ਨਿਊਯਾਰਕ : ਅਮਰੀਕਾ ਦੀ ਮੰਨੀ-ਪ੍ਰਮੰਨੀ ਫੋਰਬਸ ਮੀਡੀਆ ਦੇ ਐਡੀਟਰ-ਇਨ-ਚੀਫ਼ ਸਟੀਵ ਫੋਰਬਸ ਨੇ ਮੋਦੀ ਸਰਕਾਰ ਵੱਲੋਂ ਲਏ ਗਏ ਨੋਟਬੰਦੀ ਦੇ ਫੈਂਸਲੇ ਦੀ ਕੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਸਟੀਵ ਫੋਰਬਸ ਨੇ ਨੋਟਬੰਦੀ ਦੇ ਫੈਂਸਲੇ ਨੂੰ ਅਨੈਤਿਕ ਕਰਾਰ ਦਿੰਦੇ ਹੋਏ, ਇਸ ਨੂੰ ਜਨਤਾ ਦੇ ਪੈਸੇ ਤੇ ਡਾਕਾ ਦੱਸਦੇ ਹੋਏ ਇਸ ਦੀ ਤੁਲਣਾ 1970 ਵਿੱਚ ‘ਜਬਰਦਸਤੀ ਨਸਬੰਦੀ’ ਦੀ ਯੋਜਨਾ ਨਾਲ ਕੀਤੀ ਹੈ।
ਸਟੀਵ ਨੇ ਫੋਬਰਸ ਮੈਗਜ਼ੀਨ ਦੇ ਐਡੀਟੋਰੀਅਲ ਵਿੱਚ ਲਿਖਿਆ ਹੈ ਕਿ ਮੋਦੀ ਸਰਕਾਰ ਨੇ ਬਿਨਾਂ ਕਿਸੇ ਚਿਤਾਵਨੀ ਦੇ ਦੇਸ਼ ਦੀ 85% ਕਰੰਸੀ ਨੂੰ ਸਮਾਪਤ ਕਰ ਦਿੱਤਾ। ਜਨਤਾ ਨੂੰ ਕੈਸ਼ ਬਦਲਾਉਣ ਲਈ ਸਿਰਫ਼ ਕੁਝ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਸਰਕਾਰ ਨੇ ਉਚਿਤ ਮਾਤਰਾ ਵਿੱਚ ਨਵੇਂ ਨੋਟ ਨਹੀਂ ਛਾਪੇ। ਜੋ ਨਵੇਂ ਨੋਟ ਛਾਪੇ ਗਏ ਉਨ੍ਹਾਂ ਦੇ ਸਾਈਜ਼ ਵਿੱਚ ਅੰਤਰ ਹੋਣ ਕਰਕੇ ਏਟੀਐਮ ਨੂੰ ਵੀ ਪੈਸੇ ਦੇਣ ਸਮੇਂ ਦਿਕਤਾਂ ਦਾ ਸਾਹਮਣਾ ਕਰਨਾ ਪਿਆ।
ਫੋਬਰਸ ਨੇ ਲਿਖਿਆ ਹੈ ਕਿ ਇਸ ਫੈਂਸਲੇ ਨਾਲ ਬਹੁਤ ਸਾਰੇ ਬਿਜ਼ਨਸ ਬੰਦ ਹੋ ਗਏ ਹਨ। ਅਣਗਣਿਤ ਕੰਪਨੀਆਂ ਨੂੰ ਆਪਣੇ ਵਰਕਰਾਂ ਨੂੰ ਵੇਤਨ ਦੇਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਮੋਦੀ ਸਰਕਾਰ ਤੇ ਤਿੱਖੇ ਵਾਰ ਕਰਦੇ ਹੋਏ, ਇਸ ਨੂੰ ਜਨਤਾ ਦੇ ਪੈਸੇ ਤੇ ਡਾਕਾ ਦੱਸਿਆ ਹੈ। ਉਨ੍ਹਾਂ ਨੇ ਇਸ ਫੈਂਸਲੇ ਨਾਲ ਅੱਤਵਾਦੀ ਗਤੀਵਿਧੀਆਂ ਘੱਟ ਹੋਣ ਦੇ ਦਾਅਵੇ ਨੂੰ ਵੀ ਮੁਢੋਂ ਹੀ ਖਾਰਿਜ਼ ਕੀਤਾ ਹੈ। ਉਨ੍ਹਾਂ ਨੇ ਭਾਰਤੀ ਅਰਥ-ਵਿਵਸਥਾ ਦੇ ਕੈਸ਼ ਆਧਾਰਿਤ ਹੋਣ ਦੀ ਗੱਲ ਕਰਦੇ ਹੋਏ ਲਿਖਿਆ ਹੈ ਕਿ ਡਿਜੀਟਾਈਜੇਸ਼ਨ ਖੁਦ-ਬਖੁਦ ਸਮੇਂ ਅਤੇ ਫਰੀ ਮਾਰਕਿਟ ਇਕਾਨਮੀ ਦੀ ਮੰਗ ਨਾਲ ਹੋਵੇਗਾ।