ਸੁਪਨਿਆਂ ਦੀ ਧਰਤ ਬੰਜਰ ਅੱਜ ਸਮੇਂ ਦੀ ਅੱਖ ਵਿੱਚ।
ਦੂਰ ਤੱਕ ਖੰਡਰ ਹੀ ਖੰਡਰ ਅੱਜ ਸਮੇਂ ਦੀ ਅੱਖ ਵਿੱਚ।
ਉਪਜਦੇ ਨੇ ਜ਼ਖ਼ਮ, ਪੀੜਾਂ, ਦਰਦ, ਹਉਕੇ ਨਿੱਤ ਨਵੇਂ,
ਬੀਜ ਦਿੱਤੇ ਕਿਸ ਨੇ ਕੰਕਰ ਅੱਜ ਸਮੇਂ ਦੀ ਅੱਖ ਵਿੱਚ।
ਮੋਤੀਆਂ ਦੇ ਢੇਰ ਉੱਤੇ ਕਾਵਾਂ ਰੌਲੀ ਪੈ ਰਹੀ,
ਚੁਗ ਰਹੇ ਨੇ ਹੰਸ ਪੱਥਰ ਅੱਜ ਸਮੇਂ ਦੀ ਅੱਖ ਵਿੱਚ।
ਕਿਸ ਹਵਾ ਨੇ ਡਸ ਲਿਆ ਹੈ ਇਨ੍ਹਾਂ ਦਾ ਅਣਖੀ ਜਲੌਅ,
ਸ਼ਾਂਤ ਨੇ ਸਾਰੇ ਹੀ ਅੱਖਰ ਅੱਜ ਸਮੇਂ ਦੀ ਅੱਖ ਵਿੱਚ।
ਹੁਣ ਤਾਂ ਚਿਹਰੇ ਨਿਕਲਦੇ ਨੇ ਪਹਿਨ ਕੇ ਹਰ ਪਲ ਨਕਾਬ,
ਗ਼ੈਰ ਵੀ ਲਗਦੇ ਨੇ ਮਿੱਤਰ ਅੱਜ ਸਮੇਂ ਦੀ ਅੱਖ ਵਿੱਚ।
ਉਹ ਮਨਾਉਂਦੇ ਨੇ ਜਸ਼ਨ, ਕਹਿੰਦੇ ਨਵਾਂ ਇਹ ਦੌਰ ਹੈ,
ਵਿਛ ਰਹੇ ਨੇ ਥਾਂ-ਥਾਂ ਸੱਥਰ ਅੱਜ ਸਮੇਂ ਦੀ ਅੱਖ ਵਿੱਚ।
ਆਓ ਰਲ ਮਿਲ ਡੀਕ ਜਾਈਏ ਇਹਦਾ ਕਤਰਾ-ਕਤਰਾ ‘ਮਾਨ’,
ਦਰਦ ਦਾ ਵਗਦਾ ਸਮੁੰਦਰ ਅੱਜ ਸਮੇਂ ਦੀ ਅੱਖ ਵਿੱਚ।
Tarannam wich, acchi hai.