ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਸਜਾਇਆ ਗਿਆ। ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੀ ਚਮਕੌਰ ਦੀ ਗੜ੍ਹੀ ਵਿਖੇ ਜੰਗ ਦੇ ਮੈਦਾਨ ’ਚ ਹੋਈ ਸ਼ਹਾਦਤ ’ਤੇ ਗੁਰਦੁਆਰਾ ਦਮਦਮਾ ਸਾਹਿਬ ਅਤੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁੱਜਰ ਕੌਰ ਦੀ ਯਾਦ ਵਿਚ ਗੁਰਦੁਆਰਾ ਮਾਤਾ ਸੁੰਦਰੀ ਸਾਹਿਬ ਵਿਖੇ ਸਜਾਏ ਗਏ ਦੀਵਾਨਾਂ ’ਚ ਕੀਰਤਨੀ ਜਥਿਆਂ, ਕਥਾਵਾਚਕਾ ਅਤੇ ਕਵੀ ਸੱਜਣਾ ਨੇ ਬੀਰ ਰਸ ’ਚ ਭਰਪੂਰ ਵੈਰਾਗਮਈ ਬਾਣੀ ਦਾ ਗਾਇਨ ਕੀਤਾ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਸੰਗਤਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਿਤ ਕਰਦੇ ਹੋਏ ‘‘ਚਰਨ ਚਲੋ ਮਾਰਗ ਗੋਬਿੰਦ’’ ਦੀ ਵਿਆਖਿਆ ਕਰਨ ਦੌਰਾਨ ਦਿੱਲੀ ਵਿਖੇ ਛੇਤੀ ਹੀ ਮਹਾਨ ਜਰਨੈਲ ਹਰੀ ਸਿੰਘ ਨਲੂਆ ਅਤੇ ਅਕਾਲੀ ਬਾਬਾ ਫੂਲਾ ਸਿੰਘ ਦਾ ਬੁੱਤ ਲਗਾਉਣ ਦਾ ਵੀ ਐਲਾਨ ਕੀਤਾ। ਸਿੰਕਦਰਾ ਰੋਡ ਵਿਖੇ ਮੰਡੀ ਹਾਊਸ ਮੈਟਰੋ ਸਟੇਸ਼ਨ ’ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਦਿੱਲੀ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਲਗਾਏ ਜਾਣ ਦੀ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਬੱਚਿਆਂ ਨੂੰ ਸ਼ਹੀਦੀ ਜੋੜ ਮੇਲ ’ਚ ਲੈ ਕੇ ਆਉਣ ਦਾ ਵੀ ਸੱਦਾ ਦਿੱਤਾ।
ਜੀ.ਕੇ. ਨੇ ਕਿਹਾ ਕਿ ‘ਚਰਨ ਚਲੋ ਮਾਰਗ ਗੋਬਿੰਦ’ ਸਿਖਿਆ ਦੀ ਸ਼ੁਰੂਆਤ ਅਸਲ ’ਚ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ ਜੋ ਕਿ ਸਾਨੂੰ ਇਨਸਾਨੀਅਤ ਅਤੇ ਮਨੁੱਖਤਾ ਦੀ ਸੇਵਾ ਲਈ ਆਪਣਾ ਸਭ ਕੁਝ ਵਾਰਣ ਦਾ ਹੌਕਾ ਦਿੰਦੀ ਸੀ। ਜਿਸਤੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਹਿਬਜਾਦਿਆਂ ਨੇ ਬੇਬਾਕੀ ਨਾਲ ਪਹਿਰਾ ਦਿੱਤਾ। ਕਮੇਟੀ ਵੱਲੋਂ ਇਸੇ ਵਿਸ਼ੈ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਪੁਰਬ ਮੌਕੇ 20-30 ਦਸੰਬਰ ਤਕ ਸਜਾਏ ਜਾ ਰਹੇ ਨਗਰ ਕੀਰਤਨਾਂ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਸੰਗਤਾਂ ਨੂੰ ਛੋਟੋ ਸਾਹਿਬਜਾਦਿਆਂ ਦੀ ਸ਼ਹਾਦਤ ਦੇ ਸਫ਼ਰ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।
ਚਮਕੌਰ ਦੀ ਕੱਚੀ ਗੜ੍ਹੀ, ਭਾਈ ਮੋਤੀ ਰਾਮ ਮਹਿਰਾ, ਦੀਵਾਨ ਟੋਡਰਮੱਲ ਅਤੇ ਮਲੇਰਕੋਟਲਾ ਦੇ ਨਵਾਬ ਦੇ ਅਹਿਸਾਨਾ ਨੂੰ ਹਮੇਸ਼ਾ ਚੇਤੇ ਰੱਖਣ ਦੀ ਸੰਗਤਾਂ ਨੂੰ ਅਪੀਲ ਕਰਦੇ ਹੋਏ ਜੀ.ਕੇ. ਨੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਕਮੇਟੀ ਵੱਲੋਂ ਬੀਤੇ ਵਰ੍ਹੇ ਤੋਂ ਗੁਰਪੁਰਬਾਂ ਮੌਕੇ ਖਾਲਸਾ ਸਕੂਲਾਂ ਵਿਚ ਛੁੱਟੀ ਕੀਤੇ ਜਾਣ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ. ਨੇ ਗੁਰਦੁਆਰਾ ਮਾਤਾ ਸੁੰਦਰੀ ਜੀ ਦੇ ਸਥਾਨ ਦੇ ਨਾਲ ਦੀ ਥਾਂ ਸਰਕਾਰ ਪਾਸੋਂ ਪ੍ਰਾਪਤ ਕਰਨ ਲਈ ਸਾਬਕਾ ਕਮੇਟੀ ਆਗੂ ਜਥੇਦਾਰ ਸੰਤੋਖ ਸਿੰਘ, ਹਰਬੰਸ ਸਿੰਘ ਫਰੰਟੀਅਰ ਅਤੇ ਹੋਰ ਆਗੂਆਂ ਵੱਲੋਂ ਕੀਤੇ ਗਏ ਸੰਘਰਸ਼ ਦਾ ਜਿਕਰ ਕੀਤਾ।
ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਬੜੇ ਜੋਸ਼ ਭਰੇ ਲਹਿਜੇ ਨਾਲ ਸੰਗਤਾਂ ਨੂੰ ਹਵਾਲਾ ਦਿੱਤਾ। ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਸਿੱਖੀ ਬਾਣੇ ਨਾਲ ਜੋੜਨ ਦੀ ਸੰਗਤਾਂ ਨੂੰ ਤਾਕੀਦ ਕੀਤੀ। 20-27 ਦਸੰਬਰ ਤਕ ਦੇ ਸ਼ਹੀਦੀ ਹਫਤੇ ਦੌਰਾਨ ਸਿੱਖਾਂ ਨੂੰ ਘਰਾਂ ਵਿਚ ਖ਼ੁਸ਼ੀ ਦੇ ਸਮਾਗਮ ਨਾ ਕਰਨ ਦੀ ਅਪੀਲ ਕਰਦੇ ਹੋਏ ਰਾਣਾ ਨੇ ਸ਼ਹਾਦਤਾਂ ਨੂੰ ਗੁਰਬਾਣੀ ਸਿਮਰਣ ਦੇ ਮਾਧਿਅਮ ਨਾਲ ਯਾਦ ਰੱਖਣ ਦੀ ਤਜਵੀਜ਼ ਦਿੱਤੀ।
ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ, ਮੈਂਬਰ ਗੁਰਵਿੰਦਰ ਪਾਲ ਸਿੰਘ, ਹਰਦੇਵ ਸਿੰਘ ਧਨੋਆ, ਪਰਮਜੀਤ ਸਿੰਘ ਚੰਢੋਕ, ਕੈਪਟਨ ਇੰਦਰਪ੍ਰੀਤ ਸਿੰਘ ਸਣੇ ਸੈਂਕੜੇ ਸੰਗਤਾਂ ਨੇ ਇਸ ਮੌਕੇ ਹਾਜ਼ਰੀ ਭਰੀ। ਇਸ ਮੌਕੇ ਹੋਏ ਅੰਮ੍ਰਿਤ ਸੰਚਾਰ ’ਚ ਅਨੇਕਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।