ਅਤੇ ਸਿੱਖੀ ਅਸੂਲਾਂ, ਨਿਯਮਾਂ ਅਤੇ ਸੰਸਥਾਵਾਂ ਦਾ ਘਾਣ ਕਰਨ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਖ਼ਾਲਸਾ ਪੰਥ ਵਿਚੋ ਛੇਕਣ ਦੇ ਹੁਕਮ ਕੀਤੇ ਹਨ, ਉਹਨਾਂ ਨੂੰ ਅੱਗੇ ਵਧਾਉਣ ਲਈ ਅਤੇ ਪੰਥਕ ਪ੍ਰੋਗਰਾਮਾਂ ਨੂੰ ਲਾਗੂ ਕਰਨ ਹਿੱਤ ਅਤੇ ਹਿੰਦੂਤਵ ਪ੍ਰੋਗਰਾਮਾਂ ਦਾ ਬਾਦਲੀਲ ਢੰਗ ਨਾਲ ਕੌਮਾਂਤਰੀ ਪੱਧਰ ਤੇ ਵਿਰੋਧ ਕਰਨ ਅਤੇ ਆਉਣ ਵਾਲੀਆ 2017 ਦੀਆਂ ਅਸੈਬਲੀ ਚੋਣਾਂ ਵਿਚ ਸਰਕਾਰ-ਏ-ਖ਼ਾਲਸਾ ਕਾਇਮ ਕਰਨ ਲਈ ਪ੍ਰੋਗਰਾਮ ਉਲੀਕੇ ਜਾਣੇ ਹਨ । ਇਸ ਲਈ ਹਰ ਗੁਰੂ ਨਾਨਕ ਨਾਮ ਲੇਵਾ, ਮਾਈ-ਭਾਈ ਦਾ ਫਰਜ ਬਣ ਜਾਂਦਾ ਹੈ ਕਿ ਜਿਥੇ ਉਹ ਆਪਣੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੋਏ ਸਰਧਾ ਦੇ ਫੁੱਲ ਭੇਟ ਕਰਨ, ਉਥੇ ਉਹਨਾਂ ਦੀ ਸ਼ਹਾਦਤ ਤੋ ਸੇਧ ਲੈਦੇ ਹੋਏ ਆਪਣੀ ਗੁਲਾਮੀਅਤ ਦੇ ਜੂਲੇ ਨੂੰ ਤੋੜਨ ਅਤੇ ਆਜ਼ਾਦ ਫਿਜਾ ਵਿਚ ਅਣਖ਼ ਅਤੇ ਗੈਰਤ ਨਾਲ ਜਿਊਣ ਅਤੇ ਆਪਣੇ ਆਜ਼ਾਦ ਮੁਲਕ ਦੀ ਕਾਇਮੀ ਕਰਨ ਵੱਲ ਸਮੂਹਿਕ ਤੌਰ ਤੇ ਦ੍ਰਿੜਤਾ ਨਾਲ ਮੰਜ਼ਿਲ ਵੱਲ ਵੱਧਿਆ ਜਾਵੇ ਅਤੇ ਚੋਣਾਂ ਸਮੇਂ ਆਪਣੀਆ ਪੰਥਕ ਅਤੇ ਮਨੁੱਖਤਾ ਪੱਖੀ ਵੋਟਾਂ ਰਾਹੀ ਹਰ ਕੀਮਤ ਤੇ ਪੰਥਕ ਸਰਕਾਰ ਕਾਇਮ ਕੀਤੀ ਜਾਵੇ। ਤਾਂ ਕਿ ਅਸੀਂ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਹੋ ਰਹੇ ਜ਼ਬਰ-ਜੁਲਮਾਂ ਦਾ ਅੰਤ ਕਰ ਸਕੀਏ ।